Breaking News
Home / ਮੁੱਖ ਲੇਖ / ਅਮਰੀਕੀ ਰਾਸ਼ਟਰਪਤੀ ਚੋਣਾਂ ਅਤੇ ਭਾਰਤ

ਅਮਰੀਕੀ ਰਾਸ਼ਟਰਪਤੀ ਚੋਣਾਂ ਅਤੇ ਭਾਰਤ

ਦਰਬਾਰਾ ਸਿੰਘ ਕਾਹਲੋਂ
ਤਿੰਨ ਨਵੰਬਰ ਨੂੰ ਅਮਰੀਕਾ ਵਿਚ ਰਾਸ਼ਟਰਪਤੀ ਦੇ ਅਹੁਦੇ ਲਈ 59ਵੀਆਂ ਚੋਣਾਂ ਹੋਣ ਜਾ ਰਹੀਆਂ ਹਨ। ਇਨ੍ਹਾਂ ਚੋਣਾਂ ਵਿਚ ਮੁੱਖ ਮੁਕਾਬਲਾ ਰਿਪਬਲਿਕਨ ਪਾਰਟੀ ਵੱਲੋਂ ਦੁਬਾਰਾ ਪਿੜ ਵਿਚ ਡਟੇ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਡੈਮੋਕ੍ਰੈਟਿਕ ਪਾਰਟੀ ਵੱਲੋਂ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨਾਲ 8 ਸਾਲ ਉਪ ਰਾਸ਼ਟਰਪਤੀ ਅਤੇ 36 ਸਾਲ ਅਮਰੀਕੀ ਸੈਨੇਟ ਦੇ ਮੈਂਬਰ ਰਹੇ ਜੋ ਬਿਡੇਨ ਦਰਮਿਆਨ ਹੈ। ਇਨ੍ਹਾਂ ਤੋਂ ਇਲਾਵਾ ਕਰੀਬ 1214 ਵਿਅਕਤੀ ਵੀ ਖੜ੍ਹੇ ਹਨ। ਦੋ ਰਜਿਸਟਰਡ ਪਾਰਟੀਆਂ ਜਿਵੇਂ ਕਿ ਲਿਬਰਟੇਰੀਅਨ ਪਾਰਟੀ ਵੱਲੋਂ ਬੀਬੀ ਜੋ ਜੋਰਗਨਸਨ ਅਤੇ ਗਰੀਨ ਪਾਰਟੀ ਵੱਲੋਂ ਹੋਈ ਹਾਕਿਨਜ਼ ਚੋਣ ਮੈਦਾਨ ਵਿਚ ਹਨ। ਅਮਰੀਕੀ ਇਤਿਹਾਸ ਵਿਚ ਸਿਰਫ਼ ਪਹਿਲਾ ਰਾਸ਼ਟਰਪਤੀ ਜਾਰਜ ਵਾਸ਼ਿੰਗਟਨ ਹੀ ਆਜ਼ਾਦ ਉਮੀਦਵਾਰ ਵਜੋਂ ਚੁਣਿਆ ਗਿਆ ਸੀ। ਬਾਕੀ ਸਭ ਅੱਜ ਤੱਕ ਜਾਂ ਰਿਪਬਲਿਕਨ ਅਤੇ ਜਾਂ ਡੈਮਕ੍ਰੈਟਿਕ ਪਾਰਟੀ ਨਾਲ ਸਬੰਧਤ ਰਹੇ ਹਨ।
ਮੁੱਖ ਪਾਰਟੀਆਂ ਦੇ ਦੋਵੇਂ ਉਮੀਦਵਾਰ ਬੁੱਢੇ-ਠੇਰੇ ਹਨ। ਡੋਨਾਲਡ ਟਰੰਪ 74 ਅਤੇ ਜੋ ਬਿਡੇਨ 77 ਸਾਲਾਂ ਦੇ ਹਨ। ਇਨ੍ਹਾਂ ਚੋਣਾਂ ਵਿਚ ਹੀ ਉਪ ਰਾਸ਼ਟਰਪਤੀ ਚੁਣੇ ਜਾਂਦੇ ਹਨ। ਰਿਪਬਲਿਕਨਾਂ ਵੱਲੋਂ ਕਾਇਮ-ਮੁਕਾਮ ਮਾਈਕ ਪੈਂਸ ਮੁੜ ਉਪ-ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਹਨ ਜਦਕਿ ਡੈਮੋਕਰੇਟਾਂ ਵੱਲੋਂ ਭਾਰਤੀ ਮੂਲ (ਤਾਮਿਲਨਾਡੂ) ਨਾਲ ਸਬੰਧਤ ਕੈਲੇਫੋਰਨੀਆ ਤੋਂ ਸੈਨੇਟਰ ਕਮਲਾ ਹੈਰਿਸ ਹੈ ਜਿਸ ਦਾ ਪਿਤਾ ਸਿਆਹਫਾਮ ਭਾਈਚਾਰੇ ਨਾਲ ਸਬੰਧਤ ਹੈ। ਭਾਵੇਂ ਭਾਰਤੀ ਪ੍ਰਧਾਨ ਮੰਤਰੀ ਨਾਲ ਟਰੰਪ ਦੇ ਦੋਸਤਾਨਾ ਸਬੰਧ ਹੋਣ ਕਰਕੇ ਭਾਰਤੀ ਮੂਲ ਦੇ ਅਮਰੀਕੀ ਵੋਟਰਾਂ ਵੱਲੋਂ ਟਰੰਪ ਦੇ ਹੱਕ ਵਿਚ ਭੁਗਤਣ ਦੀਆਂ ਵੱਡੀਆਂ ਕਿਆਸਅਰਾਈਆਂ ਸਨ ਪਰ ਡੈਮੋਕਰੇਟ ਕਮਲਾ ਹੈਰਿਸ ਨੇ ਇਨ੍ਹਾਂ ਨੂੰ ਠੁੱਸ ਕਰਕੇ ਰੱਖ ਦਿੱਤਾ ਹੈ। ਸੈਨੇਟ ਦੀਆਂ 35 ਸੀਟਾਂ ਦੀ ਚੋਣ ਵੀ ਇਨ੍ਹਾਂ ਚੋਣਾਂ ਨਾਲ ਹੋਣੀ ਹੈ। ਸੌ ਮੈਂਬਰੀ ਸੈਨੇਟ ਵਿਚ 53 ਰਿਪਬਲਿਕਨ ਅਤੇ 47 ਡੈਮੋਕਰੇਟ ਹਨ। ਫ਼ਿਲਹਾਲ ਟਰੰਪ ਆਪਣੇ ਵਿਰੋਧੀ ਬਿਡੇਨ ਤੋਂ ਲਗਪਗ 10 ਅੰਕਾਂ ਦੇ ਫ਼ਰਕ ਨਾਲ ਬੁਰੀ ਤਰ੍ਹਾਂ ਪੱਛੜ ਰਿਹਾ ਹੈ ਜਿਸ ਦੀ ਪੂਰਤੀ ਅਗਲੇ 4-5 ਦਿਨਾਂ ਵਿਚ ਕੀਤੀ ਜਾਣੀ ਸੰਭਵ ਨਹੀਂ ਲੱਗਦੀ। ਡੈਮੋਕਰੇਟ ਬਿਡੇਨ ਨੂੰ ਸਮੂਹ ਸਰਵਿਆਂ ਅਨੁਸਾਰ 52 ਪ੍ਰਤੀਸ਼ਤ ਵੋਟਰਾਂ ਦੀ ਹਮਾਇਤ ਹਾਸਲ ਹੈ।
50 ਰਾਜਾਂ, ਵਾਸ਼ਿੰਗਟਨ ਡੀਸੀ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਇਲੈਕਟੋਰਲ ਕਾਲਜ ਅਨੁਸਾਰ ਚੁਣੇ ਜਾਣ ਵਾਲੇ 538 ਡੈਲੀਗੇਟਾਂ ਵਿਚੋਂ ਜੋ ਵੀ 270 ਦੀ ਹਮਾਇਤ ਹਾਸਲ ਕਰ ਲਵੇਗਾ, ਉਹੀ ਜੇਤੂ ਕਰਾਰ ਦਿੱਤਾ ਜਾਵੇਗਾ। ਸੰਨ 2016 ਵਿਚ ਡੈਮੋਕਰੇਟ ਉਮੀਦਵਾਰ ਹਿਲੇਰੀ ਕਲਿੰਟਨ, ਡੋਨਾਲਡ ਟਰੰਪ ਨਾਲੋਂ 30 ਲੱਖ ਵੱਧ ਵੋਟਾਂ ਹਾਸਲ ਕਰਨ ਦੇ ਬਾਵਜੂਦ ਹਾਰ ਗਈ ਸੀ ਕਿਉਂਕਿ ਇਲੈਕਟੋਰਲ ਕਾਲਜ ਦੇ 538 ਡੈਲੀਗੇਟਾਂ ਵਿਚੋਂ ਟਰੰਪ ਅੱਧ ਤੋਂ ਵੱਧ ਦੀ ਹਮਾਇਤ ਪ੍ਰਾਪਤ ਕਰ ਗਿਆ ਸੀ। ਕਿਸੇ ਵੀ ਰਾਜ ਵਿਚ ਜੋ ਉਮੀਦਵਾਰ 50 ਪ੍ਰਤੀਸ਼ਤ ਤੋਂ ਵੱਧ ਵੋਟਾਂ ਪ੍ਰਾਪਤ ਕਰ ਲਵੇ ਤਾਂ ਉਸ ਦੇ ਸਾਰੇ ਡੈਲੀਗੇਟ ਉਸ ਵੱਲੋਂ ਜੇਤੂ ਕਰਾਰ ਦਿੱਤੇ ਜਾਂਦੇ ਹਨ। ਸੰਨ 2000 ਵਿਚ ਜਾਰਜ ਡਬਲਯੂ ਬੁਸ਼ ਨੇ ਭਾਵੇਂ ਡੈਮੋਕਰੇਟ ਉਮੀਦਵਾਰ ਅਲਗੋਰ ਤੋਂ 5 ਲੱਖ ਵੋਟਾਂ ਘੱਟ ਲਈਆਂ ਸਨ ਪਰ 271 ਡੈਲੀਗੇਟਾਂ ਦੀ ਹਮਾਇਤ ਪ੍ਰਾਪਤ ਕਰਨ ਕਰਕੇ ਸੁਪਰੀਮ ਕੋਰਟ ਨੇ ਉਸ ਨੂੰ ਜੇਤੂ ਕਰਾਰ ਦਿੱਤਾ ਸੀ। ਉੱਨੀਵੀਂ ਸਦੀ ਵਿਚ ਵੀ ਇਸੇ ਕਰਕੇ ਜੋਹਨ ਐਡਮਜ਼, ਰਦਰਫੋਰਡ ਬੀ. ਹੇਜ਼ ਅਤੇ ਬੈਂਜਾਮਿਨ ਹੈਰੀਸਨ ਘੱਟ ਵੋਟਾਂ ਪ੍ਰਾਪਤ ਕਰਨ ਦੇ ਬਾਵਜੂਦ ਜੇਤੂ ਕਰਾਰ ਦਿੱਤੇ ਗਏ ਸਨ। ਸੰਨ 1824 ਵਿਚ ਜਦੋਂ ਕਿਸੇ ਉਮੀਦਵਾਰ ਨੂੰ ਬਹੁਮਤ ਨਹੀਂ ਸੀ ਹਾਸਲ ਹੋਇਆ ਤਾਂ ਸੰਵਿਧਾਨ ਦੀ 12ਵੀਂ ਸੋਧ ਅਨੁਸਾਰ ਹੇਠਲੇ ਸਦਨ ਨੇ ਬਹੁਮਤ ਨਾਲ ਰਾਸ਼ਟਰਪਤੀ ਦੀ ਚੋਣ ਕੀਤੀ ਸੀ। ਰਾਸ਼ਟਰਪਤੀ ਟਰੰਪ ਨੇ ਸ਼ੁਰੂ ਤੋਂ ਹੀ ਕੋਵਿਡ-19 ਨੂੰ ਬਹੁਤ ਹਲਕੇ ਵਿਚ ਲਿਆ ਹੈ। ਉਨ੍ਹਾਂ ਨੇ ਜਨਤਾ ਨੂੰ ਪ੍ਰਭਾਵ ਦਿੱਤਾ ਕਿ ਇਹ ਮਹਾਮਾਰੀ ਅਮਰੀਕਾ ਦਾ ਕੁਝ ਨਹੀਂ ਵਿਗਾੜੇਗੀ। ਉਨ੍ਹਾਂ ਨੇ ਮਾਸਕ ਪਾਉਣ ਨੂੰ ਤਮਾਸ਼ਾ ਗਰਦਾਨਿਆ। ਹੋਸ਼ ਉਦੋਂ ਉੱਡੇ ਜਦੋਂ ਪੂਰੇ ਅਮਰੀਕਾ ਨੂੰ ਇਸ ਮਹਾਮਾਰੀ ਨੇ ਘੇਰ ਲਿਆ। ਖ਼ੁਦ ਟਰੰਪ ਅਤੇ ਉਨ੍ਹਾਂ ਦੀ ਪਤਨੀ ਮੇਲੀਨਾ ਨੂੰ ਵੀ ਕੋਰੋਨਾ ਹੋ ਗਿਆ ਸੀ। ਅਮਰੀਕਾ ਵਰਗੀ ਮਹਾਸ਼ਕਤੀ ਦੇ ਇਸ ਮਹਾਮਾਰੀ ਅੱਗੇ ਸਿਹਤ ਪ੍ਰਬੰਧਾਂ ਦੇ ਪੋਲ ਖੁੱਲ੍ਹ ਗਏ। ਸਰਕਾਰੀ ਅੰਕੜੇ ਤਾਂ ਹੁਣ ਤੱਕ 2,25,000 ਲੋਕ ਇਸ ਨਾਲ ਮਾਰੇ ਗਏ ਦਰਸਾਉਂਦੇ ਹਨ ਜਦਕਿ ਹਕੀਕਤ ਵਿਚ ਇਹ ਗਿਣਤੀ ਤਿੰਨ ਲੱਖ ਤੋਂ ਵੱਧ ਹੈ। ਇਸ ਸਬੰਧੀ ਖੋਖ਼ਲੇ ਪ੍ਰਬੰਧਾਂ ਕਾਰਨ ਅਮਰੀਕੀ ਟਰੰਪ ਅਤੇ ਉਨ੍ਹਾਂ ਦੇ ਪ੍ਰਸ਼ਾਸਨ ਤੋਂ ਬਹੁਤ ਨਾਰਾਜ਼ ਹਨ।
ਯੂਕਰੇਨ ਦੇ ਰਾਸ਼ਟਰਪਤੀ ਨਾਲ ਜੋ ਬਿਡੇਨ ਦੇ ਲੜਕੇ ਹੰਟਰ ਬਿਡੇਨ ਦੇ ਵਪਾਰਕ ਕਾਰੋਬਾਰ ਦੀ ਆੜ ਹੇਠ ਉਸ ਨੂੰ ਬਦਨਾਮ ਕਰਨ ਦੇ ਦੋਸ਼ ਹੋਠ ਟਰੰਪ ‘ਤੇ ਮਹਾਦੋਸ਼ ਦੀ ਕਾਰਵਾਈ ਹੋਈ ਤੇ ਹੇਠਲੇ ਸਦਨ ਵੱਲੋਂ ਬਹੁਮਤ ਨਾਲ ਦੋਸ਼ੀ ਉਨ੍ਹਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਪਰ ਸੈਨੇਟ ਵਿਚ ਰਿਪਬਲਿਕਨ ਦੇ ਬਹੁਮਤ ਕਾਰਨ ਉਹ ਬਚ ਨਿਕਲਿਆ। ਅਮਰੀਕਾ ਵਿਚ 20 ਸੂਬੇ ਐਸੇ ਹਨ ਜੋ ਗੋਰੇ ਬਹੁ-ਗਿਣਤੀ ਸਾਮੰਤਵਾਦ, ਸਿਆਹਫਾਮ ਅਤੇ ਗ਼ੈਰ-ਅਮਰੀਕੀਆਂ ਦੇ ਵਿਰੋਧੀ ਹਨ। ਉਨ੍ਹਾਂ ਕਾਰਨ ਹੀ ‘ਅਮਰੀਕਾ ਫਸਟ’, ‘ਗੋਰਾ ਫਿਰਕੂਵਾਦ’, ‘ਨਫ਼ਰਤਵਾਦ’ ਰਾਹੀਂ ਦੇਸ਼ ਨੂੰ ਨਸਲਵਾਦ ਦੇ ਆਧਾਰ ‘ਤੇ ਵੰਡਣ ਦੀਆਂ ਨੀਤੀਆਂ ਜਾਰੀ ਰੱਖੀਆਂ। ਕਾਲੇ ਲੋਕਾਂ ਦੇ ਕਾਤਲਾਂ ਅਤੇ ਨਵ-ਨਾਜ਼ਵਾਦੀਆਂ ਦੀ ਸਰਾਹਨਾ ਕਰਨਾ, ਕਰੋਨਾ ਕਰਕੇ 2,96,000 ਰੁਜ਼ਗਾਰ ਖ਼ਤਮ ਹੋਣਾ, ਤੇਲ ਕੰਪਨੀਆਂ ਸ਼ੈੱਲ ਵੱਲੋਂ 9000, ਡਿਜ਼ਨੀ ਵੱਲੋਂ 28000, ਰੇਥਨ ਵੱਲੋਂ 15000 ਨੌਕਰੀਆਂ ਦਾ ਖ਼ਾਤਮਾ ਕਰਨਾ, 2016 ਚੋਣਾਂ ਵੇਲੇ 4 ਪ੍ਰਤੀਸ਼ਤ ਸਾਲਾਨਾ ਵਿਕਾਸ ਦਰ ਦੇ ਵਾਧੇ ਦਾ ਵਾਅਦਾ ਠੁੱਸ ਹੋਣਾ, ਵਿਕਾਸ ਦਰ ਦਾ 2017-19 ਦਰਮਿਆਨ 2.5 ਪ੍ਰਤੀਸ਼ਤ ‘ਤੇ ਆ ਡਿੱਗਣਾ, ਜੀਡੀਪੀ ਘਾਟਾ 4.4 ਤੋਂ 6.3 ਪ੍ਰਤੀਸ਼ਤ ਹੋ ਜਾਣਾ, ਗਲੋਬਲ ਪੱਧਰ ‘ਤੇ ਵਪਾਰਕ ਅਤੇ ਟੈਰਿਫ ਜੰਗ ਜਾਰੀ ਰੱਖਣ ਕਾਰਨ ਪੈਦਾਵਾਰੀ ਖੇਤਰਾਂ ਵਿਚ ਨੌਕਰੀਆਂ ਦਾ ਖੁੱਸਣਾ, ਪ੍ਰਤੀ ਘਰ ਆਮਦਨ ਸਿਰਫ਼ 1300 ਡਾਲਰ ਮਾਸਿਕ ਰਹਿ ਜਾਣਾ, 21000 ਵਾਰ ਝੂਠ ਬੋਲਣਾ, ਮੀਡੀਆ ਨੂੰ ‘ਫੇਕ ਨਿਊਜ਼’ ਦੇਣ ਅਤੇ ਟਿੱਚਰਾਂ ਰਾਹੀਂ ਬਦਨਾਮ ਕਰਨ ਦੀ ਨੀਤੀ ਜਾਰੀ ਰੱਖਣਾ ਆਦਿ ਕਰਕੇ ਅਮਰੀਕੀ ਟਰੰਪ ਤੋਂ ਖਹਿੜਾ ਛਡਾਉਣ ਦੇ ਰੌਂਅ ਵਿਚ ਹਨ।
ਟਰੰਪ ਨੇ ਵਪਾਰਕ ਅਤੇ ਟੈਰਿਫ ਜੰਗ ਤਹਿਤ ਕੈਨੇਡਾ ਅਤੇ ਮੈਕਸੀਕੋ ਨਾਲ ਤ੍ਰੈਪੱਖੀ ਨਾਫਟਾ ਸਮਝੌਤਾ ਤੋੜ ਕੇ ਜਬਰੀ ਵੱਖ-ਵੱਖ ਦੁਵੱਲੇ ਸਮਝੌਤੇ ਗੁਆਂਢੀਆਂ ‘ਤੇ ਥੋਪੇ। ਮੈਕਸੀਕੋ ਦੇ ਬਾਰਡਰ ਨਾਲ 722 ਮੀਲ ਵਿਚੋਂ 455 ਮੀਲ ਦੀ ਦੀਵਾਰ ਉਸਾਰ ਦਿੱਤੀ ਤੇ ਵਾਅਦਾ ਕੀਤਾ ਕਿ ਜੇ ਚੋਣ ਜਿੱਤ ਗਿਆ ਤਾਂ ਬਾਕੀ ਵੀ ਪੂਰੀ ਕਰਾਂਗਾ, ਮੈਕਸੀਕੋ ਸਰਹੱਦ ‘ਤੇ ਜ਼ੁਲਮਾਂ ਕਾਰਨ 500 ਮਾਸੂਮਾਂ ਦੇ ਮਾਪੇ ਵਿਛੜ ਗਏ ਜੋ ਅਜੇ ਤਕ ਨਹੀਂ ਮਿਲੇ। ਕੈਨੇਡਾ ਵਿਚ ਜੀ-7 ਮੀਟਿੰਗ ਅੱਧ ਵਿਚਾਲੇ ਛੱਡਣਾ ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਬੁਰਾ-ਭਲਾ ਕਹਿਣਾ।ਐਸੇ ਕਾਰਨ ਹਨ ਕਿ ਕੈਨੇਡਾ ਅਤੇ ਮੈਕਸੀਕੋ ਦੇ ਲੋਕ ਟਰੰਪ ਨੂੰ ਹਾਰਿਆ ਵੇਖਣਾ ਚਾਹੁੰਦੇ ਹਨ। ਕਾਬਿਲੇਗ਼ੌਰ ਹੈ ਕਿ ਮਿਸ਼ੀਗਨ, ਅਰੀਜ਼ੋਨਾ, ਜਾਰਜੀਆ, ਪੈਨਸਿਲਵੇਨੀਆ, ਆਇਓਵਾ ਆਦਿ ਰਾਜਾਂ ਵਿਚ ਪਿਛਲੀ ਵਾਰ ਟਰੰਪ ਜਿੱਤਿਆ ਸੀ। ਇਸ ਵਾਰ ਉੱਥੇ ਬਿਡੇਨ ਦੇ ਅੱਗੇ ਚੱਲਣ, ਓਬਾਮਾ, ਬਰਨੀ ਸੈਂਡਰਜ਼, ਅਲੈਜ਼ਬੈੱਥ ਵਾਰੇਨ, ਅਲੈਗਜ਼ੈਂਡਰੀਆ ਓਕਾਸੀਓ ਕੋਰਟਜ਼, ਹਿਲੇਰੀ ਕਲਿੰਟਨ ਆਦਿ ਵਰਗੇ ਮਹਾਰਥੀ ਡੈਮੋਕਰੇਟਾਂ ਵੱਲੋਂ ਮਿਲ ਕੇ ਬਿਡੇਨ ਦੀ ਚੋਣ ਮੁਹਿੰਮ ਭਖਾਉਣ, ਬਿਡੇਨ ਨੂੰ 207 ਡੈਲੀਗੇਟਾਂ ਦੀ ਪੱਕੀ ਹਮਾਇਤ ਜਦਕਿ 72 ਦਾ ਉਸ ਵੱਲ ਝੁਕਾਅ ਹੋਣਾ, ਵੱਡੀ ਗੱਲ ਹੈ। ਦੂਜੇ ਬੰਨੇ ਟਰੰਪ ਨੂੰ ਸਿਰਫ਼ 83 ਡੈਲੀਗੇਟਾਂ ਦੀ ਪੱਕੀ ਹਮਾਇਤ, 42 ਦਾ ਉਸ ਵੱਲ-ਝੁਕਾਅ ਹੋਣਾ, 132 ਡੈਲੀਗੇਟਾਂ ਦਾ ਟਾਸ ਅੱਪ ਪੁਜ਼ੀਸ਼ਨ ਵਿਚ ਹੋਣਾ, 1600 ਧਾਰਮਿਕ ਲੀਡਰਾਂ ਦਾ ਬਿਡੇਨ ਦੇ ਹੱਕ ਵਿਚ ਆਉਣਾ, 62 ਮਿਲੀਅਨ ਲੋਕਾਂ ਦਾ ਹੁਣ ਤੱਕ ਡਾਕ ਰਾਹੀਂ ਵੋਟ ਪਾਉਣਾ, ਜਿਸ ਦਾ ਟਰੰਪ ਵਿਰੋਧ ਕਰ ਰਿਹਾ ਸੀ, ਦੋਹਾਂ ਡਿਬੇਟਾਂ ਵਿਚ ਬਿਡੇਨ ਤੋਂ ਮਾਰ ਖਾਣ ਆਦਿ ਤੋਂ ਬੁਖਲਾ ਕੇ ਟਰੰਪ ਨੇ ਉਸ ਵਿਰੁੱਧ ਕੂੜ ਪ੍ਰਚਾਰ ਦਾ ਸਹਾਰਾ ਲੈਣਾ ਸ਼ੁਰੂ ਕੀਤਾ ਹੈ ਕਿ ਸ਼ਾਇਦ ਇਹੀ ਪਾਸਾ ਪਲਟ ਸਕੇ।
ਇਹ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਬਿਡੇਨ ਅਪਰਾਧੀ ਪਰਿਵਾਰ ਦਾ ਮੁਖੀਆ ਹੈ। ਬਰਾਕ ਓਬਾਮਾ ਨੇ ਜਾਅਲੀ ਓਸਾਮਾ ਬਿਨ ਲਾਦੇਨ ਮਾਰਿਆ, ਅਟਾਰਨੀ ਬਿੱਲ ਬਾਰ ਨੇ ਬਿਡੇਨ ਅਤੇ ਹਿਲੇਰੀ ਕਲਿੰਟਨ ਨੂੰ ਜੇਲ੍ਹ ਨਹੀਂ ਭੇਜਿਆ, ਇਨ੍ਹਾਂ ਨੂੰ ਜੇਲ੍ਹ ਵਿਚ ਸੁੱਟੋ, ਓਬਾਮਾ ਅਮਰੀਕਾ ਵਿਚ ਪੈਦਾ ਨਹੀਂ ਹੋਇਆ, ਉਹ ਮੁਸਲਮਾਨ ਹੈ। ਬਿਡੇਨ ਨੂੰ ਬਦਨਾਮ ਕਰਨ ਲਈ ਉਸ ਦੇ ਪੁੱਤਰ ਹੰਟਰ ਬਿਡੇਨ ਦਾ ਯੂਕਰੇਨ ਨਾਲ ਸਬੰਧਤ ਵਪਾਰਕ ਕੇਸ ਉਛਾਲਣਾ, ਓਬਾਮਾ ‘ਤੇ ਆਪਣੀ ਮੁਹਿੰਮ ਦੀ ਜਾਸੂਸੀ ਦਾ ਦੋਸ਼ ਲਾਉਣਾ, 50 ਹਜ਼ਾਰ ਵੋਟ ਬੈਲਟ ਇਕ ਦਰਿਆ ਵਿਚ ਪਏ ਮਿਲਣ ਆਦਿ ਦੇ ਭਰਮ-ਭੁਲੇਖਾ ਪਾਊ ਕੂੜ ਪ੍ਰਚਾਰ ਦਾ ਸਹਾਰਾ ਲੈਣਾ ਦਰਸਾਉਂਦਾ ਹੈ ਕਿ ਟਰੰਪ ਹਾਰੀ ਬਾਜ਼ੀ ਪ੍ਰਤੀ ਰੌਲਾ ਪਾ ਰਿਹਾ ਹੈ। ਐਲਿਨ ਲਿਚਮੈਨ ਜੋ 1984 ਤੋਂ ਰਾਸ਼ਟਰਪਤੀ ਚੋਣਾਂ ਬਾਰੇ ਭਵਿੱਖਬਾਣੀ ਕਰਦਾ ਆਇਆ ਹੈ, ਨੇ ਨਵੰਬਰ ਵਿਚ ਟਰੰਪ ਦੀ ਹਾਰ ਬਾਰੇ ਭਵਿੱਖਬਾਣੀ ਕੀਤੀ ਹੈ। ਖ਼ੈਰ! ਲੋਕਤੰਤਰ ਵਿਚ ਫ਼ੈਸਲਾ ਲੋਕਾਂ ਨੇ ਕਰਨਾ ਹੁੰਦਾ ਹੈ।

Check Also

ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪੰਦਰਾਂ ਮਹੀਨੇ ਪਹਿਲਾਂ ਹੀ ਪਰ ਤੋਲਣ ਲੱਗੀਆਂ ਸਿਆਸੀ ਧਿਰਾਂ

ਗੁਰਮੀਤ ਸਿੰਘ ਪਲਾਹੀ ਪੰਜਾਬ ‘ਚ ਕਿਸਾਨ ਅੰਦੋਲਨ ਨੇ ਭਾਜਪਾ ਦੇ ਪੰਜਾਬ ‘ਚ ਇਕੱਲਿਆਂ ਵਿਧਾਨ ਸਭਾ …