ਡਾ. ਗੁਰਵਿੰਦਰ ਸਿੰਘ
”ਭੁਲੀਏ ਨਾ ਕੁਰਬਾਨੀਆਂ, ਰੱਖੀਏ ਹਿਰਦੇ ਧਾਰ।
ਅੱਜ ਜੋ ਮਿਲਣ ਸਹੂਲਤਾਂ, ਯੋਧਿਆਂ ਦੇ ਉਪਕਾਰ।”
ਇਤਿਹਾਸਕਾਰ ਅਤੇ ਲੇਖਕ ਸੋਹਣ ਸਿੰਘ ਪੂੰਨੀ ਕਿਸੇ ਜਾਣ-ਪਛਾਣ ਦੇ ਮੁਥਾਜ ਨਹੀਂ। ਪੰਜਾਬ ਦੇ ਨਵਾਂਸ਼ਹਿਰ ਜ਼ਿਲ੍ਹੇ ਦੇ ਬੰਗਿਆਂ ਨੇੜੇ ਪਿੰਡ ਜੀਂਦੋਵਾਲ ‘ਚ ਜਨਮੇ ਸੋਹਣ ਸਿੰਘ ਪੂੰਨੀ ਨੇ ਸਿੱਖ ਨੈਸ਼ਨਲ ਕਾਲਜ ਬੰਗਾ ਤੋਂ ਬੀ.ਏ. ਕਰਨ ਮਗਰੋਂ, ਪੰਜਾਬ ਯੂਨੀਵਰਸਿਟੀ ਕੈਂਪਸ ਚੰਡੀਗੜ੍ਹ ਤੋਂ ਇਤਿਹਾਸ ਦੀ ਐਮ.ਏ. ਕੀਤੀ। ਉਹਨਾਂ ਬੇਰਿੰਗ ਯੂਨੀਅਨ ਕ੍ਰਿਸਚਨ ਕਾਲਜ, ਬਟਾਲਾ ਵਿਖੇ ਕੁਝ ਸਮਾਂ ਇਤਿਹਾਸ ਪੜ੍ਹਾਇਆ ਅਤੇ 1972 ‘ਚ ਕੈਨੇਡਾ ਆ ਗਏ। ਆਪ ਨੇ 2009 ਵਿੱਚ ‘ਕਨੇਡਾ ਦੀ ਗਦਰੀ ਯੋਧੇ’ ਕਿਤਾਬ ਲਿਖ ਕੇ ਗਦਰੀ ਯੋਧਿਆਂ ਦੇ ਇਤਿਹਾਸ ਬਾਰੇ ਵਡਮੁੱਲਾ ਕਾਰਜ ਕੀਤਾ। ਮੌਜੂਦਾ ਸਮੇਂ ਆਪ ਦੀ ਕਿਤਾਬ ‘ਅਮਰੀਕਾ ਦੇ ਗਦਰੀ ਯੋਧੇ’ 15 ਅਗਸਤ ਨੂੰ ਗ਼ਦਰ ਮੈਮੋਰੀਅਲ ਸੁਸਾਇਟੀ ਕੈਨੇਡਾ ਵੱਲੋਂ, ਖ਼ਾਲਸਾ ਲਾਇਬਰੇਰੀ, ਸਰੀ ਵਿੱਚ ਲੋਕ ਅਰਪਣ ਕੀਤੀ ਜਾ ਰਹੀ ਹੈ। ਇਸ ਮੌਕੇ ‘ਤੇ ਖੋਜ ਭਰਪੂਰ ਲਿਖਤ ਬਾਰੇ ਵਿਚਾਰ-ਗੋਸ਼ਟੀ ਵੀ ਹੋਵੇਗੀ, ਜਿਸ ‘ਚ ਸਭ ਨੂੰ ਸ਼ਾਮਿਲ ਹੋਣ ਲਈ ਖ਼ੁੱਲ੍ਹਾ ਸੱਦਾ ਹੈ। ਇਸ ਤੋਂ ਇਲਾਵਾ 16 ਅਗਸਤ ਨੂੰ, ‘ਪੰਜਾਬੀ ਸਹਿਤ ਸਭਾ ਸਿਆਟਲ’ ਵੱਲੋਂ ਇੱਕ ਰੋਜ਼ਾ ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸ ਵਿੱਚ ਇਹ ਕਿਤਾਬ, ਅਮਰੀਕਾ ਦੀ ਧਰਤੀ ‘ਤੇ ਰਿਲੀਜ਼ ਹੋਵੇਗੀ।
25 ਆਜ਼ਾਦੀ ਘੁਲਾਟੀਆਂ ਦੀ ਜੀਵਨੀ ‘ਤੇ ਆਧਾਰਤ ਇਸ ਕਿਤਾਬ ਦੀ ਭੂਮਿਕਾ ਵਿੱਚ ਸੋਹਣ ਸਿੰਘ ਪੂੰਨੀ ਵੱਲੋਂ ਲਿਖੇ ਸ਼ਬਦ ਡੂੰਘੇ ਅਰਥ ਰੱਖਦੇ ਹਨ, ”15 ਅਗਸਤ 1947 ਦੀ ਕਾਰਵਾਈ ਸਿਰਫ ਸੱਤਾ ਦਾ ਪਰਿਵਰਤਨ ਸੀ, ਜਿਸ ਵਿੱਚ ਰਾਜ-ਪਾਠ ਗੋਰੇ ਲੁਟੇਰਿਆਂ ਦੇ ਹੱਥੋਂ ਨਿਕਲ ਕੇ ‘ਦੇਸੀ ਅੰਗਰੇਜ਼ਾਂ’ ਦੇ ਹੱਥ ਵਿੱਚ ਆ ਗਿਆ ਸੀ। ਗਦਰੀਆਂ ਦੀ ਸੋਚ ਵਾਲਾ ਕੌਮੀ ਤੇ ਜਮਹੂਰੀ ਇਨਕਲਾਬ ਅਧੂਰਾ ਪਿਆ ਹੈ।” ਮਾਨਸਿਕ ਗੁਲਾਮ ਲਿਖਾਰੀਆਂ ਵੱਲੋਂ ਘੜ੍ਹੇ ਝੂਠੇ, ਦੋਸ਼ ਪੂਰਨ ਤੇ ਪੱਖਪਾਤੀ ਇਤਿਹਾਸ ਬਾਰੇ ਸੋਹਣ ਸਿੰਘ ਪੂੰਨੀ ਦਾ ਕਹਿਣਾ ਹੈ ਕਿ ਰਾਜ ਸੱਤਾ ‘ਤੇ ਕਾਬਜ਼ ਸਿਆਸਤਦਾਨਾਂ ਵੱਲੋਂ ਲਿਖਵਾਇਆ ਇਤਿਹਾਸ ਹੀ ਆਮ ਤੌਰ ‘ਤੇ ਲੋਕਾਂ ਤੱਕ ਪੁੱਜਿਆ ਕਰਦਾ ਹੈ। 1947 ‘ਚ ਜਾਣ ਲੱਗਿਆਂ ਅੰਗਰੇਜ਼ ਭਾਰਤ ਦੀ ਵਾਗਡੋਰ ਜਿਨ੍ਹਾਂ ਕਾਂਗਰਸੀ ਸਿਆਸਤਦਾਨਾਂ ਦੇ ਹੱਥ ਦੇ ਗਏ, ਉਹਨਾਂ ਦਾ ਕਹਿਣਾ ਸੀ ਕੀ ਆਜ਼ਾਦੀ ਸਿਰਫ ਉਨ੍ਹਾਂ ਦੇ ਸ਼ਾਂਤਮਈ ਅੰਦੋਲਨ ਸਦਕਾ ਹੀ ਮਿਲੀ ਹੈ। ਇਨ੍ਹਾਂ ਹੁਕਮਰਾਨਾਂ ਦੇ ਇਸ਼ਾਰਿਆਂ ‘ਤੇ ਲਿਖੇ ਇਤਿਹਾਸ ਵਿੱਚ, ਦੇਸ਼ ਦੀ ਆਜ਼ਾਦੀ ਲਈ ਹਥਿਆਰਬੰਦ ਸੰਘਰਸ਼ ਕਰਨ ਵਾਲੇ ਗਦਰੀ ਯੋਧਿਆਂ ਲਈ ਕੋਈ ਥਾਂ ਨਹੀਂ ਸੀ ਹੋ ਸਕਦੀ।
ਲੇਖਕ ਦਾ ਮੰਨਣਾ ਹੈ ਕਿ ਹਾਕਮਾਂ ਦੇ ਇਸ਼ਾਰਿਆਂ ਤੇ ਵਿਕਾਊ ਅਤੇ ਡਰੂ ਇਤਿਹਾਸਕਾਰ ਇਹੀ ਲਿਖਦੇ ਰਹੇ ਹਨ ਕਿ ਕਾਂਗਰਸ ਤੇ ਗਾਂਧੀ ਨੇ ਖੂਨ ਦਾ ਇੱਕ ਵੀ ਖਤਰਾ ਵਹਾਏ ਬਿਨਾ ਆਜ਼ਾਦੀ ਸ਼ਾਂਤਮਾਈ ਤਰੀਕਿਆਂ ਨਾਲ ਲੈ ਕੇ ਦਿੱਤੀ ਸੀ। ਬਾਬਾ ਸੋਹਣ ਸਿੰਘ ਭਕਨਾ ਇਸ ਇਤਿਹਾਸ ਨੂੰ ਦੇਸ਼ ਦੀ ਆਜ਼ਾਦੀ ਲਈ ਜਾਨਾਂ ਵਾਰਨ ਵਾਲੇ ਲੱਖਾਂ ਲੋਕਾਂ ਨਾਲ ਧ੍ਰੋਹ ਸਮਝਦੇ ਸਨ, ਦੇਸ਼ ਦੀ ਆਜ਼ਾਦੀ ਲਈ ਡੁੱਲੇ ਪਵਿੱਤਰ ਖੂਨ ਦੀ ਤੌਹੀਨ ਸਮਝਦੇ ਸਨ। ਲੇਖਕ ਵਿਕਾਊ ਅਤੇ ਮੌਕਾ ਪ੍ਰਸਤ ਲੇਖਕਾਂ ਤੋਂ ਅੱਕਿਆ ਇਥੋਂ ਤੱਕ ਆਖਦਾ ਹੈ, ”ਦਿਲ ਕਰਦਾ ਹੈ ਅਜਿਹੇ ਇਤਿਹਾਸਕਾਰਾਂ ਨੂੰ ਗਿੱਚੀ ਤੋਂ ਫੜ ਕੇ, ਦੇਸ਼ ਦੀ ਆਜ਼ਾਦੀ ਲਈ ਜਾਨਾਂ ਵਾਰਨ ਵਾਲੇ ਸ਼ਹੀਦਾਂ ਦੇ ਖੂਨ ‘ਚ ਡਬੋ ਦੇਵਾਂ।”
ਅਮਰੀਕਾ ਦੇ ਗਦਰੀ ਯੋਧਿਆਂ ਦੇ ਸੁਪਨੇ 1947 ਦੀ ਆਜ਼ਾਦੀ ਨਾਲ ਪੂਰੇ ਨਹੀਂ ਹੋਏ, ਬਲਕਿ ਉਹਨਾਂ ਦੇ ਦਿਲਾਂ ਨੂੰ ਭਾਰੀ ਸੱਟ ਵੱਜੀ। ਉਹ ਕਿਹੋ-ਜਿਹਾ ਰਾਜ ਸਿਰਜਣਾ ਚਾਹੁੰਦੇ ਸਨ, ਇਸ ਬਾਰੇ ਗਦਰੀ ਯੋਧੇ ਬਾਬਾ ਸੋਹਣ ਸਿੰਘ ਭਕਨਾ ਦੇ ਖਿਆਲ ਪ੍ਰਗਟਾਉਂਦੇ ਹੋਏ ਸੋਹਣ ਸਿੰਘ ਪੂੰਨੀ ਲਿਖਦੇ ਹਨ ਕਿ ਉਹਨਾਂ ਨੇ ਹਿੰਦੁਸਤਾਨ ਨੂੰ ਆਜ਼ਾਦ ਕਰਾ ਕੇ, ਉਥੇ ਅਮਰੀਕਾ ਵਰਗਾ ਪੰਚਾਇਤੀ ਰਾਜ (ਸੈਕੂਲਰ ਡੈਮੋਕਰੇਟਿਕ ਰਿਪਬਲਿਕ) ਕਾਇਮ ਕਰਨਾ ਸੀ। ਉਹਨਾਂ ਸਿਰਫ ਮੁਲਕ ਆਜ਼ਾਦ ਨਹੀਂ ਸੀ ਕਰਾਉਣਾ, ਸਗੋਂ ਉਥੋਂ ਦੇ ਲੋਕਾਂ ਵਿੱਚ ਆਰਥਿਕ ਅਤੇ ਸਮਾਜਿਕ ਬਰਾਬਰੀ ਵੀ ਕਾਇਮ ਕਰਨੀ ਸੀ। ਉਹਨਾਂ ਤਾਂ ‘ਸਤਯੁਗ’ ਵਰਤਾਉਣਾ ਸੀ, ‘ਸਤਯੁਗ’ ਭਾਵ ਭਗਤ ਰਵਿਦਾਸ ਵਾਲਾ ‘ਬੇਗਮਪੁਰਾ’ ਬਣਾਉਣਾ ਸੀ ਸਾਰੇ ਦੇਸ਼ ਨੂੰ ਉਹਨਾਂ। ਗੁਰੂ ਨਾਨਕ ਦੀ ਸੋਚ ਵਾਲਾ ‘ਸਾਂਝੀਵਾਲਤਾ ਦਾ ਨਿਜ਼ਾਮ’ ਸਿਰਜਣਾ ਸੀ : ”ਸਭੇ ਸਾਂਝੀਵਾਲ ਸਦਾਇਨਿ ਤੂੰ ਕਿਸੈ ਨ ਦੀਸੈ ਬਾਹਰਾ ਜੀਉ” ਸਚ ਕਰਕੇ ਵਿਖਾਉਣਾ ਸੀ ਉਹਨਾਂ। ਦਰਅਸਲ ਭਕਨੇ ਹੋਰਾਂ ਨੂੰ ਸਿਰਫ ਹਿੰਦੁਸਤਾਨ ਦਾ ਹੀ ਨਹੀਂ, ਸਗੋਂ ਸਾਰੀ ਦੁਨੀਆ ਦਾ ਫਿਕਰ ਸੀ। ਭਕਨਾ ਸਿੱਖ ਪਰਿਵਾਰ ਵਿੱਚ ਜੰਮਿਆ ਪਲਿਆ ਸੀ। ਗੁਰੂ ਨਾਨਕ ਦਾ ਸੱਚਾ ਸਿੱਖ ਸੀ ਉਹ। ਗੁਰੂ ਨਾਨਕ ਦੀ ਬਾਣੀ ਵੀ ਉਹਨਾਂ ਨੂੰ ਸਾਰੀ ਦੁਨੀਆ ਨਾਲ ਪਿਆਰ ਕਰਨਾ ਸਿਖਾਉਂਦੀ ਸੀ। ਸਾਰੀ ਦੁਨੀਆ ਦਾ ਫਿਕਰ ਸੀ ਉਨ੍ਹਾਂ ਨੂੰ ਵੀ ਗੁਰੂ ਨਾਨਕ ਵਾਂਗ। ਭਕਨੇ ਹੋਰੀਂ ਗੁਰੂ ਨਾਨਕ ਤੋਂ ਸੇਧ ਲੈਂਦਿਆਂ, ਸਾਰੀ ਦੁਨੀਆ ‘ਚੋਂ ਹਨੇਰ ਖਤਮ ਕਰਨਾ ਚਾਹੁੰਦੇ ਸਨ, ਸਾਰੇ ਸੰਸਾਰ ‘ਚੋਂ ਜ਼ੁਲਮ ਖਤਮ ਕਰਨਾ ਚਾਹੁੰਦੇ ਸਨ। ਭਕਨੇ ਹੋਰਾਂ ਦੀ ਇਹ ਸੋਚ ਗਦਰ ਅਖਬਾਰ ਵਿੱਚ ਛਪੇ ਲੇਖਾਂ ਤੋਂ ਦੇਖੀ ਜਾ ਸਕਦੀ ਹੈ।
‘ਅਮਰੀਕਾ ਦੇ ਗਦਰੀ ਯੋਧੇ’ ਕਿਤਾਬ ‘ਚੋਂ ਇਹ ਪਤਾ ਲੱਗਦਾ ਹੈ ਕਿ 47 ਦੀ ਭਾਰਤ ਦੀ ਵੰਡ ਮਗਰੋਂ, ਗਦਰੀ ਬਾਬੇ ਕਿਵੇਂ ਜੇਲ੍ਹਾਂ ਵਿੱਚ ਬੰਦ ਕੀਤੇ ਗਏ। ਗਦਰ ਪਾਰਟੀ ਦੇ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਨੂੰ 1948 ਵਿੱਚ ਧਰਮਸ਼ਾਲਾ ਨੇੜੇ ਯੋਲ ਕੈਂਪ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ। ਭਾਰਤ ਵਿੱਚ 78 ਸਾਲ ਦੀ ਉਮਰ ‘ਚ ਬਾਬਾ ਭਕਨਾ ਨੇ ਭੁੱਖ ਹੜਤਾਲ ਕੀਤੀ, ਜਿਸ ਕਾਰਨ ਉਹਨਾਂ ਦਾ ਲੱਕ ਕੁੱਬਾ ਹੋ ਗਿਆ। ਆਪਣੇ ਜੀਵਨ ਦੇ ਆਖਰੀ 20 ਸਾਲ, ਆਜ਼ਾਦ ਭਾਰਤ ਦੀ ਸਰਕਾਰ ਵੱਲੋਂ ਮਿਲੇ ਕੁਬੇ ਲੱਕ ਦੇ ਇਸ ‘ਤੋਹਫੇ’ ਨਾਲ ਹੀ ਉਹ ਜੀਵੇ ਸਨ ;
ਬਾਬੇ ਭਕਨੇ ਜੋ ਕਿਹਾ, ਸੁਣ ਕੇ ਨਿਕਲੇ ਭੁੱਬ।
”ਸਾਡੇ ਹਾਕਮ ਪਾ ਰਹੇ, ਸਾਡੇ ਪਿੱਠੀਂ ਕੁੱਬ”।
ਸੱਚੇ-ਸੁੱਚੇ ਇਤਿਹਾਸਕਾਰ ਵਜੋਂ ਸੋਹਣ ਸਿੰਘ ਪੂੰਨੀ ਨੇ ਬੇਬਾਕੀ ਨਾਲ, ਗਦਰੀ ਯੋਧਿਆਂ ਦੀਆਂ ਅਜਿਹੀਆਂ ਸਾਖੀਆਂ ਲਿਖੀਆਂ ਹਨ, ਜਿਹੜੀਆਂ ਫਾਸ਼ੀਵਾਦੀ ਭਾਰਤੀ ਹਕੂਮਤ ਦੀਆਂ ਧੱਕੇਸ਼ਾਹੀਆਂ ਪਾਠਕਾਂ ਸਾਹਮਣੇ ਪੇਸ਼ ਕਰਦੀਆਂ ਹਨ। ਗਦਰੀ ਯੋਧੇ ਬਾਬਾ ਭਗਵਾਨ ਸਿੰਘ ‘ਪ੍ਰੀਤਮ’ ਨੇ ਵੰਡ ਮਗਰੋਂ ਭਾਰਤ ਵਿੱਚ ਫੈਲੇ ਅਨਰਥ ਨੂੰ ਵੇਖਦਿਆਂ ਇੱਕ ਭਾਸ਼ਣ ਵਿੱਚ ਇੱਥੋਂ ਤੱਕ ਕਹਿ ਦਿੱਤਾ ਸੀ, ”ਜੇ ਅੱਜ ਉਹਨਾਂ ਕੋਲ ਕਰਤਾਰ ਸਿੰਘ ਸਰਾਭਾ, ਹਰਨਾਮ ਸਿੰਘ ਸਾਹਰੀ ਅਤੇ ਕਰਤਾਰ ਸਿੰਘ ਚੰਦ ਨਵਾਂ ਵਰਗੇ ਯੋਧੇ ਹੁੰਦੇ, ਤਾਂ ਉਹ ਗਦਰ ਪਾਰਟੀ ਬਣਾ ਲੈਂਦੇ।” ਲੇਖਕ ਨੇ ’47 ਮਗਰੋਂ ਗਦਰੀਆਂ ਉੱਪਰ ਆਜ਼ਾਦ ਭਾਰਤ ‘ਚ ਢਹੇ ਤਸ਼ੱਦਦ ਬਾਰੇ ਦਿਲ ਕੰਬਾਊ ਵੇਰਵੇ ਦਿੱਤੇ ਹਨ।
ਗਦਰੀ ਯੋਧੇ ਬਾਬਾ ਰੂੜ ਸਿੰਘ ਚੂਹੜ ਚੱਕ ਦੇ ਆਖਰੀ ਸਮੇਂ ਬਾਰੇਇਕਸ਼ਾਫ ਕਰਦਾ ਹੋਇਆ ਲੇਖਕ ਤੜਪ ਉੱਠਦਾ ਹੈ, ”ਹਿੰਦੁਸਤਾਨ ਦੀ ਆਜ਼ਾਦੀ ਲਈ ਅਮਰੀਕਾ ਦੇ ਸੁੱਖਾਂ ਨੂੰ ਤਿਆਗ ਕੇ ਭਾਰਤ ਆਉਣ ਵਾਲੇ, ਦੇਸ਼ ਦੀ ਆਜ਼ਾਦੀ ਲਈ ਅੰਗਰੇਜ਼ ਸਰਕਾਰ ਦੀਆਂ ਜੇਲ੍ਹਾਂ ਵਿੱਚ ਜ਼ਿੰਦਗੀ ਗਾਲਣ ਵਾਲੇ ਬਾਬਾ ਰੂੜ ਸਿੰਘ ਨੂੰ, ਆਜ਼ਾਦ ਭਾਰਤ ਵਿੱਚ 70 ਸਾਲ ਦੀ ਉਮਰੇ ‘ਅੰਡਰਗਰਾਉਂਡ’ ਹੋਣਾ ਪਿਆ।” ਰੂਪੋਸ਼ੀ ਦੇ ਦਿਨਾਂ ਵਿੱਚ ਹੀ ਬਾਬਾ ਜੀ ਦੀ ਮੌਤ ਹੋ ਗਈ ਸੀ। ਬਾਬਾ ਜੀ ਦੇ ਸਾਥੀਆਂ, ਰਾਤ ਦੇ ਹਨ੍ਹੇਰੇ ਵਿੱਚ, ਪੁਲਿਸ ਤੋਂ ਚੋਰੀ, ਉਹਨਾਂ ਦੀ ਲਾਸ਼ ਚੂਹੜ ਚੱਕ ਪਹੁੰਚਾ ਦਿੱਤੀ ਸੀ ਤੇ ਬਾਬਾ ਜੀ ਦਾ ਚੁੱਪ-ਚਾਪ ਸਸਕਾਰ ਕਰ ਦਿੱਤਾ ਗਿਆ। ‘ਅਮਰੀਕਾ ਦੇ ਗਦਰੀ ਯੋਧੇ’ ਕਿਤਾਬ ਕੇਵਲ ਇਤਿਹਾਸ ਨਹੀਂ, ਬਲਕਿ ਦਿਲ ‘ਚੋਂ ਲਹੂ ਦੇ ਹੰਝੂ ਕੇਰਨ ਵਾਲੀ ਦਾਸਤਾਨ ਕਹੀ ਜਾ ਸਕਦੀ ਹੈ। ਅਮਰੀਕਾ ਤੋਂ ਭਾਰਤ ਜਾ ਕੇ ਸ਼ਹੀਦ ਹੋਣ ਵਾਲੇ ਯੋਧਿਆਂ ਦੀਆਂ ਕੁਰਬਾਨੀਆਂ ਦੇ ਉਲਟ, ਸਰਕਾਰੀ ਝੋਲੀ-ਚੁੱਕਾਂ ਨੂੰ ਆਜ਼ਾਦ ਭਾਰਤ ਵਿੱਚ ਮਿਲੀਆਂ ਸੁਖ-ਸਹੂਲਤਾਂ ਬਾਰੇ ਇਤਿਹਾਸਕਾਰ ਪੂੰਨੀ ਲਿਖਦੇ ਹਨ ਕਿ ਅੰਗਰੇਜ਼ਾਂ ਦੀ ਮਦਦ ਕਰਨ ਵਾਲੇ ਉਹ ਹਿੰਦੁਸਤਾਨੀ, ਜਿਹੜੇ ਕਿ ਆਜ਼ਾਦ ਭਾਰਤ ਦੀਆਂ ਜੇਲ੍ਹਾਂ ‘ਚ ਬੰਦ ਹੋਣੇ ਚਾਹੀਦੇ ਸਨ, 1947 ਤੋਂ ਬਾਅਦ ਉਹ ‘ਦੇਸੀ ਅੰਗਰੇਜ਼ਾਂ’ ਦੀ ਸੇਵਾ ਕਰਨ ਲੱਗ ਪਏ ਸਨ। ਗਦਰੀ ਦੇਸ਼ ਭਗਤਾਂ ਨੂੰ ਫੜਾਉਣ ਵਾਲੇ ਟਾਊਟਾਂ ਨੂੰ ਅੰਗਰੇਜ਼ਾਂ ਵੱਲੋਂ ਮਿਲੇ ਮੁਰੱਬਿਆਂ ‘ਤੇ ਉਨ੍ਹਾਂ ਦੇ ਪੁੱਤ-ਪੋਤੇ ਅੱਜ ਵੀ ਐਸ਼ਾਂ ਕਰ ਰਹੇ ਹਨ, ਪਰ ਅੰਗਰੇਜ਼ ਸਰਕਾਰ ਵੱਲੋਂ ਜ਼ਬਤ ਕੀਤੀਆਂ ਗਦਰੀਆਂ ਦੀਆਂ ਜਾਇਦਾਦਾਂ, ਹਾਲੇ ਵੀ ਉਹਨਾਂ ਦੇ ਵਾਰਸਾਂ ਨੂੰ ਵਾਪਸ ਨਹੀਂ ਮੋੜੀਆਂ ਗਈਆਂ।
ਸਰਕਾਰੀ ਲੇਖਕਾਂ ਵੱਲੋਂ ਛੁਪਾਏ ਤੱਥਾਂ ਨੂੰ ਜੱਗ ਜਾਹਰ ਕਰਦਿਆਂ, ‘ਅਮਰੀਕਾ ਦੇ ਗਦਰੀ ਯੋਧੇ’ ਸੱਚ ਦੀ ਗਵਾਹੀ ਕਹੀ ਜਾ ਸਕਦੀ ਹੈ। ਲੇਖਕ ਅਨੁਸਾਰ ਸੰਨ 1919 ਵਿੱਚ ਅਮਰੀਕਾ ‘ਚੋਂ ਗਦਰੀਆਂ ਨੂੰ ਦੇਸ਼ ਨਿਕਾਲੇ ਦੇ ਹੁਕਮ ਹੋ ਗਏ ਸਨ। ਉਸ ਵੇਲੇ ਗਦਰੀਆਂ ਦੀ ਡਿਪੋਰਟਸ਼ਨ ਰੋਕਣ ਲਈ ਅਮਰੀਕਾ ਦੇ ਮਨੁੱਖਵਾਦੀਆਂ, ਬੁੱਧੀਜੀਵੀਆਂ, ਪ੍ਰੈਸ ਅਤੇ ਮਜ਼ਦੂਰ ਯੂਨੀਅਨਾਂ ਗਦਰੀਆਂ ਦੇ ਹੱਕ ਵਿੱਚ ਖੜੀਆਂ ਹੋ ਗਈਆਂ। ਅਮਰੀਕਾ ਭਰ ‘ਚੋਂ ਗਦਰੀਆਂ ਦੇ ਦੇਸ਼ ਨਿਕਾਲੇ ਵਿਰੁੱਧ ਮਤੇ ਪਾਸ ਕਰਕੇ, ਅਮਰੀਕਾ ਦੇ ਡਿਪਾਰਟਮੈਂਟ ਆਫ ਲੇਬਰ ਨੂੰ ਭੇਜੇ ਗਏ, ਜਿਸ ਪਾਸ ਦੇਸ਼ ਨਿਕਾਲੇ ਦੇ ਇਹਨਾਂ ਹੁਕਮਾਂ ਦੀ ਸੁਣਵਾਈ ਹੋ ਰਹੀ ਸੀ, ਪਰ ਇਸ ਮੁਸ਼ਕਲ ਸਮੇਂ ਲਾਲਾ ਲਾਜਪਤ ਰਾਏ ਦੀ ‘ਹੋਮ-ਰੂਲ ਲੀਗ’ ਨੇ ਗਦਰੀਆਂ ਦੀਆਂ ਡਿਪੋਰਟੇਸ਼ਨਾਂ ਵਿਰੁੱਧ ਕੁਝ ਵੀ ਲਿਖਣ ਜਾਂ ਬੋਲਣ ਤੋਂ ਨਾਂਹ ਕਰ ਦਿੱਤੀ ਸੀ। ਇਥੋਂ ਸਪਸ਼ਟ ਹੁੰਦਾ ਹੈ ਕਿ ਅੱਜ ਦੇ ਭਾਰਤ ਵਿੱਚ ਜੋ ‘ਪੰਜਾਬ ਕੇਸਰੀ’ ਦਾ ਦਰਜਾ ਹਾਸਲ ਆਗੂ ਬਣੇ ਹੋਏ ਹਨ, ਉਹਨਾਂ ਅਮਰੀਕਾ ਵਿੱਚ ਵੀ ਅਤੇ ਭਾਰਤ ਵਿੱਚ ਵੀ, ਗਦਰੀਆਂ ਦੇ ਵਿਰੁੱਧ ਭੂਮਿਕਾ ਨਿਭਾਈ। ਇਹ ਸੱਚ ਇਤਿਹਾਸ ਵਿੱਚੋਂ ਜਾਣ-ਬੁਝ ਕੇ ਛੁਪਾਇਆ ਗਿਆ, ਜਿਸ ਨੂੰ ਸੋਹਣ ਸਿੰਘ ਪੂਨੀ ਨੇ ਸਾਹਮਣੇ ਲਿਆਉਂਦਿਆਂ, ਵੱਡਾ ਕਾਰਜ ਕੀਤਾ ਹੈ। ਦੂਜੇ ਪਾਸੇ ਮਹਾਨ ਗਦਰੀ ਯੋਧੇ ਬਾਬਾ ਹਰਨਾਮ ਸਿੰਘ ਟੁੰਡੀਲਾਟ ਦੀ ਜੀਵਨੀ ਹਲੂਣਾ ਦਿੰਦੀ ਹੈ ਕਿ ਉਹਨਾਂ ਦਾ ਇੱਕ ਹੱਥ ਹੋਣ ਦੇ ਬਾਵਜੂਦ, ਵੱਡੀ ਬਹਾਦਰੀ ਸੈਂਕੜੇ ਹੱਥਾਂ ਨੂੰ ਕੁਰਬਾਨੀਆਂ ਦੀ ਰਾਹ ਤੋਰ ਗਈ ;
”ਆਪਾ ਵਾਰ ਪੜ੍ਹਾ ਗਏ, ਆਜ਼ਾਦੀ ਦਾ ਪਾਠ।
ਸੈਆਂ ਹੱਥਾਂ ਸੰਗ ਲੜੇ, ਬਾਬਾ ਟੁੰਡੀਲਾਟ।”
ਅਮਰੀਕਾ ਦੇ ਗਦਰੀ ਯੋਧਿਆਂ ‘ਚ ਸ਼ਹੀਦ ਕਾਂਸ਼ੀ ਰਾਮ ਮੜੌਲੀ, ਸ਼ਹੀਦ ਬੰਤਾ ਸਿੰਘ ਸੰਘਵਾਲ, ਪੰਡਤ ਜਗਤ ਰਾਮ ਹਰਿਆਣਾ, ਸ਼ਹੀਦ ਰਾਮ ਰੱਖਾ ਸਾਹਿਬਾ, ਭਾਈ ਰਤਨ ਸਿੰਘ ਰਾਏਪੁਰ ਡੱਬਾ, ਸ਼ਹੀਦ ਸੁਰਜਨ ਸਿੰਘ ਫਤਿਹਗੜ੍ਹ, ਭਾਈ ਨਿਧਾਨ ਸਿੰਘ ਚੁੱਘਾ, ਭਾਈ ਦਲੀਪ ਸਿੰਘ ਫਾਹਲਾ, ਸ਼ਹੀਦ ਊਧਮ ਸਿੰਘ ਕਸੇਲ, ਬਾਬਾ ਵਿਸਾਖਾ ਸਿੰਘ ਦਦੇਹਰ, ਬਾਬੂ ਤਾਰਕ ਨਾਥ ਦਾਸ, ਭਾਈ ਕੇਸਰ ਸਿੰਘ ਠੱਠਗੜ੍ਹ, ਸ਼ਹੀਦ ਗਾਂਧਾ ਸਿੰਘ ਕੱਚਰਭੰਨ, ਭਾਈ ਸ਼ਿਵ ਸਿੰਘ ਕੋਟਲਾ, ਭਾਈ ਨਿਰੰਜਨ ਸਿੰਘ ਪੰਡੋਰੀ, ਸ਼ਹੀਦ ਭਾਨ ਸਿੰਘ ਸੁਨੇਤ ਅਤੇ ਭਾਈ ਅਮਰ ਸਿੰਘ ਕੋਟਲਾ ਸਮੇਤ ਮਹਾਨ ਸ਼ਖਸੀਅਤਾਂ ਦੀਆਂ ਜੀਵਨੀਆਂ ਬਾਰੇ ਖੋਜ ਭਰਪੂਰ ਜਾਣਕਾਰੀ ਅਤੇ ਸੰਘਰਸ਼ ਦਾ ਗਿਆਨ ਮਿਲਦਾ ਹੈ। ਸ਼ਹੀਦ ਭਾਈ ਅਰਜਨ ਸਿੰਘ ਖੁਖਰਾਣਾ ਦਾ ਹਵਾਲਾ ਦਿੰਦਿਆਂ ਇਤਿਹਾਸਕਾਰ ਪੂੰਨੀ ਲਿਖਦੇ ਹਨ, ”ਕੋਈ ਵੀ ਇਤਿਹਾਸਕਾਰ ਇਹ ਕਲੇਮ ਨਹੀਂ ਕਰ ਸਕਦਾ ਕਿ ਉਸ ਨੇ ਅੰਤਿਮ ਸੱਚ ਪਾ ਲਿਆ ਹੈ। ਅਸੀਂ ਵੀ ਇਹ ਕਲੇਮ ਨਹੀਂ ਕਰਦੇ।” ਇਥੇ ਉਨ੍ਹਾਂ ਇਤਿਹਾਸਿਕ ਹਵਾਲਿਆਂ ਨਾਲ ਦੱਸਿਆ ਕਿ ਭਾਈ ਅਰਜਨ ਸਿੰਘ ਖੁਖਰਾਣਾ ਦਾ ਅਸਲ ਵਿੱਚ ਨਾਂ ‘ਭਾਈ ਸੱਜਣ ਸਿੰਘ’ ਸੀ, ਪਰ ਗ਼ਦਰ ਦੇ ਸਾਹਿਤ ਵਿੱਚ ਉਹਨਾਂ ਦਾ ਨਾਂ ਗ਼ਲਤ ਲਿਖਿਆ ਮਿਲਦਾ ਹੈ, ਜਿਸ ਨੂੰ ਸੋਧ ਰਹੇ ਹਾਂ। ”ਇਸੇ ਤਰ੍ਹਾਂ ਉਹਨਾਂ ਕਿਤਾਬ ਵਿਚ ਸ਼ਹੀਦ ਭਾਈ ਸੋਹਣ ਲਾਲ ਪਾਠਕ ਬਾਰੇ ਲਿਖਿਆ, ਗ਼ਦਰ ਲਹਿਰ ਨਾਲ ਸਬੰਧਤ ਕਿਤਾਬਾਂ ਵਿੱਚ, ਸੋਹਣ ਲਾਲ ਪਾਠਕ ਨੂੰ ਕੈਨੇਡਾ ਦਾ ਗਦਰੀ ਯੋਧਾ ਦਿਖਾਇਆ ਗਿਆ ਹੈ, ਇਥੋਂ ਤੱਕ ਕਿ ਉਹਨਾਂ (ਸੋਹਣ ਸਿੰਘ ਪੂੰਨੀ) ਨੇ ਵੀ ‘ਸੰਘਰਸ਼ ਦੇ ਸੌ ਵਰ੍ਹੇ’ ਵਿੱਚ ਸੋਹਣ ਲਾਲ ਪਾਠਕ ਨਾਂ ਹੀ ਲਿਖਿਆ ਹੈ, ਜਦ ਕਿ ਅਸਲ ਵਿੱਚ ਸੋਹਣ ਲਾਲ ਪਾਠਕ ਕੈਨੇਡਾ ਆਇਆ ਹੀ ਨਹੀਂ ਸੀ ਅਤੇ ਕਨੇਡਾ ਆਉਣ ਵਾਲਾ ਸੋਹਣ ਲਾਲ ਹੋਰ ਸੀ, ਜਿਸ ਦੀ ਇੰਗਲੈਂਡ ਰਹਿੰਦੀ ਧੀ ਕ੍ਰਿਸ਼ਨਾ ਕਮਾਰੀ ਨਾਲ ਗੱਲਬਾਤ ਕਰਕੇ ਇਸ ਤੱਥ ਦੀ ਖੋਜ ਮਿਲੀ ਅਤੇ ਉਹਨਾਂ ਆਪਣੀ ਲਿਖਤ ਨੂੰ ਵੀ ਸੁਧਾਰਿਆ ਅਤੇ ਇਹ ਸੋਧ ਪਾਠਕਾਂ ਨਾਲ ਸਾਂਝੀ ਕੀਤੀ। ਕਿਤਾਬ ਦੀ ‘ਅੰਤਿਕਾ’ ਵਿੱਚ ਗਦਰ ਪਾਰਟੀ ਦੀ ਸਥਾਪਨਾ ਦੇ ਦਿਹਾੜੇ ਬਾਰੇ ਵੀ ਭਰਪੂਰ ਖੋਜ ਪੇਸ਼ ਕਰਦਿਆਂ ਸੋਹਣ ਸਿੰਘ ਪੂੰਨੀ ਨੇ ਹਵਾਲਿਆਂ ਨਾਲ ਸਪਸ਼ਟ ਕੀਤਾ ਕਿ ਗਦਰ ਪਾਰਟੀ 21 ਅਪ੍ਰੈਲ 1913 ਨੂੰ ਨਹੀਂ, ਬਲਕਿ ‘2 ਜੂਨ 1913’ ਨੂੰ ਸਥਾਪਤ ਹੋਈ ਸੀ।
ਲੇਖਕ ਸੋਹਣ ਸਿੰਘ ਪੂੰਨੀ ਨੇ ਇਤਿਹਾਸ ਦੀ ਖੋਜ ਨਾਲ ਨਾ ਸਿਰਫ ਪ੍ਰਚਲਤ ਗਲਤ ਧਾਰਨਾਵਾਂ ਨੂੰ ਹੀ ਠੀਕ ਕੀਤਾ ਹੈ, ਬਲਕਿ ਆਰੰਭਲੇ ਤੌਰ ਦੀਆਂ ਆਪਣੀਆਂ ਲਿਖਤਾਂ ਵਿੱਚ ਵੀ ਸੋਧ ਕਰਨ ਤੋਂ ਗੁਰੇਜ ਨਹੀਂ ਕੀਤਾ। ਇਹੀ ਚੰਗੇ ਇਤਿਹਾਸਕਾਰ ਦੀ ਪਛਾਣ ਕਹੀ ਜਾ ਸਕਦੀ ਹੈ। ‘ਅਮਰੀਕਾ ਦੇ ਗਦਰੀ ਯੋਧੇ’ ਵਿੱਚ ਉਹਨਾਂ ਗ਼ਦਰੀਆਂ ਦੀ ਅਦੁਤੀ ਕੁਰਬਾਨੀ ਨੂੰ, ਸਰੋਤਾਂ ਦੇ ਆਧਾਰ ‘ਤੇ ਚਿਤਰਆ ਗਿਆ ਹੈ, ਜਿੰਨ੍ਹਾਂ ਦੇ ਸੰਘਰਸ਼ ਦਾ ਕੇਂਦਰ ‘ਅਮਰੀਕਾ’ ਰਿਹਾ ਹੈ। ਇਹਨਾਂ ਗਦਰੀ ਯੋਧਿਆਂ ਦੀਆਂ ਜੀਵਨੀਆਂ ‘ਚੋਂ ਸ਼ਹੀਦ ਭਾਈ ਰਾਮ ਸਿੰਘ ਧੁਲੇਤਾ ਦਾ ਇਤਿਹਾਸ ਰੌਂਗਟੇ ਖੜੇ ਕਰਨ ਵਾਲਾ ਹੈ, ਜੋ ਕੈਨੇਡਾ ਅਤੇ ਅਮਰੀਕਾ ‘ਚੋਂ ਸਭ ਤੋਂ ਵੱਡੇ ਧਨਵਾਨ ਸਿੱਖ ਤੇ ਪੰਜਾਬੀ ਹੁੰਦਿਆਂ ਹੋਇਆਂ, ਆਪਣੇ ਤਨ, ਮਨ, ਧਨ ਨੂੰ ਦੇਸ਼-ਕੌਮ ਤੋਂ ਕੁਰਬਾਨ ਕਰ ਗਏ ;
”ਦਾਨੀ, ਸਿਰੜੀ, ਸੂਰਮੇ, ਗ਼ੱਦਾਰਾਂ ਲਈ ਕਾਲ।
ਭਾਈ ਧੁਲੇਤਾ ਰਾਮ ਸਿੰਘ, ਉੱਤਮ ਬਣੇ ਮਿਸਾਲ।”
ਇਹ ਪੁਸਤਕ ਆਜ਼ਾਦੀ ਦੇ ਸੰਘਰਸ਼ ਦੇ ਉਹਨਾਂ ਨਾਇਕਾਂ ਪ੍ਰਤੀ ਸੱਚੀ-ਸੁੱਚੀ ਸ਼ਰਧਾਂਜਲੀ ਹੈ, ਜੋ ਸੌੜੀ ਅਤੇ ਸਵਾਰਥੀ ਸੋਚ ਕਾਰਨ, ਅੱਜ ਤੱਕ ਅਣਗੌਲੇ ਰਹੇ। ਅਜਿਹੇ ਉਪਰਾਲੇ ਲਈ ਪੂੰਨੀ ਸਾਬ੍ਹ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ, ਘੱਟ ਹੈ। ਇਹ ਕਿਤਾਬ ਮਿਹਨਤ, ਅਨੁਸ਼ਾਸਨ ਅਤੇ ਸਮਰਪਣ, ਇਤਿਹਾਸ ਨੂੰ ਖੋਜਣ, ਵਿਚਾਰਨ, ਰਿਕਾਰਡ ਕਰਨ ਅਤੇ ਸੰਭਾਲਣ ਦਾ ਧੀਰਜ ਵਾਲਾ ਕੰਮ ਕਰਨ ਦੀ ਮੂੰਹ ਬੋਲਦੀ ਤਸਵੀਰ ਹੈ। ਲੇਖਕ ਸੋਹਣ ਸਿੰਘ ਪੂੰਨੀ ਸਾਬ੍ਹ ਦੇ ਇਤਿਹਾਸਕਾਰ ਵਜੋਂ ਉੱਤਰੀ ਅਮਰੀਕਾ ਵਿੱਚ ਗਦਰ ਲਹਿਰ ਦੇ ਯੋਧਿਆਂ ਦੇ ਅਨੁਭਵਾਂ ਦੇ ਦਸਤਾਵੇਜ਼ੀਕਰਨ ਦੀ, ਉਨ੍ਹਾਂ ਦੀ ਵਚਨਬੱਧਤਾ ਲਈ ਪ੍ਰਸ਼ੰਸਾ ਕਰਨੀ ਬਣਦੀ ਹੈ।
ਗਦਰ ਲਹਿਰ ਦੇ ਇਤਿਹਾਸ ਪ੍ਰਤੀ ਦਿਲਚਸਪੀ ਰੱਖਣ ਵਾਲੇ ਪਾਠਕਾਂ ਅਤੇ ਖੋਜਾਰਥੀਆਂ ਲਈ ਇਹ ਕਿਤਾਬ ਲਾਹੇਬੰਦ ਸਾਬਤ ਹੋਏਗੀ। ਲੇਖਕ ਦਾ ਟੀਚਾ ਅਮਰੀਕਾ ਦੇ 100 ਗਦਰੀ ਯੋਧਿਆਂ ਦੀਆਂ ਜੀਵਨੀਆਂ ਲਿਖਣ ਦਾ ਹੈ ਤੇ ਪੂੰਨੀ ਸਾਹਿਬ ਦੀ ‘ਚੜ੍ਹਦੀ ਕਲਾ’ ਲਈ ਦੁਆ ਕਰਦੇ ਹਾਂ। ਇਸ ਦੇ ਨਾਲ ਹੀ ਉਹਨਾਂ ਯੋਧਿਆਂ ਨੂੰ ਸਿਰ ਝੁਕਾਉਂਦੇ ਹਾਂ, ਜਿਨ੍ਹਾਂ ਦੇ ਨਾਂ ਇਤਿਹਾਸ ਵਿੱਚ ਕਦੇ ਨਹੀਂ ਆਏ, ਪਰ ਉਹਨਾਂ ਦੀਆਂ ਕੁਰਬਾਨੀਆਂ ਮਹਾਨ ਅਤੇ ਬੇਮਿਸਾਲ ਹਨ ;
”ਹੋਰ ਅਨੇਕਾਂ ਸੂਰਮੇ, ਭਾਵੇਂ ਨੇ ਗੁੰਮਨਾਮ।
ਥੁੜ ਹੀ ਜਾਂਦਾ ਸ਼ੁਕਰੀਆ, ਕਰਦੇ ਹਾਂ ਪ੍ਰਨਾਮ!”
ਗ਼ਦਰ ਮੈਮੋਰੀਅਲ ਸੁਸਾਇਟੀ ਆਫ ਕੈਨੇਡਾ।
ਸੂਰਵੀਰਾਂ ਦਾ ਮਾਣਮੱਤਾ ਇਤਿਹਾਸ ਹੈ ਸੋਹਣ ਸਿੰਘ ਪੂੰਨੀ ਦੀ ਨਵੀਂ ਕਿਤਾਬ ‘ਅਮਰੀਕਾ ਦੇ ਗਦਰੀ ਯੋਧੇ’
RELATED ARTICLES




