ਪ੍ਰਭਜੋਤ ਸਿੰਘ (Local Journalism Initiative Reporter)
ਟੋਰਾਂਟੋ : ਕਿਊਬੈੱਕ ਦੀ ਅਦਾਲਤ ਨੇ ਪੰਜਾਬੀ ਮੂਲ ਦੇ ਟਰੱਕ ਡਰਾਈਵਰ ਨੂੰ 6 ਸਾਲ ਕੈਦ ਦੀ ਸਜ਼ਾ ਸੁਣਵਾਈ ਹੈ। ਬਲਜੀਤ ਸਿੰਘ ਨਾਮ ਦੇ ਟਰੱਕ ਡਰਾਈਵਰ ਨੂੰ 2022 ਵਿੱਚ ਵਾਪਰੇ ਸੜਕ ਹਾਦਸੇ ਦੇ ਮਾਮਲੇ ਵਿੱਚ ਇਹ ਸਜ਼ਾ ਸੁਣਾਈ ਗਈ ਹੈ।
ਡਰਾਈਵਰ ਬਲਜੀਤ ਸਿੰਘ ਨੇ ਇਕ ਮਹਿਲਾ ਅਤੇ ਉਸ ਦੇ ਨਾਬਾਲਗ ਪੁੱਤਰ ਦੀ ਜਾਨ ਲੈਣ ਅਤੇ 10 ਹੋਰਾਂ ਨੂੰ ਜ਼ਖ਼ਮੀ ਕਰਨ ਵਾਲੇ ਹਾਦਸੇ ਸਬੰਧੀ ਖ਼ਤਰਨਾਕ ਢੰਗ ਨਾਲ ਡਰਾਈਵਿੰਗ ਕਰਨ ਦਾ ਦੋਸ਼ ਕਬੂਲ ਲਿਆ ਸੀ। ਉਹ ਟਰੱਕ ਚਲਾਉਂਦੇ ਹੋਏ ਆਪਣੇ ਮੋਬਾਈਲ ਫੋਨ ‘ਤੇ ਆਨਲਾਈਨ ਗੇਮ ਖੇਡ ਰਿਹਾ ਸੀ।
ਇਸ ਮਾਮਲੇ ਵਿੱਚ ਸਰਕਾਰੀ ਵਕੀਲ ਅਤੇ ਬਚਾਅ ਪੱਖ ਵੱਲੋਂ ਸਾਂਝੀ ਸਿਫ਼ਾਰਸ਼ ਪੇਸ਼ ਕੀਤੀ ਗਈ ਸੀ, ਜਿਸ ਨੂੰ ਅਦਾਲਤ ਨੇ ਸਵੀਕਾਰ ਕਰ ਲਿਆ। ਅਦਾਲਤ ਨੇ ਉਸ ਨੂੰ 10 ਸਾਲ ਤੱਕ ਵਾਹਨ ਚਲਾਉਣ ਤੋਂ ਵੀ ਰੋਕ ਦਿੱਤਾ ਹੈ।
ਬਲਜੀਤ ਸਿੰਘ ਨੇ ਅਪਰੈਲ ਵਿੱਚ ਖ਼ਤਰਨਾਕ ਡਰਾਈਵਿੰਗ ਕਾਰਨ ਮੌਤ ਹੋਣ ਦੇ ਦੋਸ਼ ਨੂੰ ਕਬੂਲ ਕੀਤਾ ਸੀ। ਇਹ ਮਾਮਲਾ ਜੁਲਾਈ 2022 ਵਿੱਚ ਹਾਈਵੇਅ 30 ‘ਤੇ ਸੇਂਟ-ਹੁਬਰਟ ਇਲਾਕੇ ਨੇੜੇ ਵਾਪਰੇ ਹਾਦਸੇ ਨਾਲ ਸਬੰਧਤ ਹੈ। ਸੇਂਟ-ਹੁਬਰਟ ਲੋਂਗਿਊਇਲ ਸ਼ਹਿਰ ਦਾ ਇੱਕ ਇਲਾਕਾ ਹੈ ਅਤੇ ਇਹ ਹਾਦਸਾ ਮਾਂਟਰੀਅਲ ਦੇ ਸਾਊਥ ਸ਼ੋਰ ਖੇਤਰ ਵਿੱਚ ਵਾਪਰਿਆ ਸੀ। ਜ਼ਿਕਰਯੋਗ ਹੈ ਕਿ ਕੈਨੇਡਾ ਦੇ ਕਾਨੂੰਨ ਤਹਿਤ ਖ਼ਤਰਨਾਕ ਡਰਾਈਵਿੰਗ ਕਾਰਨ ਕਿਸੇ ਵਿਅਕਤੀ ਦੀ ਮੌਤ ਹੋਣ ਦੇ ਮਾਮਲੇ ਵਿੱਚ ਵੱਧ ਤੋਂ ਵੱਧ ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ।
ਕਿਊਬੈੱਕ ਦੀ ਅਦਾਲਤ ਨੇ ਪੰਜਾਬੀ ਮੂਲ ਦੇ ਟਰੱਕ ਡਰਾਈਵਰ ਨੂੰ ਛੇ ਸਾਲ ਕੈਦ ਦੀ ਸਜ਼ਾ ਸੁਣਵਾਈ
RELATED ARTICLES

