ਪ੍ਰਤਾਪ ਸਿੰਘ ਬਾਜਵਾ ਨੇ ਵਿਧਾਨ ਸਭਾ ਦੇ ਸਿੱਧੇ ਪ੍ਰਸਾਰਣ ’ਤੇ ਵੀ ਚੁੱਕੇ ਸਵਾਲ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੇ ਅੱਜ ਵੀਰਵਾਰ ਨੂੰ ਆਖਰੀ ਦਿਨ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਐਸ ਵਾਈ ਐਲ ਨਹਿਰ ਦਾ ਮੁੱਦਾ ਚੁੱਕਿਆ। ਉਨ੍ਹਾਂ ਨਾਲ ਹੀ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਵੱਲੋਂ ਗਾਏ ਗੀਤ ਐਸ ਵਾਈ ਐਲ ਨੂੰ ਵੀ ਇਸ ਦੇ ਨਾਲ ਜੋੜਿਆ ਅਤੇ ਕੇਂਦਰ ਸਰਕਾਰ ਵੱਲੋਂ ਗੀਤ ’ਤੇ ਪਾਬੰਦੀ ਲਗਾਉਣ ’ਤੇ ਸਖਤ ਇਤਰਾਜ਼ ਵੀ ਪ੍ਰਗਟਾਇਆ। ਬਾਜਵਾ ਨੇ ਕਿਹਾ ਕਿ ਐਸ ਵਾਈ ਐਲ ਗੀਤ ਨਾਲ ਪੂਰੇ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ। ਜਦਕਿ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਇਸ ਗੀਤ ’ਤੇ ਪਾਬੰਦੀ ਲਗਾ ਕੇ ਸਾਡੀ ਅਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਅੱਗੇ ਕਿਹਾ ਕਿ ਹਰਿਆਣਾ ਦੇ ਵੀ ਕਈ ਗਾਇਕਾਂ ਨੇ ਐਸ ਵਾਈ ਐਲ ਨੂੰ ਲੈ ਕੇ ਕਈ ਗੀਤ ਗਾਏ ਹਨ ਪ੍ਰੰਤੂ ਉਨ੍ਹਾਂ ’ਤੇ ਸਰਕਾਰ ਵੱਲੋਂ ਕੋਈ ਪਾਬੰਦੀ ਨਹੀਂ ਲਗਾਈ। ਦੂਜੇ ਪਾਸੇ ਕੇਂਦਰ ਸਰਕਾਰ ਦੀ ਹਦਾਇਤ ’ਤੇ ਕਿਸਾਨ ਅੰਦੋਲਨ ਦੌਰਾਨ ਬਣੇ ਦੋ ਟਵਿੱਟਰ ਹੈਂਡਲ ’ਤੇ ਵੀ ਸਰਕਾਰ ਵੱਲੋਂ ਪਾਬੰਦੀ ਲਗਾਈ ਗਈ ਹੈ ਜੋਕਿ ਸਰਾਸਰ ਗਲਤ ਹੈ। ਉਧਰ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਦਾ ਸਿੱਧਾ ਪ੍ਰਸਾਰਣ ਦਿਖਾਏ ਜਾਣ ’ਤੇ ਵੀ ਪ੍ਰਤਾਪ ਸਿੰਘ ਬਾਜਵਾ ਨੇ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਜਦੋਂ ਵਿਰੋਧੀ ਧਿਰ ਦਾ ਆਗੂ ਵਿਧਾਨ ਸਭਾ ਵਿਚ ਬੋਲਦਾ ਹੈ ਤਾਂ ਉਸ ਦਾ ਚਿਹਰੇ ਟੀਵੀ ਸਕਰੀਨ ’ਤੇ ਨਹੀਂ ਦਿਖਾਇਆ ਜਾਂਦਾ। ਜਦੋਂਕਿ ਮੁੱਖ ਮੰਤਰੀ, ਵਿਧਾਨ ਸਭਾ ਦਾ ਸਪੀਕਰ ਅਤੇ ਆਮ ਆਦਮੀ ਪਾਰਟੀ ਦਾ ਕੋਈ ਮੰਤਰੀ ਜਾਂ ਵਿਧਾਇਕ ਬੋਲਦਾ ਤਾਂ ਉਨ੍ਹਾਂ ਚਿਹਰਾ ਟੀਵੀ ਸਕਰੀਨ ’ਤੇ ਪੂਰਾ ਫੋਕਸ ਕਰਕੇ ਦਿਖਾਇਆ ਜਾਂਦਾ ਹੈ।