Breaking News
Home / ਮੁੱਖ ਲੇਖ / ਗਿਰਗਟ ਵਾਂਗ ਰੰਗ ਬਦਲਦੇ ਨੇਤਾ

ਗਿਰਗਟ ਵਾਂਗ ਰੰਗ ਬਦਲਦੇ ਨੇਤਾ

ਲਕਸ਼ਮੀ ਕਾਂਤਾ ਚਾਵਲਾ
ਪੰਜਾਬ ਅਤੇ ਕੁਝ ਹੋਰ ਸੂਬਿਆਂ ਵਿਚ ਅੱਜ ਕੱਲ੍ਹ ਡੇਂਗੂ ਦਾ ਬੜਾ ਪ੍ਰਕੋਪ ਹੈ। ਡਾਕਟਰ ਅਜਿਹਾ ਮੰਨਦੇ ਹਨ ਕਿ ਡੇਂਗੂ ਦਾ ਵੀ ਇਕ ਸੀਜ਼ਨ ਹੈ। ਜਿਵੇਂ-ਜਿਵੇਂ ਸਰਦੀ ਵਧੇਗੀ, ਤਿਵੇਂ ਹੀ ਡੇਂਗੂ ਦੇ ਮੱਛਰ ਨਸ਼ਟ ਹੋ ਜਾਣਗੇ। ਮੈਨੂੰ ਲੱਗਦਾ ਹੈ ਕਿ ਡੇਂਗੂ ਤੋਂ ਵੀ ਜ਼ਿਆਦਾ ਭਿਆਨਕ ਇਕ ਹੋਰ ਬਿਮਾਰੀ ਹੈ ਰਾਜਨੀਤੀ ਵਿਚ ਦਲ ਬਦਲਣਾ, ਗਿਰਗਟ ਵਾਂਗ ਰੰਗ ਬਦਲਣਾ ਤੇ ਵਫ਼ਾਦਾਰੀਆਂ ਬਦਲਣਾ।
ਜੋ ਪਹਿਲਾਂ ਕਿਸੇ ਨੇਤਾ ਨੂੰ ਸਰਦਾਰ ਅਤੇ ਅਸਰਦਾਰ ਦਿਖਾਈ ਨਹੀਂ ਦਿੱਤੇ ਸਨ, ਪਾਰਟੀ ਬਦਲਦੇ ਹੀ ਉਹ ਸਰਦਾਰ ਵੀ ਦਿਖਾਈ ਦੇਣ ਲੱਗ ਪਏ ਅਤੇ ਅਸਰਦਾਰ ਵੀ। ਇਸ ਦੀ ਮੂੰਹ ਬੋਲਦੀ ਮਿਸਾਲ ਨਵਜੋਤ ਸਿੰਘ ਸਿੱਧੂ ਹਨ ਜਿਨ੍ਹਾਂ ਦੇ ਭਾਸ਼ਣਾਂ ਨੂੰ ਰਾਸ਼ਟਰੀ ਪੱਧਰ ਦੇ ਚੈਨਲਾਂ ਨੇ ਵੀ ਬਹੁਤ ਸਥਾਨ ਦਿੱਤਾ। ਭਾਜਪਾ ਵਿਚ ਰਹਿੰਦੇ ਅਤੇ ਭਾਜਪਾ ਤੋਂ ਕਾਂਗਰਸ ਵਿਚ ਜਾਣ ਤੋਂ ਬਾਅਦ ਉਨ੍ਹਾਂ ਦੇ ਭਾਸ਼ਣਾਂ ਨੂੰ ਸਮਾਨਾਂਤਰ ਚਲਾ ਕੇ ਲੋਕਾਂ ਨੇ ਚੰਗਾ ਮਨੋਰੰਜਨ ਕੀਤਾ।
ਇਹ ਬਹੁਤ ਪੁਰਾਣੀ ਗੱਲ ਨਹੀਂ ਜਦ ਬੰਗਾਲ ਦੇ ਇਕ ਟੀਐੱਮਸੀ ਸੰਸਦ ਮੈਂਬਰ ਜੋ ਕੇਂਦਰ ਵਿਚ ਮੰਤਰੀ ਵੀ ਰਿਹਾ, ਨੇ ਕਿਹਾ ਸੀ ਕਿ ਉਨ੍ਹਾਂ ਦਾ ਆਪਣੀ ਪਾਰਟੀ ਵਿਚ ਹੁਣ ਸਾਹ ਘੁਟਦਾ ਹੈ। ਬਹੁਤ ਘੁਟਣ ਮਹਿਸੂਸ ਹੋ ਰਹੀ ਹੈ। ਇਸੇ ਲਈ ਮੈਂ ਪਾਰਟੀ ਬਦਲ ਕੇ ਤਾਜ਼ੀ ਹਵਾ-ਪਾਣੀ ਚਾਹੁੰਦਾ ਹਾਂ। ਮੈਂ ਉਦੋਂ ਵੀ ਲਿਖਿਆ ਸੀ ਕਿ ਕੀ ਦਲ ਬਦਲਣ ‘ਤੇ ਹੀ ਨਵੀਂ ਪਾਰਟੀ ਵਿਚ ਜਾਣ ‘ਤੇ ਜਾਨ ਬਚਾਉਣ ਲਈ ਸਿਲੰਡਰ ਉਸ ਨੂੰ ਨਾਲ ਹੀ ਮਿਲ ਜਾਵੇਗਾ? ਸੱਚ ਇਹ ਹੈ ਕਿ ਜਿਸ ਸਿਆਸਤਦਾਨ, ਵਿਧਾਇਕ ਅਤੇ ਸੰਸਦ ਮੈਂਬਰ ਨੂੰ ਉਸ ਦੀ ਪਾਰਟੀ ਵਿਚ ਇਹ ਅਹਿਸਾਸ ਹੋ ਜਾਂਦਾ ਹੈ ਕਿ ਹੁਣ ਉਹ ਚੋਣ ਜਿੱਤ ਨਹੀਂ ਸਕੇਗਾ ਜਾਂ ਪਾਰਟੀ ਦੀ ਹਾਰ ਹੋਣ ਵਾਲੀ ਹੈ ਤਾਂ ਉਹ ਝਟਪਟ ਦਲ ਬਦਲ ਲੈਂਦਾ ਹੈ। ਨਾਮ ਕੁਝ ਵੀ ਦਿਉ, ਆਦਰਸ਼ਾਂ ਦੀ ਗੱਲ ਕਰਨ ਜਾਂ ਦਮ ਘੁਟਣ ਦੀ ਗੱਲ ਕਰਨ ਜਾਂ ਪਾਰਟੀ ਦੇ ਨੇਤਾਵਾਂ ਦੁਆਰਾ ਅਣਦੇਖੀ ਦਾ ਰਾਗ ਅਲਾਪਣ। ਹੈਰਾਨਕੁੰਨ ਇਹ ਹੈ ਕਿ ਜੋ ਵੱਡੇ-ਵੱਡੇ ਮੰਚਾਂ ‘ਤੇ ਇਹ ਕਹਿੰਦੇ ਹਨ ਕਿ ਪਾਰਟੀ ਉਨ੍ਹਾਂ ਦੀ ਮਾਂ ਹੈ, ਮਾਂ ਇਕ ਹੀ ਹੁੰਦੀ ਹੈ, ਉਹ ਵੀ ਮਾਂ ਨੂੰ ਛੱਡ ਕੇ ਕਿਸੇ ਹੋਰ ਮਾਂ ਦੀ ਗੋਦੀ ਵਿਚ ਚਲੇ ਜਾਂਦੇ ਹਨ। ਅਫ਼ਸੋਸ ਤਾਂ ਇਹ ਹੈ ਕਿ ਪਹਿਲੀ ਮਾਂ ਨੂੰ ਰਾਜਨੀਤਕ ਗਾਲ੍ਹਾਂ ਕੱਢਣ ਤੇ ਉਸ ਨਿੰਦਾ ਕਰਨ ਵਿਚ ਕੋਈ ਕਸਰ ਨਹੀਂ ਛੱਡਦੇ।
ਇਸ ਰੁਝਾਨ ਵਿਚ ਗੋਆ ਵੀ ਸ਼ਾਮਲ ਹੋ ਗਿਆ ਹੈ। ਗੋਆ ਦੇ ਭਾਜਪਾ ਵਿਧਾਇਕ ‘ਆਪ’ ਦੀ ਗੋਦੀ ਵਿਚ ਜਾ ਰਹੇ ਹਨ ਅਤੇ ਉੱਤਰ ਪ੍ਰਦੇਸ਼ ਵਿਚ ਸਮਾਜਵਾਦੀ ਪਾਰਟੀ ਦੇ ਤਿੰਨ ਵਿਧਾਨ ਪ੍ਰੀਸ਼ਦ ਮੈਂਬਰ ਭਾਜਪਾ ਦਾ ਸਿਰੋਪਾ ਪਹਿਨਣ ਲਈ ਉਤਸਕ ਹਨ। ਸ਼ਾਇਦ ਹੀ ਕੋਈ ਪਾਰਟੀ ਅਜਿਹੀ ਹੋਵੇ ਜਿਸ ਦੇ ਨੇਤਾ ਮੌਸਮ ਅਨੁਸਾਰ ਪਾਰਟੀ ਬਦਲਣ ਦੀ ਜ਼ਹਿਮਤ ਨਹੀਂ ਕਰਦੇ।
ਚੋਣਾਂ ਤੋਂ ਬਾਅਦ ਚਾਰ ਸਾਲ ਤਕ ਇਹ ਬਿਮਾਰੀ ਸ਼ਾਂਤ ਰਹਿੰਦੀ ਹੈ ਪਰ ਚੋਣਾਂ ਤੋਂ ਸਾਲ ਕੁ ਪਹਿਲਾਂ ਇਹ ਬਿਮਾਰੀ ਪੂਰੇ ਦੇਸ਼ ਵਿਚ ਖ਼ਾਸ ਤੌਰ ‘ਤੇ ਜਿਨ੍ਹਾਂ ਸੂਬਿਆਂ ਵਿਚ ਚੋਣਾਂ ਹੋਣ ਵਾਲੀਆਂ ਹਨ, ਉੱਥੇ ਇਹ ਪੂਰੀ ਤਰ੍ਹਾਂ ਫੈਲਦੀ ਹੈ। ਜਨਤਾ ਹੈਰਾਨ-ਪਰੇਸ਼ਾਨ ਹੈ ਕਿ ਜਿਨ੍ਹਾਂ ਨੇਤਾਵਾਂ ਨੂੰ ਕੱਲ੍ਹ ਤਕ ਉਹ ਆਪਣਾ ਪ੍ਰਤੀਨਿਧ ਮੰਨਦੇ ਸਨ, ਉਹ ਦੂਜੀ ਪਾਰਟੀ ਵਿਚ ਚਲੇ ਗਏ ਅਤੇ ਨਵੇਂ ਨਾਅਰੇ ਲਗਾਉਣ ਲੱਗੇ।
ਵੈਸੇ ਹੋਣਾ ਇਹ ਚਾਹੀਦਾ ਹੈ ਕਿ ਜਨਤਾ ਉਨ੍ਹਾਂ ਨੇਤਾਵਾਂ ਨੂੰ ਪੂਰੀ ਤਰ੍ਹਾਂ ਨਕਾਰ ਦੇਵੇ ਜੋ ਆਪਣੇ ਸਵਾਰਥ ਕਾਰਨ ਜਨਤਾ, ਆਪਣੀ ਪਾਰਟੀ ਅਤੇ ਵਿਚਾਰਧਾਰਾ ਨਾਲ ਧੋਖਾ ਕਰਦੇ ਹਨ। ਅਜੇ ਭਾਰਤ ਦੀ ਜਨਤਾ ਇੰਨੀ ਜਾਗਰੂਕ ਨਹੀਂ ਹੋ ਸਕੀ। ਇਸ ਲਈ ਦਲ ਬਦਲੂ ਸਿਆਸਤਦਾਨਾਂ ਨੂੰ ਇਹ ਭਰੋਸਾ ਰਹਿੰਦਾ ਹੈ ਕਿ ਉਹ ਜਿੱਥੇ ਵੀ ਜਾ ਕੇ ਨਾਅਰੇ ਲਗਾਉਣਗੇ, ਵੋਟਾਂ ਮੰਗਣਗੇ, ਵੋਟਰ ਅੱਖਾਂ ਬੰਦ ਕਰਕੇ ਉਨ੍ਹਾਂ ਦੇ ਮਗਰ ਤੁਰਨ ਲੱਗਣਗੇ। ਇਕ ਹੈਰਾਨੀਜਨਕ ਬਿਆਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਸੁਣਨ-ਪੜ੍ਹਨ ਨੂੰ ਮਿਲਿਆ। ਉਨ੍ਹਾਂ ਕਿਹਾ ਕਿ ਜੋ ਦਲ ਬਦਲ ਕੇ ਜਾ ਰਹੇ ਹਨ, ਉਹ ਗ਼ਦਾਰ ਹਨ। ਇਕ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਜੋ ਅਕਾਲੀ ਦਲ ਨੂੰ ਛੱਡ ਕੇ ਜਾ ਰਹੇ ਹਨ, ਉਹ ਤਾਂ ਗ਼ਦਾਰ ਹੋ ਗਏ ਪਰ ਜੋ ਦੂਜੀਆਂ ਪਾਰਟੀਆਂ ਦੇ ਲੋਕ ਅਕਾਲੀ ਦਲ ਵਿਚ ਬੜੀ ਧੂਮਧਾਮ ਨਾਲ ਸ਼ਾਮਲ ਕਰਵਾਏ ਜਾ ਰਹੇ ਹਨ, ਉਨ੍ਹਾਂ ਨੂੰ ਕੀ ਕਹੋਗੇ-ਗ਼ਦਾਰ ਜਾਂ ਵਫ਼ਾਦਾਰ?
ਵੈਸੇ ਅੱਜ ਦੀ ਰਾਜਨੀਤੀ ਵਿਚ ਵਫ਼ਾਦਾਰੀ ਸ਼ਬਦ ਭਾਸ਼ਣਾਂ ਵਿਚ ਤਾਂ ਜਗ੍ਹਾ ਬਣਾ ਹੀ ਚੁੱਕਾ ਹੈ ਜੋ ਮਨ ਦੀ ਤਸੱਲੀ ਲਈ ਚੰਗੀ ਗੱਲ ਹੈ। ਜਨਤਾ ਨਾਲ ਵਫ਼ਾਦਾਰੀ, ਆਪਣੀ ਪਾਰਟੀ ਨਾਲ ਵਫ਼ਾਦਾਰੀ, ਆਪਣੇ ਵੋਟਰਾਂ ਪ੍ਰਤੀ ਵਫ਼ਾ ਇੰਜ ਗਾਇਬ ਹੋ ਚੁੱਕੀ ਹੈ ਜਿਵੇਂ ਗਧੇ ਦੇ ਸਿਰ ਤੋਂ ਸਿੰਙ। ਪਿਛਲੇ ਘੱਟੋ-ਘੱਟ ਚਾਰ ਦਹਾਕਿਆਂ ਤੋਂ ਰਾਜਨੀਤੀ ਵਿਚ ‘ਆਇਆ ਰਾਮ, ਗਿਆ ਰਾਮ’ ਦੀ ਖੇਡ ਚੱਲ ਰਹੀ ਹੈ ਜਿਸ ਦਾ ਸ੍ਰੀਗਣੇਸ਼ ਅਤੇ ਜਿਸ ਦੇ ਨਾਂ ਨੂੰ ਸਾਰਥਿਕਤਾ ਹਰਿਆਣਾ ਨੇ ਦਿੱਤੀ ਸੀ, ਹੁਣ ਰੋਗ ਪੂਰੇ ਦੇਸ਼ ਵਿਚ ਫੈਲ ਚੁੱਕਾ ਹੈ।
ਲੋਕ ਨੁਮਾਇੰਦਿਆਂ ਦਾ ਇੰਜ ਪਾਰਟੀਆਂ ਬਦਲਣਾ ਉਨ੍ਹਾਂ ਵੋਟਰਾਂ ਨਾਲ ਧੋਖਾ ਹੁੰਦਾ ਹੈ ਜਿਨ੍ਹਾਂ ਨੇ ਉਨ੍ਹਾਂ ਨੂੰ ਵਿਧਾਇਕ ਜਾਂ ਸੰਸਦ ਮੈਂਬਰ ਬਣਾਇਆ ਹੁੰਦਾ ਹੈ। ‘ਆਇਆ ਰਾਮ, ਗਿਆ ਰਾਮ’ ਦੇ ਅਖਾਣ ਨੂੰ ਬਦਲਣ ਲਈ ਹੀ ‘ਦਲ-ਬਦਲੂ ਵਿਰੋਧੀ ਕਾਨੂੰਨ’ ਬਣਿਆ ਸੀ। ਇਸ ਦੇ ਬਾਵਜੂਦ ਸਿਆਸਤਦਾਨ ਫ਼ਸਲੀ ਬਟੇਰਿਆਂ ਵਾਂਗ ਖੇਤ ਚੁਗਣ ਤੋਂ ਬਾਅਦ ਉਡਾਰੀਆਂ ਮਾਰਨੋਂ ਨਹੀਂ ਹਟੇ। ਜਿਸ ਸੂਬੇ ਵਿਚ ਵੀ ਚੋਣਾਂ ਦਾ ਨਗਾਰਾ ਵੱਜਦਾ ਹੈ, ਉਸੇ ਸੂਬੇ ਵਿਚ ਦਲ ਬਦਲੂਆਂ ਦੀਆਂ ਖ਼ਬਰਾਂ ਵੀ ਹਰ ਰੋਜ਼ ਮਿਲਦੀਆਂ ਹਨ। ਪਿੱਛੇ ਜਿਹੇ ਬੰਗਾਲ ਦੀਆਂ ਚੋਣਾਂ ਵਿਚ ਦੇਖਿਆ ਕਿ ਥੋਕ ਵਿਚ ਟੀਐੱਮਸੀ ਦੇ ਵਿਧਾਇਕ ਅਤੇ ਕਾਰਕੁੰਨ ਭਾਜਪਾ ਵਿਚ ਗਏ ਅਤੇ ਜਿਵੇਂ ਹੀ ਮਮਤਾ ਬੈਨਰਜੀ ਨੇ ਇਕ ਵਾਰ ਫਿਰ ਸਰਕਾਰ ਬਣਾ ਲਈ, ਫਿਰ ਭਾਜਪਾ ਤੋਂ ਟੀਐੱਮਸੀ ਵਿਚ ਵਾਪਸੀ ਦਾ ਕ੍ਰਮ ਆਰੰਭ ਹੋ ਗਿਆ। ਤਾਜ਼ਾ ਖ਼ਬਰ ਇਹ ਹੈ ਕਿ ਜਲਦ ਹੀ ਭਾਰਤੀ ਜਨਤਾ ਪਾਰਟੀ ਸਮਾਜਵਾਦੀਆਂ ਦੇ ਗੜ੍ਹ ਵਿਚ ਸੰਨ੍ਹਮਾਰੀ ਕਰ ਕੇ ਕੁਝ ਨੇਤਾਵਾਂ ਨੂੰ ਆਪਣੇ ਵਿਹੜੇ ਵਿਚ ਲਿਆ ਰਹੀ ਹੈ।
ਪੰਜਾਬ ਵਿਚ ਇਹ ਮੰਦਭਾਗਾ ਵਰਤਾਰਾ ਹੁਣ ਹਰ ਰੋਜ਼ ਦੀ ਖ਼ਬਰ ਹੈ। ਆਮ ਆਦਮੀ ਪਾਰਟੀ (ਆਪ) ਦੇ ਦੋ ਵਿਧਾਇਕ ਪਿੱਛੇ ਜੇਹੇ ਕਾਂਗਰਸ ਵਿਚ ਜਾ ਚੁੱਕੇ ਹਨ। ‘ਆਪ’ ਦੇ ਵਿਧਾਇਕ ਜਗਤਾਰ ਸਿੰਘ ਜੱਗਾ ਹਿੱਸੋਵਾਲ ਨੇ ਤਾਂ ਇਕ ਨਵਾਂ ਅਧਿਆਇ ਲਿਖ ਦਿੱਤਾ। ਉਹ ਵਿਧਾਨ ਸਭਾ ‘ਚ ਇਜਲਾਸ ਦੌਰਾਨ ਹੀ ਕਾਂਗਰਸ ਦੇ ਹੋ ਗਏ। ਆਪਣੇ ਲੰਬੇ ਸਿਆਸੀ ਜੀਵਨ ਵਿਚ ਮੈਂ ਅਜਿਹਾ ਵਰਤਾਰਾ ਕਦੇ ਨਹੀਂ ਵੇਖਿਆ। ਕੋਈ ਵੀ ਅਜਿਹਾ ਹਫ਼ਤਾ ਨਹੀਂ ਜਾ ਰਿਹਾ ਜਦ ਅਕਾਲੀ ਦਲ ਦੇ ਨੇਤਾ ਕੁਝ ਲੋਕਾਂ ਨੂੰ ਆਪਣੇ ਨਾਲ ਖੜ੍ਹਾ ਕਰ ਕੇ ਉਨ੍ਹਾਂ ਨੂੰ ਕਾਂਗਰਸ ਜਾਂ ‘ਆਪ’ ਤੋਂ ਆਪਣੀ ਪਾਰਟੀ ਵਿਚ ਲਿਆਉਣ ਦਾ ਦਾਅਵਾ ਕਰਦੇ ਹੋਏ ਦਿਖਾਈ ਨਾ ਦਿੰਦੇ ਹੋਣ। ਇਕ ਸੱਚ ਤਾਂ ਇਹ ਹੈ ਕਿ ਬਹੁਤ ਸਾਰੇ ਨੇਤਾ ਅਜਿਹੇ ਹਨ ਜੋ ਦਲ ਬਦਲਣ ਤੋਂ ਬਾਅਦ ਉਨ੍ਹਾਂ ਬੁਲੰਦੀਆਂ ‘ਤੇ ਪੁੱਜ ਗਏ ਜੋ ਉਨ੍ਹਾਂ ਨੂੰ ਆਪਣੀ ਪਾਰਟੀ ਵਿਚ ਮਿਲਣ ਦੀ ਸੰਭਾਵਨਾ ਨਹੀਂ ਸੀ। ਅਜਿਹੇ ਕੁਝ ਨੇਤਾ ਤਾਂ ਸੰਸਦ ਵਿਚ ਵੀ ਪਹਿਲੀ ਪੰਕਤੀ ਵਿਚ ਬੈਠੇ ਹਨ।
ਹੈਰਾਨੀ ਇਸ ਗੱਲ ਦੀ ਹੈ ਕਿ ਜੋ ਕਾਂਗਰਸ ਦਾ ਸੰਸਦ ਮੈਂਬਰ ਪਹਿਲਾਂ ਭਾਜਪਾ ਨੂੰ ਪਾਣੀ ਪੀ-ਪੀ ਕੇ ਕੋਸਦਾ ਰਹਿੰਦਾ ਸੀ, ਉਹ ਵੀ ਰਾਮ ਨਾਮ ਜਪਦਾ ਹੋਇਆ ਭਾਜਪਾ ਦਾ ਸੰਸਦ ਮੈਂਬਰ ਵੀ ਬਣਿਆ ਅਤੇ ਸੀਨੀਅਰ ਨੇਤਾ ਵੀ। ਪੰਜਾਬ ਵਿਚ ਦੋ ਵੱਡੇ ਕਾਂਗਰਸੀ ਨੇਤਾ ਮਨਪ੍ਰੀਤ ਸਿੰਘ ਬਾਦਲ ਅਤੇ ਨਵਜੋਤ ਸਿੰਘ ਸਿੱਧੂ ਵੀ ਦਲ ਬਦਲ ਕੇ ਕਾਂਗਰਸ ਵਿਚ ਆਏ ਹੋਏ ਹਨ। ਨਵਜੋਤ ਸਿੰਘ ਸਿੱਧੂ ਨੂੰ ਭਾਜਪਾ ਨੇ ਫਰਸ਼ ਤੋਂ ਅਰਸ਼ ਤਕ ਪਹੁੰਚਾ ਦਿੱਤਾ ਅਤੇ ਉਸੇ ਪ੍ਰਸਿੱਧੀ ਦਾ ਲਾਹਾ ਚੁੱਕ ਕੇ ਅੱਜ ਉਹ ਕਾਂਗਰਸ ਨੂੰ ਉਂਗਲੀਆਂ ‘ਤੇ ਨਚਾ ਰਹੇ ਹਨ। ਮਨਪ੍ਰੀਤ ਬਾਦਲ ਵਿੱਤ ਮੰਤਰੀ ਬਣ ਕੇ ਯਕੀਨਨ ਆਪਣੀ ਕਾਮਯਾਬੀ ‘ਤੇ ਖ਼ੁਸ਼ ਹੋ ਰਹੇ ਹੋਣਗੇ।
ਜਿਵੇਂ ਹੀ 2022 ਦੀਆਂ ਵਿਧਾਨ ਸਭਾ ਚੋਣਾਂ ਪੰਜ ਸੂਬਿਆਂ ਵਿਚ ਸਿਰੇ ਚੜ੍ਹ ਜਾਣਗੀਆਂ, ਕੁਝ ਸਮੇਂ ਲਈ ਦਲ ਬਦਲਣ ਦੀ ਖੇਡ ਇਨ੍ਹਾਂ ਸੂਬਿਆਂ ਵਿਚ ਰੁਕ ਜਾਵੇਗੀ ਪਰ ਜਿੱਥੇ ਚੋਣਾਂ ਦੀ ਆਹਟ ਹੋਵੇਗੀ, ਉੱਥੇ ਇਹ ਰੁਝਾਨ ਜ਼ੋਰ ਫੜਨ ਲੱਗੇਗਾ। ਠੀਕ ਉਸੇ ਤਰ੍ਹਾਂ ਜਿਸ ਤਰ੍ਹਾਂ ਅਸੀਂ ਉਡੀਕ ਕਰ ਰਹੇ ਹਾਂ ਕਿ ਸਰਦੀ ਆਉਣ ਤੋਂ ਬਾਅਦ ਡੇਂਗੂ ਦਾ ਮੱਛਰ ਆਪਣੇ-ਆਪ ਹੀ ਸਮਾਪਤ ਹੋ ਜਾਵੇਗਾ ਅਤੇ ਅਗਲੇ ਸਾਲ ਦੀਆਂ ਗਰਮੀਆਂ ਵਿਚ ਫਿਰ ਡਰਾਉਣ ਲੱਗੇਗਾ। ਸਵਾਲ ਇਹ ਹੈ ਕਿ ਸਿਆਸੀ ਸੱਤਾ ਦੀ ਆਕਸੀਜਨ ਦੀ ਤਲਾਸ਼ ਵਿਚ ਭਟਕਣ ਅਤੇ ਬਹੁਤ ਕਾਮਯਾਬ ਹੋਣ ਵਾਲੇ ਇਨ੍ਹਾਂ ਨੇਤਾਵਾਂ ਨੂੰ ਜਨਤਾ ਕਦੋਂ ਸਬਕ ਸਿਖਾਵੇਗੀ। ਜਨਤਾ ਹੀ ਇਨ੍ਹਾਂ ਦੀ ਸ਼ਾਮਤ ਲਿਆ ਸਕਦੀ ਹੈ ਕਿਉਂਕਿ ਲੋਕਤੰਤਰ ਵਿਚ ਧੋਖਾ ਹੁਣ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
ਲੋਕ ਤੈਅ ਕਰਨਗੇ ਕਿ ਜੋ ਜਨਤਾ ਦਾ ਵਫ਼ਾਦਾਰ ਨਹੀਂ, ਆਪਣੀ ਪਾਰਟੀ ਦਾ ਵਫ਼ਾਦਾਰ ਨਹੀਂ, ਉਸ ਨੂੰ ਕਦੇ ਵੀ ਸੱਤਾ ਦੇ ਸਿਖਰ ‘ਤੇ ਨਹੀਂ ਪੁੱਜਣ ਦਿੱਤਾ ਜਾਵੇਗਾ।
ੲੲੲ

Check Also

68ਵੀਂ ਵਿਸ਼ਵ ਸਿੱਖ ਵਿੱਦਿਅਕ ਕਾਨਫ਼ਰੰਸ ‘ਤੇ ਵਿਸ਼ੇਸ਼

ਸਿੱਖ ਸਮਾਜ ਦੀ ਸਿੱਖਿਆ ਚੇਤਨਾ ਤੇ ਸਿੱਖ ਵਿੱਦਿਅਕ ਕਾਨਫ਼ਰੰਸ ਤਲਵਿੰਦਰ ਸਿੰਘ ਬੁੱਟਰ ਮਹਾਰਾਜਾ ਰਣਜੀਤ ਸਿੰਘ …