ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਇਤਿਹਾਸਿਕ ਗਵਾਹੀ ਅਤੇ ਅਣ-ਪਛਾਤੀਆਂ ਲਾਸ਼ਾਂ ਦਾ ਪ੍ਰਮਾਣਿਕ ਦਸਤਾਵੇਜ਼ : ‘Reduced to Ashes’
ਡਾ. ਗੁਰਵਿੰਦਰ ਸਿੰਘ
ਫਿਲਮ ‘ਸਤਲੁਜ’ ਸਾਡੇ ਸਮਿਆਂ ਦੀ ਕਹਾਣੀ ਹੈ, ਐਪਰ ਜਿੱਥੋਂ ‘ਸਤਲੁਜ’ ਮੁੱਕਦੀ ਹੈ, ਉੱਥੋਂ ‘Reduced to Ashes’ (ਜੋ ਰਾਖ਼ ਹੋ ਗਏ…) ਸ਼ੁਰੂ ਹੁੰਦੀ ਹੈ। ਇਹ ਉਨ੍ਹਾਂ ਅਣ-ਪਛਾਤੀਆਂ ਲਾਸ਼ਾਂ ਦੇ ਵਿਸਤਾਰ ਨਾਲ ਵੇਰਵੇ ਦਿੰਦੀ ਹੈ, ਜਿਨ੍ਹਾਂ ਨੂੰ ਭਾਲਦਿਆਂ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਖ਼ੁਦ ”ਅਣਪਛਾਤੀ ਲਾਸ਼” ਬਣਾ ਦਿੱਤੇ ਗਏ। ਮਨੁੱਖੀ ਅਧਿਕਾਰਾਂ ਲਈ ਆਪਣੀ ਜਾਨ ਵਾਰ ਦੇਣ ਵਾਲੇ ਸ਼ਹੀਦ ਖਾਲੜਾ ਨੇ ਜੋ ਘਾਲਣਾ ਘਾਲੀ, ਉਸ ਦਾ ਵਿਸਤਾਰ ਸਹਿਤ ਜ਼ਿਕਰ ਉਨ੍ਹਾਂ ਦੇ ਸਾਥੀਆਂ ਵੱਲੋਂ ਤਿਆਰ ਕੀਤੇ ਗਏ ਮਨੁੱਖੀ ਅਧਿਕਾਰਾਂ ਦੇ ਪ੍ਰਮਾਣਿਕ ਦਸਤਾਵੇਜ਼ ‘ਜੋ ਰਾਖ ਹੋ ਗਏ…’ ਵਿੱਚ ਬਾਖੂਬੀ ਕੀਤਾ ਗਿਆ ਹੈ। ਸ਼ਹੀਦ ਖਾਲੜਾ ਦੀ ਸੱਚ ਦੀ ਗਵਾਹੀ ਸਮੇਤ, ਜਬਰ-ਜ਼ੁਲਮ ਖਿਲਾਫ ਸੰਘਰਸ਼ ਨੂੰ ਜਿਉਂਦਾ ਰੱਖਣ ਦਾ ਇਤਿਹਾਸਿਕ ਜ਼ਰੀਆ ਬਣੀ ਕਿਤਾਬ ‘ਜੋ ਰਾਖ ਹੋ ਗਏ… ਪੰਜਾਬ ਵਿੱਚ ਬਗ਼ਾਵਤ ਅਤੇ ਮਨੁੱਖੀ ਅਧਿਕਾਰ’ ਦੀ ਮੂੰਹ ਬੋਲਦੀ ਦਾਸਤਾਨ ਹੈ। ਅਤਿਅੰਤ ਪ੍ਰਸੰਨਤਾ ਵਾਲੀ ਗੱਲ ਹੈ ਕਿ ਲੰਮੇ ਯਤਨਾਂ ਤੋਂ ਬਾਅਦ, ਵੱਡ-ਆਕਾਰੀ ਕਿਤਾਬ ਨਵੇਕਲੇ ਰੂਪ ਵਿੱਚ ਕੈਨੇਡਾ ਦੀ ਧਰਤੀ ‘ਤੇ ਪਹੁੰਚ ਗਈ ਹੈ। ਅੰਗਰੇਜ਼ੀ ਅਤੇ ਪੰਜਾਬੀ ਵਿੱਚ ਪ੍ਰਭਾਵਸ਼ਾਲੀ ਕਿਤਾਬਾਂ ਦਾ ਪਹਿਲਾ ਸੈੱਟ, ਮਨੁੱਖੀ ਹੱਕਾਂ ਨੂੰ ਸਮਰਪਿਤ ਅਣਥੱਕ ਸੇਵਾਦਾਰ ਸੁਨੀਲ ਕੁਮਾਰ ਸ਼ਰਮਾ ਨੂੰ ਸੌਂਪਣ ਦਾ ਸੁਭਾਗ ਮਿਲਿਆ ਹੈ। ਵੀਰ ਸੁਨੀਲ ਸ਼ਰਮਾ ਦੇ ਤੰਦਰੁਸਤ ਹੋਣ ‘ਤੇ ਆਉਂਦੇ ਦਿਨਾਂ ਵਿੱਚ, ਛੇਤੀ ਹੀ ਇਹ ਕਿਤਾਬ ਲੋਕ ਅਰਪਣ ਕੀਤੀ ਜਾਵੇਗੀ। ਉਹ ਇਸ ਵੇਲੇ ਜੇਰੇ-ਇਲਾਜ ਹਨ, ਪਰ ਪੂਰੀ ਤਰ੍ਹਾਂ ਚੜ੍ਹਦੀ ਕਲਾ ਵਿੱਚ ਹਨ।
ਮੂਲ ਰੂਪ ਵਿੱਚ ਅੰਗਰੇਜ਼ੀ ਦੀ ਕਿਤਾਬ ‘Reduced to Ashes’ ਦਾ ਗੁਰਮੁਖੀ ਲਿੱਪੀ ‘ਤੇ ਪੰਜਾਬੀ ਜ਼ਬਾਨ ਵਿਚ ਅਨੁਵਾਦ ‘ਜੋ ਰਾਖ ਹੋ ਗਏ… ਪੰਜਾਬ ਵਿੱਚ ਬਗ਼ਾਵਤ ਅਤੇ ਮਨੁੱਖੀ ਅਧਿਕਾਰ’ ਜਿੱਥੇ ਡੂੰਘੇ ਭਾਵ-ਅਰਥ ਰੱਖਦਾ ਹੈ, ਉਥੇ ਕਿਤਾਬ ਪਾਠਕਾਂ ਨੂੰ ਜ਼ਜਬੇ ਅਤੇ ਚੇਤਨਾ ਦੇ ਪੱਧਰ ‘ਤੇ ਵੀ ਕੀਲ ਕੇ ਰੱਖਦੀ ਹੈ। ਇਹ ਕਿਤਾਬ, ਸਰਬੱਤ ਦੇ ਭਲੇ ਦਾ ਹੋਕਾ ਦੇਣ ਵਾਲੀ ਗੁਰੂਆਂ ਦੀ ਧਰਤੀ ‘ਤੇ, 20ਵੀਂ ਸਦੀ ਦੇ ਆਖਰੀ ਦੋ ਦਹਾਕਿਆਂ ‘ਚ, ਇੰਡੀਅਨ ਸਟੇਟ ਦੇ ਕਹਿਰ ਨੂੰ ਪ੍ਰਮਾਣਾਂ ਰਾਹੀਂ ਬਿਆਨ ਕਰਨ ਦਾ ਦਲੇਰਾਨਾ ਅਤੇ ਅਣਖੀਲਾ ਕਦਮ ਹੈ। ‘ਦੁਨੀਆਂ ਦੇ ਸਭ ਤੋਂ ਵੱਡੇ ਲੋਕਰਾਜ’ ਅਖਵਾਉਣ ਵਾਲੇ ਦੇਸ ਵਿਚ, ਹਜ਼ਾਰਾਂ ਹੀ ਸਿੱਖ ਨੌਜਵਾਨਾਂ ਨੂੰ ਅੱਤਵਾਦੀ ਗਰਦਾਨ ਕੇ, ਝੂਠੇ ਪੁਲਿਸ ਮੁਕਾਬਲਿਆਂ ‘ਚ ਮਾਰ ਮੁਕਾਉਣਾ ਤੇ ਉਹਨਾਂ ਦੀਆਂ ਲਾਸ਼ਾਂ ਨੂੰ ਲਵਾਰਿਸ ਕਰਾਰ ਦੇ ਕੇ ਸਾੜ ਦੇਣਾ, ਸ਼ੈਤਾਨੀਅਤ ਦਾ ਨੰਗਾ ਨਾਚ ਸੀ। ਨਵੰਬਰ 1984 ਵਿਚ ਸਿੱਖ ਨਸਲਕੁਸ਼ੀ ਦੌਰਾਨ ਭਾਰਤ ਦੇ ਕੋਨੇ-ਕੋਨੇ ‘ਚ ਸਿੱਖਾਂ ਨੂੰ ਚੁਣ-ਚੁਣ ਕੇ ਮਾਰਨਾ, ਸਮੂਹਕ ਬਲਾਤਕਾਰ ਕਰਨੇ ਤੇ ਘਰ-ਬਾਰ ਫੂਕ ਦੇਣੇ ‘ਨਾ ਭੁਲੱਣਯੋਗ ਤੇ ਨਾ ਮੁਆਫ਼ ਕਰਨਯੋਗ’ ਅਪਰਾਧ ਹਨ। ਇਸ ਕਿਤਾਬ ਰਾਹੀਂ ਲੇਖਕਾਂ ਨੇ ਅਜਿਹੇ ਅਨੇਕਾਂ ਘਟਨਾ-ਕ੍ਰਮਾਂ ਨੂੰ ਪੀੜਤਾਂ ਦੇ ਬਿਆਨਾਂ, ਅਦਾਲਤੀ, ਕਾਰਵਾਈਆਂ ਅਤੇ ਸਰਕਾਰੀ ਅਤਿਆਚਾਰਾਂ ਦੇ ਸਬੂਤਾਂ ਨਾਲ ਪੇਸ਼ ਕੀਤਾ ਹੈ।
ਸਰਕਾਰੀ ਦਹਿਸ਼ਤਗਰਦੀ ਦੇ ਪੀੜਤ ਵਰਗ ਦੇ ਅਣਸੁਣੇ ਦਰਦ ਨੂੰ ਸ਼ਬਦਾਂ ਦਾ ਜਾਮਾ ਪਹਿਨਾਉਣ ਵਾਲੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਸਾਥੀ, ਕਿਤਾਬ ਦੇ ਲਿਖਾਰੀ ਰਾਮ ਨਰਾਇਣ ਕੁਮਾਰ, ਅਮਰੀਕ ਸਿੰਘ ਮੁਕਤਸਰ, ਅਸ਼ੋਕ ਅਗਰਵਾਲ ਅਤੇ ਜਸਕਰਨ ਕੌਰ ਹਨ। ਕਿਤਾਬ ਦਾ ਗੁਰਮੁਖੀ ‘ਚ ਲਿਪੀ-ਅੰਤਰ ਡਾ. ਪਰਮਿੰਦਰ ਸਿੰਘ ਸ਼ੌਕੀ ਨੇ ਕਰੜੀ ਮਿਹਨਤ ਨਾਲ ਕੀਤਾ ਹੈ, ਜੋ ਰੀਥਿੰਕ ਬੁਕਸ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ।
ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਸੁਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਦੇ ਭਾਵਪੂਰਤ ਸ਼ਬਦ ਕਿਤਾਬ ਵਿੱਚ ਦਰਜ ਹਨ, ”ਜੋ ਰਾਖ ਹੋ ਗਏ.. ਪੰਜਾਬ ਵਿੱਚ ਬਗਾਵਤ ਅਤੇ ਮਨੁੱਖੀ ਅਧਿਕਾਰ” ਪੰਜਾਬ ਅੰਦਰਲੇ ਅਸੀਂਵਿਆਂ ਅਤੇ 90ਵਿਆਂ ਦੇ ਦਹਾਕੇ ਦੌਰਾਨ ਹੋਏ ਪੁਲਿਸ ਦੇ ਅਣਮਨੁੱਖੀ ਜ਼ੁਲਮ ਅਤੇ ਮਨੁੱਖੀ ਹੱਕਾਂ ਦੀ ਘੋਰ ਉਲੰਘਣਾ ਨੂੰ ਉਜਾਗਰ ਕਰਦਾ ਇੱਕ ਮਹੱਤਵਪੂਰਨ ਦਸਤਾਵੇਜ਼ ਹੈ। ਇਹ ਕਿਤਾਬ ਇਸ ਤੱਥ ਨੂੰ ਪ੍ਰਮਾਣਿਤ ਕਰਦੀ ਹੈ ਕਿ ਜਦੋਂ ਤੱਕ ਇਨਸਾਨੀਅਤ ਦੀ ਆਵਾਜ਼ ਬਚੀ ਰਹੇਗੀ, ਸਰਦਾਰ ਜਸਵੰਤ ਸਿੰਘ ਖਾਲੜਾ ਵਰਗੇ ਲੋਕਾਂ ਦੀ ਕੁਰਬਾਨੀ ਅਜਾਈਂ ਨਹੀਂ ਜਾਏਗੀ। ਇਹ ਪੁਸਤਕ ਸਿਰਫ਼ ਉਹਨਾਂ ਦੀ ਯਾਦ ਨੂੰ ਹੀ ਨਹੀਂ, ਸਗੋਂ ਉਸ ਸੰਘਰਸ਼ ਨੂੰ ਜਿਉਂਦਾ ਰੱਖਣ ਦੀ ਵੀ ਇਕ ਕੋਸ਼ਿਸ਼ ਹੈ, ਜੋ ਅਣਸੁਣੀਆਂ ਆਵਾਜ਼ਾਂ ਨੂੰ ਤਥਾਂ ਸਹਿਤ ਦੁਨੀਆ ਤੱਕ ਪਹੁੰਚਾਉਂਦੀ ਹੈ।
ਇੰਡੀਅਨ ਸਟੇਟ ਦੇ ਜਬਰ-ਜ਼ੁਲਮ ਦੀ ਪੁਸ਼ਤਪਨਾਹੀ ਕਰਨ ਵਾਲੇ ਰਾਜਸੀ ਸੰਦਾਂ ਲਈ ਬੇਸ਼ੱਕ ਇਹ ਕਿਤਾਬ, ‘ਜਾਬਰਾਂ ਦਾ ਮਨੋਬਲ ਤੋੜਨ ਵਾਲੀ’ ਸਿੱਧ ਹੋਵੇਗੀ, ਪਰ ਮਨੁੱਖੀ ਅਧਿਕਾਰਾਂ ਲਈ ਤੱਤਪਰ ਸੰਸਾਰ ਦੇ ਲੋਕਾਂ ਦੇ ਹੌਂਸਲੇ ਬੁਲੰਦ ਕਰਨ ਤੇ ਸਥਾਪਤੀ ਖਿਲਾਫ਼ ਜੂਝਣ ਲਈ ਭਰਪੂਰ ਪ੍ਰੇਰਨਾ ਬਣੇਗੀ। ਇਹ ਰਿਪੋਰਟ ਸਿੱਖਾਂ ਦੇ ਸਰਕਾਰੀ ਕਤਲੇਆਮ ਦਾ ਅਣਕਿਹਾ ਸੱਚ ਦੁਨੀਆਂ ਦੇ ਮੰਚ ‘ਤੇ ਪ੍ਰਮਾਣਾਂ ਸਹਿਤ ਉਜਾਗਰ ਕਰੇਗੀ। ਉਹ ਦਿਨ ਜਲਦੀ ਆਵੇਗਾ, ਜਦੋਂ ਯੂ.ਐੱਨ.ਓ. ‘ਚ ਹਜ਼ਾਰਾਂ ਸਿੱਖ ਨੌਜਵਾਨਾਂ ਦੀਆਂ ਲਾਵਾਰਿਸ ਲਾਸ਼ਾਂ ਦੀ ਵਾਰਿਸ ਬਣ ਕੇ ਇਹ ਦਸਤਾਵੇਜ਼ ਸੱਚ ਦੀ ਜ਼ਬਾਨ ਬਣੇਗਾ। ਇਹ ਕਿਤਾਬ ਨਾ ਕੇਵਲ ਸਾਡੇ ਸਮਿਆਂ ਦਾ ਇਤਿਹਾਸ ਹੈ, ਬਲਕਿ ਅਜਿਹੀ ਚੇਤਨਾ ਵੀ ਹੈ, ਜੋ ਇਨਸਾਫ਼ ਅਤੇ ਸੱਚਾਈ ਦੀ ਅਹਿਮੀਅਤ ਨੂੰ ਹਮੇਸ਼ਾ ਕਾਇਮ ਰੱਖੇਗੀ। ਲੇਖਕਾਂ ਦਾ ਇਹ ਕਥਨ ਸੱਚ ਹੈ ਕਿ ਇਹ ਕਿਤਾਬ ਨਾ ਸਿਰਫ ਖਾਲੜਾ ਸਾਹਿਬ ਦੀ ਜੀਵਨੀ ਤੋਂ ਤੁਰ ਕੇ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਸਮੂਹਾਂ ਤੇ ਉਨ੍ਹਾਂ ਦੀਆਂ ਲੜਾਈਆਂ ਤੱਕ ਚੱਲਦੀ ਹੈ, ਬਲਕਿ ਪੰਜਾਬ ਦੇ ਖੂਨੀ ਇਤਿਹਾਸ ਨੂੰ ਵੀ ਬੜੀ ਬਾਰੀਕੀ ਨਾਲ ਆਪਣੇ ਕਲਾਵੇ ਵਿੱਚ ਲੈਂਦੀ ਹੈ। ਇਹ ਕਿਤਾਬ ਇੱਕ ਮਹੱਤਵਪੂਰਨ ਦਸਤਾਵੇਜ਼ੀ ਕਿਤਾਬ ਹੈ, ਜੋ 1984 ਦੀ ਸਿੱਖ ਨਸਲਕੁਸ਼ੀ ਅਤੇ ਉਸ ਤੋਂ ਬਾਅਦ ਭਾਰਤ ਦੇ ਰਾਜਨੀਤਿਕ-ਨਿਆਂ ਪ੍ਰਣਾਲੀ ਦੀ ਨਾਕਾਮੀ ਨੂੰ ਤਿੱਖੇ ਤੌਰ ‘ਤੇ ਉਜਾਗਰ ਕਰਦੀ ਹੈ।
‘Reduced to Ashes’ (ਜੋ ਰਾਖ਼ ਹੋ ਗਏ) ਵਿੱਚ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਗਵਾਹੀ ਨੂੰ ਇਕ ਮਹੱਤਵਪੂਰਨ ਸਥਾਨ ਦਿੱਤਾ ਗਿਆ ਹੈ, ਜਿੱਥੇ ਖਾਲੜਾ ਸਾਬ ਦੇ ਜੀਵਨ ਪ੍ਰਸੰਗ ਰਾਹੀਂ ਉਨ੍ਹਾਂ ਦੇ ਨਿੱਜੀ ਤਜ਼ਰਬਿਆਂ ਅਤੇ ਨਜ਼ਰੀਏ ਰਾਹੀਂ ਉਸ ਸਮੇਂ ਦੀਆਂ ਹਕੀਕਤਾਂ ਨੂੰ ਬਿਆਨ ਕੀਤਾ ਗਿਆ ਹੈ। ਕਿਤਾਬ ਸਬੰਧੀ ਵਿਸ਼ਲੇਸ਼ਣ ਕਰਦਿਆਂ ਡਾ. ਪਰਮਿੰਦਰ ਸਿੰਘ ਸ਼ੌਂਕੀ ਨੇ ਭਾਵਪੂਰਨ ਸ਼ਬਦਾਂ ਵਿੱਚ ਲਿਖਿਆ ਹੈ ਕਿ ਇਕ ਸਰੋਤ ਵਜੋਂ, ਉਹ ਪੰਜਾਬ ਵਿਚ ਸੂਚਨਾ ਅਤੇ ਸੁਰੱਖਿਆ ਬਲਾਂ ਦੁਆਰਾ ਕੀਤੀਆਂ ਗਈਆਂ ਗ਼ੈਰ-ਕਾਨੂੰਨੀ ਹੱਤਿਆਵਾਂ ਅਤੇ ਗੁਪਤ ਹਿਰਾਸਤਾਂ ਦੀ ਪੁਸ਼ਟੀ ਕਰਦੇ ਹਨ, ਜਿਸ ਨਾਲ ਨਿਰਦੋਸ਼ ਨਾਗਰਿਕਾਂ ਦੀ ਜ਼ਿੰਦਗੀ ਖ਼ਤਰੇ ਵਿਚ ਪੈ ਗਈ ਸੀ। ਸ਼ਹੀਦ ਭਾਈ ਖਾਲੜਾ ਦਾ ਬਿਆਨ ਕਿਤਾਬ ਦੇ ਮੁੱਖ ਦਾਅਵਿਆਂ ਨੂੰ ਮਜ਼ਬੂਤੀ ਪ੍ਰਦਾਨ ਕਰਦਾ ਹੈ ਕਿ ਸਿਰਫ਼ ਖਾੜਕੂਆਂ ਨੂੰ ਹੀ ਨਹੀਂ, ਬਲਕਿ ਬੇਗੁਨਾਹਾਂ ਨੂੰ ਵੀ ‘ਅੱਤਵਾਦੀ’ ਦੇ ਤੌਰ ‘ਤੇ ਗ਼ਲਤ ਢੰਗ ਨਾਲ ਨਿਸ਼ਾਨਾ ਬਣਾਇਆ ਗਿਆ। ਉਹ ਆਪਣੇ ਅਨੁਭਵਾਂ ਦੇ ਜ਼ਰੀਏ ਸੂਚਨਾ ਏਜੰਸੀਆਂ ਦੁਆਰਾ ਅਪਣਾਈਆਂ ਗਈਆਂ ਨੀਤੀਆਂ ‘ਤੇ ਸਵਾਲ ਉਠਾਉਂਦੇ ਹਨ ਅਤੇ ਇਹ ਦਰਸਾਉਂਦੇ ਹਨ ਕਿ ਇਹ ਨੀਤੀਆਂ ਕਿਸ ਤਰ੍ਹਾਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਦੀਆਂ ਹਨ। ਸ. ਜਸਵੰਤ ਸਿੰਘ ਖਾਲੜਾ ਦੀ ਗਵਾਹੀ ਕਿਤਾਬ ਨੂੰ ਇਕ ਪ੍ਰਮਾਣਿਕ ਆਧਾਰ ਪ੍ਰਦਾਨ ਕਰਦੀ ਹੈ, ਜੋ ਨਾ ਸਿਰਫ਼ ਸਰਕਾਰੀ ਜਾਂ ਤੀਜੇ ਪੱਖ ਦੇ ਦਸਤਾਵੇਜ਼ਾਂ, ਸਗੋਂ ਅਸਲ ਸਥਿਤੀ ਨੂੰ ਬਿਆਨ ਕਰਨ ਵਾਲੇ ਲੋਕਾਂ ਦੀ ਗਵਾਹੀ ਨੂੰ ਵੀ ਮਹੱਤਵ ਦਿੰਦੀ ਹੈ। ਸ਼ਹੀਦ ਭਾਈ ਖਾਲੜਾ ਦੀ ਗਵਾਹੀ ਪਾਠਕਾਂ ਨੂੰ ਪੰਜਾਬ ਦੇ ਸੰਘਰਸ਼ ਦੇ ਅੰਦਰੂਨੀ ਅਤੇ ਗੁੰਝਲਦਾਰ ਪਹਿਲੂਆਂ ਨੂੰ ਸਮਝਣ ਵਿਚ ਮਦਦ ਕਰਦੀ ਹੈ। ਇਹ ਗਵਾਹੀ ਪੰਜਾਬ ਵਿਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਇਤਿਹਾਸਕ ਅਤੇ ਸਮਾਜਿਕ ਪੱਖ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਦੀ ਹੈ ਅਤੇ ਸਮੂਹਿਕ ਬੇਇਨਸਾਫ਼ੀ ਦੇ ਪ੍ਰਤੀਕ ਵਜੋਂ ਕਾਰਜ ਕਰਦੀ ਹੈ।
ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਗਵਾਹੀ ਕਿਤਾਬ ਦੇ ਮੁੱਖ ਥੀਮ – ਰਾਜ ਦੀ ਸੁਰੱਖਿਆ ਅਤੇ ਮਨੁੱਖੀ ਅਧਿਕਾਰਾਂ ਵਿਚਕਾਰ ਟਕਰਾਅ, ਨਾਲ ਸਿੱਧਾ ਜੁੜਦੀ ਹੈ। ਇਸ ਗਵਾਹੀ ਰਾਹੀਂ ਲੇਖਕ ਇਹ ਦਰਸਾਉਂਦੇ ਹਨ ਕਿ ਨਿਆਂ ਅਤੇ ਅਧਿਕਾਰਾਂ ਦੀ ਘਾਟ ਨੇ ਸਮਾਜ ਵਿਚ ਕਿਸ ਤਰ੍ਹਾਂ ਡਰ ਅਤੇ ਅਸਮਾਨਤਾ ਨੂੰ ਜਨਮ ਦਿੱਤਾ। ਇਹ ਗਵਾਹੀ ਨਾ ਸਿਰਫ਼ ਕਿਤਾਬ ਦੇ ਵਿਚਾਰਪੂਰਨ ਪੱਖ ਨੂੰ ਪ੍ਰਗਟ ਕਰਦੀ ਹੈ, ਬਲਕਿ ਪੰਜਾਬ ਵਿਚ ਹੋ ਰਹੀ ਹਿੰਸਾ ਅਤੇ ਦਮਨ ਦੀ ਸਥਿਤੀ ਨੂੰ ਵੀ ਡੂੰਘਾਈ ਨਾਲ ਸਮਝਾਉਂਦੀ ਹੈ। ਇਹ ਪਾਠਕਾਂ ਨੂੰ ਉਸ ਦੌਰ ਦੇ ਸੰਘਰਸ਼ ਦੀਆਂ ਬਹੁਪੱਖੀ ਸਥਿਤੀਆਂ ਅਤੇ ਮਨੁੱਖੀ ਅਧਿਕਾਰਾਂ ਦੀ ਸੁਰੱਖਿਆ ਦੀ ਜ਼ਰੂਰਤ ਬਾਰੇ ਗੰਭੀਰ ਚਿੰਤਨ ਕਰਨ ਲਈ ਵੀ ਪ੍ਰੇਰਿਤ ਕਰਦੀ ਹੈ। ਸ. ਖਾਲੜਾ ਦੀ ਗਵਾਹੀ ਪੰਜਾਬ ਦੇ ਸੁਰੱਖਿਆ ਬਲਾਂ ਦੁਆਰਾ ਗ਼ੈਰ-ਕਾਨੂੰਨੀ ਹਿਰਾਸਤਾਂ ਅਤੇ ਵਿਰੋਧੀ ਆਵਾਜ਼ਾਂ ਨੂੰ ਦਬਾਉਣ ਦੀ ਪ੍ਰਕਿਰਿਆ ਨੂੰ ਸਪਸ਼ਟ ਰੂਪ ਵਿਚ ਦਰਸਾਉਂਦੀ ਹੈ। ਖਾਲੜਾ ਸਾਹਿਬ ਇਸ ਗੱਲ ‘ਤੇ ਵੀ ਜ਼ੋਰ ਦਿੰਦੇ ਹਨ ਕਿ ਦਮਨ ਅਤੇ ਹਿੰਸਾ ਦੀ ਇਸ ਪ੍ਰਕਿਰਿਆ ਨੇ ਸਿੱਖ ਭਾਈਚਾਰੇ ਵਿਚ ਡਰ ਦਾ ਮਾਹੌਲ ਪੈਦਾ ਕੀਤਾ ਅਤੇ ਬਹੁਤ ਸਾਰੇ ਪਰਿਵਾਰਾਂ ਨੂੰ ਅਨਿਸ਼ਚਿਤਤਾ ਵਿਚ ਜਿਊਣਾ ਪਿਆ। ਉਨ੍ਹਾਂ ਦੀ ਗਵਾਹੀ ਪੰਜਾਬ ਵਿਚ ਉਸ ਸਮੇਂ ਦੇ ਸਿਆਸੀ ਅਤੇ ਸਮਾਜਿਕ ਤਣਾਅ ਦੀ ਵਿਆਖਿਆ ਕਰਦੀ ਹੈ, ਜਿਸ ਨੇ ਹਿੰਸਕ ਪ੍ਰਤੀਕਿਰਿਆ ਅਤੇ ਸੰਘਰਸ਼ ਨੂੰ ਜਨਮ ਦਿੱਤਾ। ਸ਼ਹੀਦ ਭਾਈ ਖਾਲੜਾ ਦੀ ਇਹ ਗਵਾਹੀ ਨਾ ਸਿਰਫ਼ ਇਕ ਵਿਅਕਤੀਗਤ ਤਜਰਬਾ ਹੈ, ਸਗੋਂ ਪੰਜਾਬ ਦੇ ਉਸ ਯੁੱਗ ਦੀ ਇਕ ਪ੍ਰਮਾਣਿਕ ਤਸਵੀਰ ਵੀ ਹੈ। ਇਸ ਗਵਾਹੀ ਰਾਹੀਂ, ਲੇਖਕ ਮਨੁੱਖੀ ਅਧਿਕਾਰਾਂ ਦੀ ਸੁਰੱਖਿਆ ਅਤੇ ਨਿਆਂ ਪ੍ਰਕਿਰਿਆ ਦੀ ਮਹੱਤਤਾ ‘ਤੇ ਜ਼ੋਰ ਦਿੰਦੇ ਹਨ ਅਤੇ ਪਾਠਕਾਂ ਨੂੰ ਇਸ ਗੰਭੀਰ ਸਮੱਸਿਆ ਨਾਲ ਸਬੰਧਿਤ ਇਕ ਗੁੰਝਲਦਾਰ ਅਤੇ ਸੰਵੇਦਨਸ਼ੀਲ ਹਵਾਲਾ ਪ੍ਰਦਾਨ ਕਰਦੇ ਹਨ। ਇਸ ਦੇ ਨਾਲ ਹੀ ਸ. ਖਾਲੜਾ ਦੀ ਗਵਾਹੀ ਇਸ ਗੱਲ ‘ਤੇ ਵੀ ਜ਼ੋਰ ਦਿੰਦੀ ਹੈ ਕਿ ਇਹ ਦਮਨਕਾਰੀ ਕਦਮ ਸਮਾਜਿਕ ਤਣਾਅ ਨੂੰ ਹੋਰ ਵਧਾਉਂਦੇ ਗਏ ਅਤੇ ਲੋਕਾਂ ਵਿਚ ਵਿਸ਼ਵਾਸ ਦੀ ਘਾਟ ਪੈਦਾ ਕਰਦੇ ਗਏ। ਉਨ੍ਹਾਂ ਅਨੁਸਾਰ, ਇਸ ਦੌਰਾਨ ਬਹੁਤ ਸਾਰੇ ਨਿਰਦੋਸ਼ ਪਰਿਵਾਰਾਂ ਨੂੰ ਅਣਕਿਆਸੇ ਦੁੱਖਾਂ ਦਾ ਸਾਹਮਣਾ ਕਰਨਾ ਪਿਆ, ਕਿਉਂਕਿ ਉਨ੍ਹਾਂ ਦੇ ਬੱਚੇ, ਪਤੀ ਜਾਂ ਭਰਾ ਕਈ ਵਾਰ ਬਿਨਾਂ ਕਿਸੇ ਜਾਣਕਾਰੀ ਜਾਂ ਕਾਨੂੰਨੀ ਪ੍ਰਕਿਰਿਆ ਦੇ ਗ਼ੈਰ-ਕਾਨੂੰਨੀ ਤੌਰ ‘ਤੇ ਗੁਪਤ ਥਾਵਾਂ ‘ਤੇ ਰੱਖੇ ਜਾਂਦੇ ਸਨ। ਇਸ ਗਵਾਹੀ ਵਿਚ ਖਾਲੜਾ ਸਾਹਿਬ ਇਸ ਪ੍ਰਕਿਰਿਆ ਨੂੰ ਰਾਜ ਦੇ ਤੱਤਾਂ ਦੁਆਰਾ ਮਨੁੱਖੀ ਅਧਿਕਾਰਾਂ ਦੀ ਅਣਦੇਖੀ ਅਤੇ ਨਿਆਂ ਪ੍ਰਕਿਰਿਆ ਦੀ ਉਲੰਘਣਾ ਵਜੋਂ ਪੇਸ਼ ਕਰਦੇ ਹੋਏ, ਇਹ ਨੁਕਤਾ ਉਠਾਉਂਦੇ ਹੋਏ ਕਿ ਕਿਵੇਂ ਸੁਰੱਖਿਆ ਦੇ ਨਾਂ ‘ਤੇ ਨਾਗਰਿਕਾਂ ਦੇ ਮੂਲ ਅਧਿਕਾਰਾਂ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਗਿਆ।
ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਗਵਾਹੀ ਇਸ ਇਤਿਹਾਸਿਕ ਦਸਤਾਵੇਜ਼ ਦੀ ਮਹੱਤਵਪੂਰਨ ਵਿਸ਼ਵਾਸ-ਯੋਗਤਾ ਨੂੰ ਸਮਰਥਨ ਦਿੰਦੀ ਹੈ ਅਤੇ ਪਾਠਕਾਂ ਨੂੰ ਉਸ ਦੌਰ ਦੀਆਂ ਹਕੀਕਤਾਂ ‘ਤੇ ਗੰਭੀਰਤਾ ਨਾਲ ਵਿਚਾਰ ਕਰਨ ਲਈ ਮਜਬੂਰ ਕਰਦੀ ਹੈ।
ਉਨ੍ਹਾਂ ਦੀ ਇਸ ਗਵਾਹੀ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਰਾਜ ਦੀਆਂ ਕਾਰਵਾਈਆਂ ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰਾਂ ਦੇ ਘੋਸ਼ਣਾ ਪੱਤਰ ਅਤੇ ਹੋਰ ਅੰਤਰਰਾਸ਼ਟਰੀ ਸਹਿਮਤੀਆਂ ਦੀ ਉਲੰਘਣਾ ਕਰਦੀਆਂ ਹਨ। ਅਜਿਹੇ ਹਾਲਾਤਾਂ ਵਿਚ, ਕਿਤਾਬ ਪਾਠਕਾਂ ਨੂੰ ਇਹ ਮੂਲ ਸਵਾਲ ਉਠਾਉਣ ਲਈ ਪ੍ਰੇਰਿਤ ਕਰਦੀ ਹੈ ਕਿ ਰਾਜ ਦੀ ਸੁਰੱਖਿਆ ਦੀ ਜ਼ਰੂਰਤ ਮਨੁੱਖੀ ਅਧਿਕਾਰਾਂ ਦੀ ਪਾਲਣਾ ਦੇ ਨਾਲ ਕਿਸ ਤਰ੍ਹਾਂ ਸੰਤੁਲਿਤ ਹੋ ਸਕਦੀ ਹੈ। ਇਹ ਪ੍ਰਸ਼ਨ ਰਾਜ ਸ਼ਕਤੀ ਦੀ ਵਰਤੋਂ ਅਤੇ ਵਿਅਕਤੀਗਤ ਆਜ਼ਾਦੀਆਂ ਦੀ ਸੁਰੱਖਿਆ ਵਿਚਕਾਰ ਇਕ ਬੁਨਿਆਦੀ ਤਣਾਅ ਨੂੰ ਉਜਾਗਰ ਕਰਦਾ ਹੈ, ਜੋ ਕਿ ਅੰਤਰਰਾਸ਼ਟਰੀ ਕਾਨੂੰਨ ਅਤੇ ਨੈਤਿਕ ਦਰਸ਼ਨ ਵਿਚ ਇਕ ਕੇਂਦਰੀ ਬਹਿਸ ਦਾ ਵਿਸ਼ਾ ਹੈ। ਸਮਾਜਿਕ ਅਤੇ ਕਾਨੂੰਨੀ ਦ੍ਰਿਸ਼ਟੀਕੋਣ ਤੋਂ, ਸਰਦਾਰ ਖਾਲੜਾ ਦੀ ਗਵਾਹੀ ਇਸ ਗੱਲ ‘ਤੇ ਜ਼ੋਰ ਦਿੰਦੀ ਹੈ ਕਿ ਮਨੁੱਖੀ ਅਧਿਕਾਰਾਂ ਦੀ ਪਾਲਣਾ ਨਾ ਸਿਰਫ਼ ਨਿਆਂ ਪ੍ਰਕਿਰਿਆ ਲਈ ਲਾਜ਼ਮੀ ਹੈ, ਬਲਕਿ ਇਕ ਸਥਿਰ ਅਤੇ ਜਮਹੂਰੀ ਸਮਾਜ ਦੀ ਨੀਂਹ ਵੀ ਹੈ। ਇਸ ਤਰ੍ਹਾਂ, ਕਿਤਾਬ ਦਾ ਮਨੁੱਖੀ ਅਧਿਕਾਰਾਂ ਦੀ ਰੱਖਿਆ ਅਤੇ ਉਨ੍ਹਾਂ ਦੀ ਉਲੰਘਣਾ ਦੇ ਪ੍ਰਭਾਵਾਂ ਦੀ ਇਕ ਡੂੰਘੀ ਸਮੀਖਿਆ ਪੇਸ਼ ਕਰਦੀ ਹੈ, ਜੋ ਭਾਰਤ ਵਿਚ ਉਸ ਸਮੇਂ ਦੀ ਸਿਆਸੀ ਅਤੇ ਸਮਾਜਿਕ ਸਥਿਤੀ ਨੂੰ ਸਮਝਣ ਲਈ ਬਹੁਤ ਮਹੱਤਵਪੂਰਨ ਹੈ। ਇਸ ਦੀ ਸਮਗਰੀ ਮਨੁੱਖੀ ਅਧਿਕਾਰਾਂ ਦੇ ਸਿਧਾਂਤਾਂ ਦਾ ਅਧਿਐਨ ਕਰਨ ਵਾਲਿਆਂ, ਖੋਜਕਾਰਾਂ ਅਤੇ ਨੀਤੀ ਨਿਰਮਾਤਾਵਾਂ ਲਈ ਇਕ ਮਹੱਤਵਪੂਰਨ ਸ੍ਰੋਤ ਸਾਬਤ ਹੁੰਦੀ ਹੈ, ਜੋ ਰਾਜ ਅਤੇ ਨਾਗਰਿਕਾਂ ਵਿਚਕਾਰ ਸੰਵਾਦ ਅਤੇ ਚੁਣੌਤੀਆਂ ਨੂੰ ਬੇਨਕਾਬ ਕਰਦੀ ਹੈ। ਇਹ ਰਾਜ ਦੀਆਂ ਕਾਰਵਾਈਆਂ ਦੀ ਨੈਤਿਕ ਅਤੇ ਕਾਨੂੰਨੀ ਜਾਂਚ ਲਈ ਇਕ ਮਹੱਤਵਪੂਰਨ ਢਾਂਚਾ ਪ੍ਰਦਾਨ ਕਰਦੀ ਹੈ। ਸ. ਜਸਵੰਤ ਸਿੰਘ ਖਾਲੜਾ ਵਰਗੇ ਗਵਾਹਾਂ ਦੇ ਮੌਖਿਕ ਬਿਰਤਾਂਤਾਂ ਰਾਹੀਂ ਇਹ ਸਪਸ਼ਟ ਕੀਤਾ ਗਿਆ ਹੈ ਕਿ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਰਾਜ ਦੀ ਸੁਰੱਖਿਆ ਨੀਤੀ ਦਾ ਇਕ ਅਨਿੱਖੜਵਾਂ ਅੰਗ ਬਣ ਗਈ ਸੀ, ਜਿਸ ਨੇ ਨਿਆਂ ਪ੍ਰਕਿਰਿਆ ਅਤੇ ਜਮਹੂਰੀ ਅਦਾਲਤੀ ਪ੍ਰਣਾਲੀ ‘ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਇਸ ਤਰ੍ਹਾਂ, ਕਿਤਾਬ ਇਹ ਦਰਸਾਉਂਦੀ ਹੈ ਕਿ ਮਨੁੱਖੀ ਅਧਿਕਾਰਾਂ ਦੀ ਪਾਲਣਾ ਤੋਂ ਬਿਨਾਂ ਰਾਜ ਦੀ ਸੁਰੱਖਿਆ ਸਥਾਈ ਨਹੀਂ ਹੋ ਸਕਦੀ, ਅਤੇ ਇਹ ਸਥਿਤੀ ਪੰਜਾਬ ਦੇ ਇਤਿਹਾਸ ਵਿਚ ਇਕ ਕਾਲੇ ਦੌਰ ਵਜੋਂ ਯਾਦ ਕੀਤੀ ਜਾਂਦੀ ਹੈ। ਇਸ ਕਿਤਾਬ ਦੇ ਸੰਦਰਭ ਵਿਚ, ਮਨੁੱਖੀ ਅਧਿਕਾਰਾਂ ਦੇ ਦਮਨ ਨੂੰ ਇਕ ਅਜਿਹੇ ਵਿਸ਼ੇ ਵਜੋਂ ਮੰਨਿਆ ਜਾ ਸਕਦਾ ਹੈ, ਜਿਸ ਨੇ ਪੰਜਾਬੀ ਸਮਾਜ ਨੂੰ ਲੰਮੇ ਸਮੇਂ ਤੱਕ ਪ੍ਰਭਾਵਿਤ ਕੀਤਾ ਅਤੇ ਜਿਸ ਦੀ ਗੰਭੀਰ ਜਾਂਚ ਅਤੇ ਉਸ ਬਾਬਤ ਸਵਾਲ ਪੁੱਛਣਾ ਅੱਜ ਵੀ ਜ਼ਰੂਰੀ ਹੈ।
ਇਹਨੀਂ ਦਿਨੀਂ ਸਿੱਖ-ਵਿਰੋਧੀ ਸਿਆਸਤਦਾਨ ਅਤੇ ਰਾਸ਼ਟਰਵਾਦੀ, ਲਿਬਰਲ, ਖੱਬੇ-ਪੱਖੀ, ਪੰਜਾਬ ਵਿਰੋਧੀ ਨਿਊਜ਼ਲੌਂਡਰੀ ਰਾਹੀਂ ਇਹ ਬਿਰਤਾਂਤ ਸਿਰਜ ਰਹੇ ਹਨ ਕਿ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦਾ ਮਨੁੱਖੀ ਹੱਕਾਂ ਦਾ ਸੰਘਰਸ਼ ਇੱਕਪਾਸੜ ਸੀ ਅਤੇ ਉਹਨਾਂ ਹਿੰਦੂਆਂ ਉੱਪਰ ਹੋਈ ਹਮਲਿਆ ਬਾਰੇ ਚੁੱਪ ਧਾਰੀ। ‘ਜੋ ਰਾਖ ਹੋ ਗਏ’ ਕਿਤਾਬ ਵਿਚ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਉਪਰੋਕਤ ਇਤਿਹਾਸਿਕ ਗਵਾਹੀ ਰਾਸ਼ਟਰਵਾਦੀ, ‘ਅਖੌਤੀ ਅਗਾਂਹ-ਵਧੂ’ ਖੱਬੇ ਪੱਖੀ ਮੀਡੀਆ ਦੇ ਇਸ ਝੂਠੇ ਬਿਰਤਾਂਤ ਨੂੰ ਰੱਦ ਕਰਦੀ ਹੈ। ਕਿਤਾਬ ਵਿਚ ਬਕਾਇਦਾ ਦਰਜ ਹੈ, ”ਜਸਵੰਤ ਸਿੰਘ ਨੇ ਨਿਰਦੋਸ਼ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣ ਲਈ ਵੱਖਵਾਦੀ ਖਾੜਕੂਆਂ ਦੀ ਵੀ ਖੁੱਲ੍ਹ ਕੇ ਆਲੋਚਨਾ ਕੀਤੀ। ਇੱਕ ਵਾਰ, ਉਹਨਾਂ ਨੇ ਆਪਣੇ ਖੇਤਰ ਵਿੱਚ ਅਣਪਛਾਤੇ ਹਥਿਆਰਬੰਦ ਖਾੜਕੂਆਂ ਦੁਆਰਾ ਹਿੰਦੂਆਂ ਦੇ ਕਤਲ ਦੇ ਵਿਰੋਧ ਵਿੱਚ ਪੰਜ ਦਿਨ ਦੀ ਭੁੱਖ ਹੜਤਾਲ ਕੀਤੀ। ਉਹਨਾਂ ਦੇ ਕੁਝ ਹਮਦਰਦਾਂ ਨੇ ਉਹਨਾਂ ਨੂੰ ਖਾੜਕੂਆਂ ਦੀ ਜਨਤਕ ਤੌਰ ‘ਤੇ ਏਨੀ ਨਿੰਦਾ ਕਰਨ ਸਬੰਧੀ ਚੇਤਾਵਨੀ ਵੀ ਦਿੱਤੀ, ਪਰ ਜਸਵੰਤ ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਨਿਰਦੋਸ਼ ਜਾਨਾਂ ਨਾ ਲੈਣ ਦੀ ਮਨਾਹੀ ਰਾਜ ਅਤੇ ਗੈਰ-ਰਾਜੀ ਤਾਕਤਾਂ ਦੋਵਾਂ ‘ਤੇ ਬਰਾਬਰ ਲਾਗੂ ਹੁੰਦੀ ਹੈ। ਉਹਨਾਂ ਨੇ ਖੁੱਲ੍ਹੇਆਮ ਐਲਾਨ ਕੀਤਾ ਕਿ ਜੇਕਰ ਖਾੜਕੂ ਗਰੁੱਪ ਆਪਣੇ ਮੈਂਬਰਾਂ ਵਿੱਚ ਪਾਬੰਦੀ ਨੂੰ ਸਖ਼ਤੀ ਨਾਲ ਲਾਗੂ ਕਰਨ ਦੀ ਅਨੁਸ਼ਾਸਨ ਸ਼ਕਤੀ ਨਹੀਂ ਰੱਖਦੇ, ਤਾਂ ਉਹਨਾਂ ਦਾ ਮਕਸਦ ਆਪਣੀ ਜਾਇਜ਼ਤਾ ਗੁਆ ਬੈਠਦਾ ਹੈ। (ਕਿਤਾਬ ‘ਜੋ ਰਾਖ ਹੋ ਗਏ’, ਪੰਨਾ- 147)
‘Reduced to Ashes’ (ਜੋ ਰਾਖ਼ ਹੋ ਗਏ) ‘ਹਿਊਮਨ ਰਾਈਟਸ ਵਾਚ’ ਅਤੇ ‘ਇਨਸਾਫ’ ਵਰਗੀਆਂ ਸੰਸਥਾਵਾਂ ਦੁਆਰਾ ਤਿਆਰ ਕੀਤੀ ਗਈ ਸੁਚੱਜੀ ਰਿਪੋਰਟ ਹੈ, ਜਿਸ ਵਿੱਚ ਪੀੜਤ ਪਰਿਵਾਰਾਂ ਦੇ ਦਰਦ, ਗਵਾਹੀਆਂ, ਅਤੇ ਉਹ ਤੱਥ ਦਰਜ ਹਨ, ਜੋ ਰਾਜ ਨੇ ਦਬਾਉਣ ਦੀ ਕੋਸ਼ਿਸ਼ ਕੀਤੀ।
ਕਿਤਾਬ ਇਹ ਦਰਸਾਉਂਦੀ ਹੈ ਕਿ ਕਿਵੇਂ ਹਜ਼ਾਰਾਂ ਬੇਗੁਨਾਹ ਸਿੱਖਾਂ ਨੂੰ ਯੋਜਨਾਬੱਧ ਤਰੀਕੇ ਨਾਲ ਨਿਸ਼ਾਨਾ ਬਣਾਇਆ ਗਿਆ, ਕਿਵੇਂ ਦੋਸ਼ੀ ਆਜ਼ਾਦ ਘੁੰਮਦੇ ਰਹੇ, ਅਤੇ ਕਿਵੇਂ ਨਿਆਂ ਦੇ ਵਾਅਦੇ ਸਿਰਫ਼ ਕਾਗਜ਼ੀ ਹੀ ਰਹਿ ਗਏ। ਇਹ ਸਿਰਫ਼ ਇੱਕ ਕਿਤਾਬ ਨਹੀਂ, ਇਹ ਸਿੱਖ ਕੌਮ ਦੇ ਸਾਂਝੇ ਦੁੱਖ, ਰਾਜਕੀ ਹਿੰਸਾ ਅਤੇ ਇਨਸਾਫ਼ ਲਈ ਚੱਲ ਰਹੀ ਲੜਾਈ ਦਾ ਸੱਚਾ ਰਿਕਾਰਡ ਹੈ-ਇੱਕ ਐਸਾ ਰਿਕਾਰਡ, ਜੋ ਇਹ ਯਕੀਨੀ ਬਣਾਉਂਦਾ ਹੈ ਕਿ ਇਹ ਨਸਲਘਾਤ ਇਤਿਹਾਸ ਦੀ ਧੁੰਦ ਵਿੱਚ ਗਾਇਬ ਨਾ ਹੋ ਜਾਵੇ। ਕਰੀਬ ਇਕ ਹਜ਼ਾਰ ਪੰਨਿਆਂ ਵਿੱਚ ਫੈਲਿਆ ਇਹ ਗ੍ਰੰਥ, ਮਨੁੱਖੀ ਅਧਿਕਾਰਾਂ ਦੇ ਹਵਾਲੇ ਨਾਲ ਸਿੱਖ ਹੋਣੀ ਦੀ ਜੋ ਤਸਵੀਰ ਖਿੱਚਦਾ ਹੈ, ਉਹ ਏਨੀ ਅਹਿਮ ਹੈ ਕਿ ਇਹ ਹਰ ਘਰ ਤੇ ਹਰ ਪਾਠਕ ਦੇ ਇਹ ਕਿਤਾਬ ਕੋਲ ਹੋਣੀ, ਮਾਨਵੀ ਹੱਕਾਂ ਦੀ ਸਲਾਮਤੀ ਲਈ ਭਵਿੱਖ ਦੀ ਅਹਿਮ ਲੋੜ ਹੈ।
ਇੰਡੀਅਨ ਸਟੇਟ ਵੱਲੋਂ ਅਣ-ਪਛਾਤੀਆਂ ਕਰਾਰ ਦਿੱਤੀਆਂ ਹਜ਼ਾਰਾਂ ਸਿੱਖ ਨੌਜਵਾਨਾਂ ਦੀਆਂ ਲਾਸ਼ਾਂ ਦੇ ਸਬੰਧ ਵਿੱਚ, ਸਭ ਤੋਂ ਵਿਸ਼ਾਲ ਅਤੇ ਪ੍ਰਮਾਣਿਕ ਦਸਤਾਵੇਜ਼ ਪਾਠਕ ਜਗਤ ਤੱਕ ਪਹੁੰਚਣਾ ਇਸ ਕਾਰਜ ਦਾ ਮੁੱਖ ਮਕਸਦ ਹੈ। ਇਹ ਕਿਤਾਬ ਵਿਰਾਸਤ, ਧਰਮ, ਰਾਜਨੀਤੀ, ਇਤਿਹਾਸ, ਸਮਾਜ ਅਤੇ ਕਾਨੂੰਨ ਖੇਤਰ ਦੇ ਖੋਜਾਰਥੀਆਂ ਲਈ ਅਮੁੱਕ ਖਜ਼ਾਨਾ ਸਾਬਿਤ ਹੋਵੇਗੀ। ਪੰਜਾਬੀ ਪਾਠਕਾਂ ਦੀ ਝੋਲੀ ‘ਚ ਇਹ ਵਡਮੁੱਲੀ ਸੌਗਾਤ ਇਕ ਦਿਨ ਦੁਨੀਆਂ ਦੇ ਹਰ ਕੋਨੇ ਵਿਚ ਵਸੇ ਸਿੱਖ ਅਤੇ ਪੰਜਾਬੀ ਦੀ ਘਰੇਲੂ ਲਾਇਬਰੇਰੀ ਦਾ ਲਾਜ਼ਮੀ ਹਿੱਸਾ ਬਣੇਗੀ। ਪੀੜ੍ਹੀ-ਦਰ-ਪੀੜ੍ਹੀ ਹੱਕ, ਸੱਚ ਤੇ ਇਨਸਾਫ ਦੇ ਰਾਹ ‘ਤੇ ਚਲਦਿਆਂ, ਆਖ਼ਰੀ ਸਾਹ ਤੱਕ ਚੜ੍ਹਦੀ ਕਲਾ ਵਿਚ ਰਹਿਣ ਦਾ ਸੰਦੇਸ਼ ਦੇਣ ਵਾਲੀ ਇਹ ਕਿਤਾਬ, ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਸਮੇਤ ਮਨੁੱਖੀ ਹੱਕਾਂ ਦੇ ਅਨੇਕਾਂ ਅਣਖੀਲੇ ਯੋਧਿਆਂ ਦੀਆਂ ਸ਼ਹਾਦਤਾਂ ਨੂੰ ਸਦਾ ਚੇਤਿਆਂ ‘ਚ ਕਾਇਮ ਰੱਖੇਗੀ।***
ਜਿੱਥੋਂ ‘ਸਤਲੁਜ’ ਮੁੱਕਦੀ ਹੈ, ਉੱਥੋਂ ‘ਜੋ ਰਾਖ਼ ਹੋ ਗਏ…’ ਸ਼ੁਰੂ ਹੁੰਦੀ ਹੈ
RELATED ARTICLES

