ਬਰੈਂਪਟਨ/ਡਾ. ਝੰਡ : ਲੰਘੇ ਬੁੱਧਵਾਰ 23 ਸਤੰਬਰ ਨੂੰ ਬਰੈਂਪਟਨ ਵਿਚ ਸਰਗਰਮ ਸੰਸਥਾ ‘ਮੁਕਤੀ ਫ਼ਾਊਂਡੇਸ਼ਨ’ ਵੱਲੋਂ ‘ਮੀਟ ਐਂਡ ਗਰੀਟ’ ਈਵੈਂਟ ਸਥਾਨਕ ਪਾਲ ਪਲੈਸ਼ੀ ਰੀਕਰੀਏਸ਼ਨ ਸੈਂਟਰ ਵਿਖੇ ਸਫ਼ਲਤਾ ਪੂਰਵਕ ਕਰਵਾਇਆ ਗਿਆ। ਫ਼ਾਂਊਂਡੇਸ਼ਨ ਦੇ 100 ਤੋਂ ਵਧੀਕ ਮੈਂਬਰਾਂ ਨੇ ਇਸ ਸਮਾਗਮ ਵਿੱਚ ਹਾਜ਼ਰੀ ਭਰੀ।
ਪ੍ਰੋਗਰਾਮ ਦੀ ਸ਼ੁਰੂਆਤ ਮੁਕਤੀ ਫ਼ਾਊਂਡੇਸ਼ਨ ਦੇ ਚੇਅਰਪਰਸਮਨ ਗਿਆਨ ਪਾਲ ਵੱਲੋਂ ਇਸ ਫ਼ਾਊਂਡੇਸ਼ਨ ਦੇ ਸਮੂਹ ਮੈਂਬਰਾਂ ਨੂੰ ਨਿੱਘੀ ਜੀ-ਆਇਆਂ ਕਹਿਣ ਨਾਲ ਹੋਈ। ਉਨ੍ਹਾਂ ਕਿਹਾ ਕਿ ਮੁਕਤੀ ਫ਼ਾਂਊਂਡੇਸ਼ਨ ਦੀ ਸਥਾਪਨਾ ਦਾ ਮੁੱਖ-ਮਕਸਦ ਕਮਿਊਨਿਟੀ ਸਹਾਇਤਾ ਨਾਲ ਆਪਸੀ ਮੇਲ-ਮਿਲਾਪ ਰੱਖਣਾ, ਮਿਲ਼-ਜੁਲ ਕੇ ਇੱਕ ਦੂਸਰੇ ਦੀ ਮਦਦ ਕਰਨਾ ਅਤੇ ਸੱਭ ਤੋਂ ਵੱਧ ਇਸ ਮਨੁੱਖੀ ਜੀਵਨ ਦੇ ਅੰਤਮ ਪੜਾਅ ਸਮੇਂ ਮਨੁੱਖ ਦੀਆਂ ਆਖ਼ਰੀ ਰਸਮਾਂ ਦਾ ਸਤਿਕਾਰ ਯੋਗ ਢੰਗ ਨਾਲ ਪ੍ਰਬੰਧ ਕਰਨਾ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ 250 ਮੈਂਬਰ ਇਸ ਫ਼ਾਂਊਂਡੇਸ਼ਨ ਦੇ ਮੈਂਬਰ ਬਣ ਚੁੱਕੇ ਹਨ ਅਤੇ ਕਈ ਹੋਰ ਨਵੇਂ ਬਣ ਰਹੇ ਹਨ। ਉਨ੍ਹਾਂ ਕਿਹਾ ਕਿ ਕੇਵਲ ਮੁਸ਼ਕਲ ਭਰੇ ਸਮੇਂ ਹੀ ਨਹੀਂ, ਸਗੋਂ ਫ਼ਾਊਂਡੇਸ਼ਨ ਦੇ ਅੱਜ ਵਰਗੇ ਭਾਈਚਾਰਕ ਮਾਹੌਲ ਵਾਲੇ ਇਕੱਠ ਵੀ ਓਨੇ ਹੀ ਮਹੱਤਵਪੂਰਵਕ ਹਨ।
ਫ਼ਾਊਂਡੇਸ਼ਨ ਦੀ ਮੈਂਬਰ ਕਮਲ ਪੁਰੀ ਨੇ ਇਸ ਮੌਕੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਮੈਂਬਰਾਂ ਦੇ ਆਪਸ ਵਿੱਚ ਨਿੱਜੀ ਸਬੰਧਾਂ ਦਾ ਕਾਇਮ ਹੋਣਾ ਅਤੇ ਇਨ੍ਹਾਂ ਨੂੰ ਅੱਗੋਂ ਇਸ ਨੂੰ ਜਾਰੀ ਰੱਖਣਾ ਜ਼ਰੂਰੀ ਹੈ। ਇਸਦੇ ਨਾਲ ਹੀ ਕਮਿਊਨਿਟੀ ਦੇ ਕਾਰਜਾਂ ਵਿੱਚ ਸ਼ਮੂਲੀਅਤ ਕਰਨੀ ਅਤੇ ਉਸ ਵਿੱਚ ਸਹੀ ਤਰੀਕੇ ਨਾਲ ਵਿਚਰਨਾ ਵੀ ਓਨਾ ਹੀ ਮਹੱਤਵਪੂਰਨ ਹੈ। ਭੁਪਿੰਦਰ ਪਾਲ ਡਾਂਗ ਨੇ ਮੁਕਤੀ ਫ਼ਾਊਂਡੇਸ਼ਨ ਦੇ ਮੁਖ-ਮੰਤਵ ਬਾਰੇ ਬੋਲਦਿਆਂ ਕਿਹਾ ਕਿ ਹਮਦਰਦੀ, ਮਾਣ ਸਨਮਾਨ ਤੇ ਆਪਸੀ ਸਹਿਯੋਗ ਸਮਾਜਿਕ ਜੀਵਨ ਨੂੰ ਮਜ਼ਬੂਤ ਕਰਦੇ ਹਨ ਅਤੇ ਇਹ ਫ਼ਾਊਡੇਸ਼ਨ ਇਨ੍ਹਾਂ ਵੱਲ ਵਿਸੇਸ਼ ਧਿਆਨ ਦਿੰਦੀ ਹੈ। ਰੀਜਨਲ ਕੌਂਸਲਰ ਰਵੀਨਾ ਸੰਤੋਸ ਜੋ ਇਸ ਫ਼ਾਂਊਂਡੇਸ਼ਨ ਨਾਲ ਆਰੰਭ ਤੋਂ ਹੀ ਜੁੜੇ ਹੋਏ ਹਨ, ਵੱਲੋਂ ਇਸ ਸੰਸਥਾ ਦੇ ਕੰਮ-ਕਾਜ ਦੀ ਸਰਾਹਨਾ ਕੀਤੀ ਗਈ। ਬਰੈਂਪਟਨ ਸੈਂਟਰ ਦੀ ਮੈਂਬਰ ਪਾਰਲੀਮੈਂਟ ਅਮਨਦੀਪ ਸੋਢੀ ਨੇ ਵੀ ਫਾਂਊਂਡੇਸ਼ਨ ਵੱਲੋਂ ਭਾਈਚਾਰਕ ਸਾਂਝ ਲਈ ਕੀਤੇ ਜਾ ਰਹੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ ਗਈ।
ਇਸ ਸਮਾਗਮ ਦਾ ਮੁੱਖ-ਆਕਰਸ਼ਣ ਇਸ ਫ਼ਾਂਊਡੇਸ਼ਨ ਵੱਲੋਂ ਮੈਂਬਰਾਂ ਨੂੰ ਵੰਡੇ ਗਏ ਪਲਾਸਟਿਕ ਦੇ ਬਣੇ ਮੈਂਬਰਸ਼ਿਪ ਕਾਰਡਾਂ ਦੀ ਵੰਡ ਸੀ, ਜਿਨ੍ਹਾਂ ਦੀ ਦਿੱਖ ਕਾਗਜ਼ ਦੇ ਬਣੇ ਆਮ ਕਾਰਡਾਂ ਦੀ ਬਜਾਏ ਕਰੈਡਿਟ ਕਾਰਡਾਂ ਵਰਗੀ ਸੀ। ਮੈਂਬਰਾਂ ਵੱਲੋਂ ਇਨ੍ਹਾਂ ਦੀ ਖ਼ੂਬਸੂਰਤ ਤੇ ਟਿਕਾਊ ਗੁਣਵੱਤਾ ਅਤੇ ਡੀਜ਼ਾਈਨ ਨੂੰ ਬੇਹੱਦ ਪਸੰਦ ਕੀਤਾ ਗਿਆ। ਉਨ੍ਹਾਂ ਦਾ ਖ਼ਿਆਲ ਸੀ ਇਹ ਕਾਰਡ ਇਸ ਸੰਸਥਾ ਦੀ ਮੈਂਬਰਸ਼ਿਪ ਨੂੰ ਅੱਗੇ ਵਧਾਉਣ ਵਿੱਚ ਸਹਾਈ ਹੋਣਗੇ।
ਮੁਕਤੀ ਫ਼ਾਂਊਂਡੇਸ਼ਨ ਦੀ ਮੁੱਖ-ਬੁਲਾਰਾ ਜਸਵਿੰਦਰ ਕੌਰ ਵੱਲੋਂ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਮੈਂਬਰਾਂ ਦੀ ਭਾਰੀ ਸ਼ਮੂਲੀਅਤ ਨੇ ਇਸ ‘ਮੀਟ ਐਂਡ ਗਰੀਟ’ ਨੂੰ ਸਫ਼ਲ ਅਤੇ ਇੱਕ ਯਾਦਗਾਰੀ ਈਵੈਂਟ ਬਣਾਇਆ ਹੈ। ਸਮਾਗਮ ਦੀ ਸਮਾਪਤੀ ਦੇ ਨੇੜੇ ਪਹੁੰਚਦਿਆਂ ਚੇਅਰਪਰਸਨ ਗਿਆਨ ਪਾਲ ਵੱਲੋਂ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ, ਉਨ੍ਹਾਂ ਕਿਹਾ ਕਿ ਇਹ ਤਾਂ ਇਸ ਫ਼ਾਂਊਂਡੇਸ਼ਨ ਦੀ ਸ਼ੁਰੂਆਤ ਹੈ ਅਤੇ ਭਵਿੱਖ ਵਿੱਚ ਬਹੁਤ ਕੁਝ ਆਉਣਾ ਬਾਕੀ ਹੈ। ਉਨ੍ਹਾਂ ਵੱਲੋਂ ਅਗਲੇ ਸਮੇਂ ਵਿੱਚ ਫ਼ਾਂਊਂਡੇਸ਼ਨ ਵੱਲੋਂ ਮੁਹੱਈਆ ਕੀਤੀਆਂ ਜਾਣ ਵਾਲੀਆਂ ਸੇਵਾਵਾਂ ਅਤੇ ਭਾਈਚਾਰਕ ਸਾਂਝ ਦੀ ਮਹੱਤਤਾ ਦੁਹਰਾਈ ਗਈ।
ਇਸ ਫ਼ਾਂਊਂਡੇਸ਼ਨ ਦਾ ਇਹ ‘ਮੀਟ ਐਂਡ ਗ੍ਰੀਟ’ ਬੜੇ ਨਿੱਘੇ ਅਤੇ ਸਕਾਰਾਤਮਿਕ ਮਾਹੌਲ ਵਿੱਚ ਸਮਾਪਤ ਹੋਇਆ। ਮੈਂਬਰਾਂ ਵੱਲੋਂ ਦੋਸਤੀ, ਹਮਦਰਦੀ ਅਤੇ ਭਾਈਚਾਰਕ ਮਾਹੌਲ ਵਿੱਚ ਇੱਕ ਦੂਸਰੇ ਨੂੰ ਮਿਲਣ ਦੀ ਖੁਸ਼ੀ ਸਾਂਝੀ ਕੀਤੀ ਗਈ ਅਤੇ ਅੱਗੋਂ ਵੀ ਇੰਜ ਹੀ ਮਿਲਦੇ ਰਹਿਣ ਤੇ ਮਿਲ਼ ਕੇ ਕੰਮ ਕਰਦੇ ਰਹਿਣ ਦੀ ਕਾਮਨਾ ਕੀਤੀ ਗਈ।
***
ਮੁਕਤੀ ਫ਼ਾਊਂਡੇਸ਼ਨ ਦਾ ‘ਮੀਟ ਐਂਡ ਗਰੀਟ’ ਈਵੈਂਟ ਬੇਹੱਦ ਸਫ਼ਲ ਰਿਹਾ
RELATED ARTICLES



