
‘ਸੁਪਰ ਇੰਟੈਲੀਜੈਂਸ’ ਨੂੰ ਦੱਸਿਆ ਇੰਟਰਨੈਟ ਤੋਂ ਵੀ ਅੱਗੇ ਦੀ ਤਕਨੀਕ
ਵਾਸ਼ਿੰਗਟਨ ਡੀਸੀ/ਬਿਊਰੋ ਨਿਊਜ਼ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਾਈਟ ਹਾਊਸ ਵਿਚ ਵੱਡੀਆਂ ਟੈਕ ਕੰਪਨੀਆਂ ਦੇ ਸੀ.ਈ.ਓ. ਨਾਲ ਮੀਟਿੰਗ ਕੀਤੀ ਹੈ। ਇਸ ਬੈਠਕ ਵਿਚ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਦੀ ਸੁਰੱਖਿਆ ਅਤੇ ਨਿਗਰਾਨੀ ਨੂੰ ਲੈ ਕੇ ਗੂਗਲ, ਐਥਰੋਪਿਕ, ਮੇਟਾ, ਓਪਨ ਏਆਈ, ਐਕਸ-ਏਆਈ ਅਤੇ ਇਨਵੀਡੀਆ ਦੇ ਸੀਈਓ ਨੇ ਇਕ ਸਮਝੌਤੇ ’ਤੇ ਦਸਤਖਤ ਕੀਤੇ ਹਨ। ਇਸ ਦੌਰਾਨ ਟਰੰਪ ਨੇ ਏ.ਆਈ. ਦਾ ਨਾਮ ਬਦਲ ਕੇ ਸੁਪਰ ਇੰਟੈਲੀਜੈਂਸ (ਐਸ.ਆਈ.) ਕਰਨ ਵਾਲੇ ਐਗਜ਼ੀਕਿਊਟਿਵ ਆਰਡਰ ’ਤੇ ਦਸਤਖਤ ਕੀਤੇ। ਉਨ੍ਹਾਂ ਕਿਹਾ ਕਿ ਏਆਈ ਨੂੰ ਆਰਟੀਫੀਸ਼ੀਅਲ ਯਾਨੀ ਕਿ ਬਨਾਵਟੀ ਕਹਿਣਾ ਠੀਕ ਨਹੀਂ ਹੈ। ਉਨ੍ਹਾਂ ਦੇ ਮੁਤਾਬਿਕ, ਇਹ ਇੰਟਰਨੈਟ ਤੋਂ ਵੀ ਵੱਡੀ ਤਕਨੀਕ ਹੈ। ਟਰੰਪ ਨੇ ਕਿਹਾ ਕਿ ਏ.ਆਈ. ਦੀ ਦੌੜ ਅਮਰੀਕਾ ਤੇ ਚੀਨ ਦੇ ਵਿਚਾਲੇ ਹੈ ਅਤੇ ਫਿਲਹਾਲ ਅਮਰੀਕਾ ਇਸ ਮੁਕਾਬਲੇ ਵਿਚ ਅੱਗੇ ਚੱਲ ਰਿਹਾ ਹੈ। ਉਨ੍ਹਾਂ ਨੇ ਪਿਛਲੇ ਹਫਤੇ ਯੂ.ਐਨ. ਮਹਾਂਸਭਾ ਵਿਚ ਪਹਿਲੀ ਵਾਰ ਏ.ਆਈ. ਨੂੰ ਸੁਪਰ ਇੰਟੈਲੀਜੈਂਸ (ਐਸਆਈ) ਕਿਹਾ ਹੈ।

