ਪ੍ਰੋ. ਕੁਲਬੀਰ ਸਿੰਘ
ਸਮਾਰਟ ਫ਼ੋਨ ਦੀ ਸਕਰੀਨ ਅਤੇ ਪੁਸਤਕ ਦੇ ਪੰਨਿਆਂ ਵਿਚ ਜ਼ਮੀਨ-ਅਸਮਾਨ ਦਾ ਅੰਤਰ ਹੈ। ਭਾਵੇਂ ਦੋਵੇਂ ਗਿਆਨ ਅਤੇ ਜਾਣਕਾਰੀ ਦੇ ਮਾਧਿਅਮ ਹਨ। ਪ੍ਰੰਤੂ ਕਿਤਾਬ ਦੇ ਗਿਆਨ ਅਤੇ ਫ਼ੋਨ ਦੇ ਗਿਆਨ ਵਿਚ ਵੱਡਾ ਫਰਕ ਹੈ। ਮਾਹਿਰ ਵਿਅਕਤੀਆਂ ਨੇ ਇਸ ਅੰਤਰ, ਇਸ ਫਰਕ ‘ਤੇ ਬੜੀ ਬਾਰੀਕੀ ਵਿਚ ਖੋਜ-ਪੜਤਾਲ ਕੀਤੀ ਹੈ। ਇਸ ਖੋਜ-ਪੜਤਾਲ ਦੇ ਨਤੀਜੇ ਹੈਰਾਨ ਕਰਨ ਵਾਲੇ ਹਨ। ਕਿਸੇ ਨੂੰ ਕਿਤਾਬਾਂ ਪੜ੍ਹਨ ਦਾ ਸ਼ੌਕ ਹੈ ਅਤੇ ਕਿਸੇ ਨੂੰ ਮੋਬਾਈਲ ਫ਼ੋਨ ‘ਤੇ ਵੱਧ ਤੋਂ ਵੱਧ ਸਮਾਂ ਬਤੀਤ ਕਰਨ ਦੀ ਲਤ ਹੈ। ਸਮੇਂ ਨਾਲ ਦੋਹਾਂ ਵਿਅਕਤੀਆਂ ਦੇ ਵਿਚਰਨ, ਸੋਚ, ਸੁਭਾਅ ਅਤੇ ਸ਼ਖਸੀਅਤ ਵਿਚ ਜਿਹੜੇ ਵਿਸ਼ੇਸ਼ ਅੰਤਰ ਨਜ਼ਰ ਆਉਂਦੇ ਹਨ, ਉਨ੍ਹਾਂ ਨੂੰ ਅਮੀਰ ਗੌਰ ਨੇ ਸੂਚੀਬੱਧ ਕਰਨ ਦੀ ਕੋਸ਼ਿਸ਼ ਕੀਤੀ ਹੈ।
ਮੋਬਾਈਲ ਫ਼ੋਨ ਦੀ ਵਧੇਰੇ ਵਰਤੋਂ ਨਾਲ ਧਿਆਨ ਭਟਕਦਾ ਹੈ। ਸੋਸ਼ਲ ਮੀਡੀਆ, ਆਨਲਾਈਨ ਗੇਮਾਂ ਅਤੇ ਨੋਟੀਫਿਕੇਸ਼ਨ ਇਕਾਗਰਤਾ ਭੰਗ ਕਰਦੇ ਹਨ ਅਤੇ ਸਮੇਂ ਦੀ ਬਰਬਾਦੀ ਹੁੰਦੀ ਹੈ। ਔਸਤਨ ਤਿੰਨ ਤੋਂ ਪੰਜ ਘੰਟੇ ਫ਼ੋਨ ‘ਤੇ ਬਿਤਾਉਣ ਨਾਲ ਦਿਨ ਵਿਅਰਥ ਚਲਾ ਜਾਂਦਾ ਹੈ। ਅੱਖਾਂ ਥੱਕੀਆਂ ਰਹਿੰਦੀਆਂ ਹਨ। ਜਲਣ ਹੁੰਦੀ ਹੈ, ਨਜ਼ਰ ਘਟਦੀ ਹੈ। ਵਧੇਰੇ ਸਕਰੀਨ ਟਾਈਮ ਨਾਲ ਮਾਨਸਿਕ ਤਣਾਅ ਰਹਿੰਦਾ ਹੈ। ਚਿੰਤਾ ਅਤੇ ਚਿੜਚਿੜਾਪਣ ਵਧਦਾ ਹੈ। ਗਲਤ ਜਾਣਕਾਰੀ ਮਿਲਦੀ ਹੈ। ਜਾਣਕਾਰੀ ਦੀ ਬਹੁਤਾਤ ਮਾਨਸਿਕ ਪ੍ਰੇਸ਼ਾਨੀ ਦਾ ਸਬੱਬ ਬਣਦੀ ਹੈ। ਫੇਕ ਨਿਊਜ਼ ਨਾਲ ਭਰਮ ਦੀ ਸਥਿਤੀ ਪੈਦਾ ਹੁੰਦੀ ਹੈ। ਨੀਂਦ ਪ੍ਰਭਾਵਿਤ ਹੁੰਦੀ ਹੈ। ਨੀਂਦ ਦੀ ਗੁਣਵੱਤਾ ਘਟਦੀ ਹੈ। ਯਾਦਾਸ਼ਤ ਕਮਜ਼ੋਰ ਹੁੰਦੀ ਹੈ। ਸਕਰੋਲਿੰਗ ਦੀ ਆਦਤ ਨਾਲ ਗਹਿਰੀ ਸੋਚ ਨੂੰ ਸੱਟ ਵੱਜਦੀ ਹੈ।
ਮੋਬਾਈਲ ਫ਼ੋਨ ਸਹੀ ਵਰਤੋਂ ਲਈ ਆਨਲਾਈਨ ਪੜ੍ਹਾਈ ਕੀਤੀ ਜਾ ਸਕਦੀ ਹੈ। ਕੋਈ ਕੋਰਸ ਕੀਤਾ ਜਾ ਸਕਦਾ ਹੈ। ਵੀਡੀਓ ਲੈਕਚਰ ਸੁਣ ਸਕਦੇ ਹਾਂ। ਈ-ਬੁਕਸ ਪੜ੍ਹ ਸਕਦੇ ਹਾਂ। ਤੱਥ ਖੋਜਣ ਲਈ, ਚਲੰਤ ਮਾਮਲਿਆਂ ਸੰਬੰਧੀ ਜਾਣਕਾਰੀ ਲੈਣ ਲਈ ਅਤੇ ਨੋਟਿਸ ਬਣਾਉਣ ਲਈ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ। ਸਮੇਂ ਦੀ ਸੁਚੱਜੀ ਵਰਤੋਂ ਕਰਨ ਲਈ ਅਲਾਰਮ ਲਗਾਇਆ ਜਾ ਸਕਦਾ ਹੈ। ਕੈਲੰਡਰ ਦਾ ਪ੍ਰਯੋਗ ਕੀਤਾ ਜਾ ਸਕਦਾ ਹੈ। ਰੀਮਾਈਂਡਰ ਦੀ ਵਰਤੋਂ ਹੋ ਸਕਦੀ ਹੈ। ਪ੍ਰੇਰਨਾ ਅਤੇ ਸਕਾਰਾਤਮਿਕਤਾ ਲਈ ਮੋਟੀਵੇਸ਼ਨਲ ਵੀਡੀਓ ਵੇਖ ਸਕਦੇ ਹਾਂ। ਪੌਡਕਾਸਟ ਸੁਣ ਸਕਦੇ ਹਾਂ। ਪ੍ਰੇਰਨਾਦਾਇਕ ਵਿਚਾਰ ਪੜ੍ਹ ਸਕਦੇ ਹਾਂ। ਜਿਹੜੇ ਲੋਕ ਕਿਤਾਬਾਂ ਪੜ੍ਹਨ ਦੇ ਸ਼ੌਕੀਨ ਹਨ, ਉਨ੍ਹਾਂ ਦੀ ਸਮਝ-ਸੋਚ ਗਹਿਰੀ ਹੁੰਦੀ ਹੈ ਕਿਉਂਕਿ ਕਿਤਾਬਾਂ ਗਹਿਰਾਈ ਵਿਚ ਗਿਆਨ ਦਿੰਦੀਆਂ ਹਨ ਅਤੇ ਸੋਚਣ ਦੀ ਸ਼ਕਤੀ ਵਧਾਉਂਦੀਆਂ ਹਨ। ਕਿਤਾਬਾਂ ਪੜ੍ਹਨ ਨਾਲ ਧਿਆਨ ਇਕਾਗਰ ਹੁੰਦਾ ਹੈ ਅਤੇ ਇਕਾਗਰਤਾ ਵਧਦੀ ਹੈ। ਯਾਦਾਸ਼ਤ ਤੇਜ਼ ਹੁੰਦੀ ਹੈ ਅਤੇ ਟਿਕਾਊ ਬਣਦੀ ਹੈ।
ਸ਼ਬਦ-ਭੰਡਾਰ ਵਧਦਾ ਹੈ। ਭਾਸ਼ਾ ਦਾ ਗਿਆਨ ਪ੍ਰਾਪਤ ਹੁੰਦਾ ਹੈ। ਨਤੀਜੇ ਵਜੋਂ ਭਾਸ਼ਾ ‘ਤੇ ਪਕੜ ਮਜ਼ਬੂਤ ਹੁੰਦੀ ਹੈ। ਚੰਗੀਆਂ ਕਿਤਾਬਾਂ ਪੜ੍ਹਨ ਨਾਲ ਚੰਗੇ ਸੰਸਕਾਰ, ਨੈਤਿਕ ਕਦਰਾਂ-ਕੀਮਤਾਂ ਅਤੇ ਆਤਮਵਿਸ਼ਵਾਸ ਵਧਦਾ ਹੈ। ਕਲਪਨਾ-ਸ਼ਕਤੀ ਦਾ ਵਿਸਥਾਰ ਹੁੰਦਾ ਹੈ। ਕਿਤਾਬਾਂ ਕਾਮਯਾਬੀ ਦੀ ਕੁੰਜੀ ਹਨ। ਮਹਾਨ ਲੋਕ ਕਿਤਾਬਾਂ ਤੋਂ ਸਿੱਖਿਆ ਗ੍ਰਹਿਣ ਕਰਕੇ ਹੀ ਸਫਲਤਾ ਦੀ ਸਿਖਰ ‘ਤੇ ਪਹੁੰਚਦੇ ਹਨ। ਅਕਸਰ ਕਿਹਾ ਜਾਂਦਾ ਹੈ ਕਿ ਕਿਤਾਬਾਂ ਸਭ ਤੋਂ ਵਧੀਆ ਮਿੱਤਰ ਹੁੰਦੀਆਂ ਹਨ ਕਿਉਂਕਿ ਕਿਤਾਬਾਂ ਕਦੇ ਕਿਸੇ ਨੂੰ ਧੋਖਾ ਨਹੀਂ ਦਿੰਦੀਆਂ। ਕਿਤਾਬਾਂ ਤੋਂ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ ਲਈ ਨਿਯਮਿਤ ਪੜ੍ਹਾਈ ਕਰਨੀ ਚਾਹੀਦੀ ਹੈ। ਹਰ ਰੋਜ਼ ਨਿਸ਼ਚਿਤ ਸਮੇਂ ‘ਤੇ ਪੜ੍ਹਿਆ ਜਾਵੇ ਤਾਂ ਤਨ-ਮਨ ‘ਤੇ ਹੋਰ ਚੰਗੇਰਾ ਪ੍ਰਭਾਵ ਪੈਂਦਾ ਹੈ। ਉਦੇਸ਼ ਤੈਅ ਕਰਕੇ ਪੜ੍ਹਨਾ ਵਧੇਰੇ ਬਿਹਤਰ, ਵਧੇਰੇ ਕਾਰਗਰ, ਵਧੇਰੇ ਸਿਹਤਮੰਦ ਹੁੰਦਾ ਹੈ। ਕੀ ਪੜ੍ਹਨਾ ਹੈ? ਕਿਉਂ ਪੜ੍ਹਨਾ ਹੈ? ਇਹ ਸਪੱਸ਼ਟ ਹੋਣਾ ਜ਼ਰੂਰੀ ਹੈ।
ਪੜ੍ਹਦੇ ਸਮੇਂ ਹਰੇਕ ਪੁਸਤਕ ਦੇ ਨੋਟਿਸ ਬਣਾਉਣੇ ਚਾਹੀਦੇ ਹਨ। ਮਹੱਤਵਪੂਰਨ ਗੱਲਾਂ, ਅਹਿਮ ਵਿਚਾਰ ਨੋਟ ਕਰਦੇ ਜਾਣਾ ਚਾਹੀਦਾ ਹੈ। ਜੇਕਰ ਤੁਸੀਂ ਹਰ ਰੋਜ਼ 30 ਮਿੰਟ ਵੀ ਪੜ੍ਹਦੇ ਹੋ ਤਾਂ ਸਾਲ ਵਿਚ ਬਹੁਤ ਸਾਰੀਆਂ ਕਿਤਾਬਾਂ ਪੜ੍ਹ ਲਵੋਗੇ। ਜਿਹੜੇ ਵਿਦਿਆਰਥੀ ਸਿਲੇਬਸ ਤੋਂ ਇਲਾਵਾ ਹੋਰ ਕਿਤਾਬਾਂ ਪੜ੍ਹਦੇ ਹਨ, ਉਹ ਵਧੇਰੇ ਨੰਬਰ ਪ੍ਰਾਪਤ ਕਰਦੇ ਹਨ। ਭਾਰਤ ਦੇ ਪਹਿਲੇ ਸਥਾਨਾਂ ‘ਤੇ ਆਉਣ ਵਾਲੇ ਵਿਦਿਆਰਥੀ ਰੋਜ਼ਾਨਾ 7-8 ਘੰਟੇ ਪੜ੍ਹਾਈ ਕਰਦੇ ਹਨ। ਮੋਬਾਈਲ ਫ਼ੋਨ ਕਈ ਤਰ੍ਹਾਂ ਨਾਲ ਤੁਹਾਡੀ ਸਹਾਇਤਾ ਕਰ ਸਕਦਾ ਹੈ। ਪਰ ਕਿਤਾਬਾਂ ਤੁਹਾਨੂੰ ਜੀਵਨ ਵਿਚ ਸਫਲਤਾ ਦਿਵਾਉਂਦੀਆਂ ਹਨ। ਮੋਬਾਈਲ ਫ਼ੋਨ ਇਕ ਮਸ਼ੀਨ ਹੈ। ਕਿਤਾਬ ਇਕ ਅਧਿਆਪਕ ਹੈ। ਚੋਣ ਤੁਹਾਡੇ ਹੱਥ ਹੈ। ਸਹੀ ਚੋਣ ਕਰੋ।

