ਟੋਰਾਂਟੋ/ਬਿਊਰੋ ਨਿਊਜ਼ : ਟੋਰਾਂਟੋ ਪੁਲਿਸ ਸਰਵਿਸ ਅਗਲੇ ਸਾਲ ਆਪਣੇ ਆਪਰੇਟਿੰਗ ਬਜਟ ਵਿੱਚ 100 ਮਿਲੀਅਨ ਡਾਲਰ ਦਾ ਵਾਧਾ ਚਾਹੁੰਦੀ ਹੈ। ਅਜਿਹਾ ਨਵੇਂ ਮੁਲਾਜ਼ਮਾਂ ਨੂੰ ਤਨਖਾਹਾਂ ਦੇਣ ਤੇ ਸਾਂਝੇ ਤੌਰ ਉੱਤੇ ਤਨਖਾਹਾਂ ਵਿੱਚ ਵਾਧਾ ਕੀਤੇ ਜਾਣ ਲਈ ਕੀਤਾ ਜਾ ਰਿਹਾ ਹੈ।
8 ਦਸੰਬਰ ਨੂੰ ਬੋਰਡ ਦੀ ਬਜਟ ਕਮੇਟੀ ਸਾਹਮਣੇ ਪੇਸ਼ ਕੀਤੇ ਜਾਣ ਵਾਲੇ ਦਸਤਾਵੇਜ਼ ਵਿੱਚ ਪੁਲਿਸ ਸਰਵਿਸ 2025 ਦੇ ਬਜਟ ਨਾਲੋਂ 7 ਫੀਸਦੀ ਦੇ ਵਾਧੇ ਦੀ ਮੰਗ ਕਰੇਗੀ। ਪੁਲਿਸ ਸਰਵਿਸ ਦੀ ਇਸ ਬੇਨਤੀ ਨਾਲ ਉਨ੍ਹਾਂ ਦਾ ਕੁੱਲ ਆਪਰੇਟਿੰਗ ਬਜਟ 1.4 ਬਿਲੀਅਨ ਡਾਲਰ ਤੋਂ ਥੋੜ੍ਹਾ ਵਧ ਜਾਵੇਗਾ।
ਪੁਲਿਸ ਸਰਵਿਸ ਦੇ ਆਪਰੇਟਿੰਗ ਬਜਟ ਵਿੱਚੋਂ 90 ਫੀਸਦੀ ਤਨਖਾਹਾਂ ਵਿੱਚ ਜਾਂਦਾ ਹੈ। ਇਸ ਤੋਂ ਇਲਾਵਾ ਟੋਰਾਂਟੋ ਪੁਲਿਸ ਸਰਵਿਸ 2026 ਵਿੱਚ 143 ਨਵੇਂ ਅਧਿਕਾਰੀਆਂ ਨੂੰ ਫੋਰਸ ਵਿੱਚ ਸ਼ਾਮਲ ਕਰਨਾ ਚਾਹੁੰਦੀ ਹੈ। 2026 ਵਿੱਚ ਇਨ੍ਹਾਂ ਨਵੇਂ ਰੱਖੇ ਜਾਣ ਵਾਲੇ ਪੁਲਿਸ ਅਧਿਕਾਰੀਆਂ ਦੀਆਂ ਤਨਖਾਹਾਂ ਉੱਤੇ 20.5 ਮਿਲੀਅਨ ਡਾਲਰ ਦਾ ਖਰਚਾ ਆਵੇਗਾ।

