Breaking News
Home / ਪੰਜਾਬ / ਪਟਿਆਲਾ ਵਿਚ ਵਾਪਰੀ ਹਿੰਸਕ ਘਟਨਾ ਖਿਲਾਫ ਅੰਮ੍ਰਿਤਸਰ ‘ਚ ਕੱਢਿਆ ਮੋਮਬੱਤੀ ਮਾਰਚ

ਪਟਿਆਲਾ ਵਿਚ ਵਾਪਰੀ ਹਿੰਸਕ ਘਟਨਾ ਖਿਲਾਫ ਅੰਮ੍ਰਿਤਸਰ ‘ਚ ਕੱਢਿਆ ਮੋਮਬੱਤੀ ਮਾਰਚ

ਪੰਜਾਬੀ ਇੱਕ ਸਨ, ਇੱਕ ਹਨ ਅਤੇ ਇੱਕ ਹੀ ਰਹਿਣਗੇ : ਨਵਜੋਤ ਸਿੱਧੂ
ਅੰਮ੍ਰਿਤਸਰ/ਬਿਊਰੋ ਨਿਊਜ਼ : ਪਟਿਆਲਾ ਵਿੱਚ ਵਾਪਰੀ ਹਿੰਸਕ ਘਟਨਾ ਖਿਲਾਫ ਅਤੇ ਪੰਜਾਬ ਵਿਚ ਭਾਈਚਾਰਕ ਸਾਂਝ, ਏਕਤਾ ਅਤੇ ਅਮਨ-ਸ਼ਾਂਤੀ ਕਾਇਮ ਰੱਖਣ ਲਈ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਹੇਠ ਅੰਮ੍ਰਿਤਸਰ ‘ਚ ਮੋਮਬੱਤੀ ਮਾਰਚ ਕੱਢਿਆ ਗਿਆ। ਇਹ ਮਾਰਚ ਹੈਰੀਟੇਜ ਸਟਰੀਟ ਵਿਚ ਸਥਾਪਤ ਡਾ. ਅੰਬੇਡਕਰ ਦੇ ਬੁੱਤ ਤੋਂ ਆਰੰਭ ਹੋਇਆ ਅਤੇ ਜੱਲ੍ਹਿਆਂਵਾਲਾ ਬਾਗ ਨੇੜੇ ਸਮਾਪਤ ਹੋਇਆ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਸਿੱਧੂ ਨੇ ਕਿਹਾ ਕਿ ਕੁੱਝ ਫਿਰਕੂ ਤਾਕਤਾਂ ਪੰਜਾਬ ਵਿੱਚ ਅਮਨ-ਸ਼ਾਂਤੀ ਅਤੇ ਆਪਸੀ ਭਾਈਚਾਰਕ ਸਾਂਝ ਭੰਗ ਕਰਨਾ ਚਾਹੁੰਦੀਆਂ ਹਨ। ਉਨ੍ਹਾਂ ਨੇ ਪੰਜਾਬੀਆਂ ਨੂੰ ਇਨ੍ਹਾਂ ਤਾਕਤਾਂ ਦੀ ਸਾਜ਼ਿਸ਼ ਸਫਲ ਨਾ ਹੋਣ ਦੇਣ ਅਤੇ ਆਪਸੀ ਸਾਂਝ ਤੇ ਇੱਕਜੁਟਤਾ ਕਾਇਮ ਰੱਖਣ ਦੀ ਅਪੀਲ ਕੀਤੀ।
ਉਨ੍ਹਾਂ ਕਿਹਾ ਕਿ ਪੰਜਾਬੀ ਇੱਕ ਸਨ, ਇੱਕ ਹਨ ਅਤੇ ਇੱਕ ਹੀ ਰਹਿਣਗੇ। ਪੰਜਾਬ ਹਮੇਸ਼ਾ ਗੁਰੂਆਂ ਦੇ ਨਾਂ ‘ਤੇ ਆਪਸੀ ਸਾਂਝ ਕਾਇਮ ਰੱਖੇਗਾ। ਉਨ੍ਹਾਂ ਕਿਹਾ ਕਿ ਅੱਜ ਅਮਨ-ਸ਼ਾਂਤੀ ਅਤੇ ਭਾਈਚਾਰਕ ਸਾਂਝ ਕਾਇਮ ਰੱਖਣ ਦੀ ਅਪੀਲ ਸਬੰਧੀ ਇਹ ਮੋਮਬੱਤੀ ਮਾਰਚ ਕੱਢਿਆ ਹੈ।
ਸਿੱਧੂ ਨੇ ਕਿਹਾ ਕਿ ਪੰਜਾਬ ਵਿੱਚ ਜਦੋਂ ਵੀ ਫਿਰਕੂ ਤਾਕਤਾਂ ਆਪਸੀ ਸਾਂਝ ਤੋੜਨ ਦੀ ਕੋਸ਼ਿਸ਼ ਕਰਨਗੀਆਂ, ਉਦੋਂ ਪੰਜਾਬ ਪੰਜਾਬੀਅਤ ਦੀ ਢਾਲ ਲੈ ਕੇ ਇਨ੍ਹਾਂ ਸਾਜ਼ਿਸ਼ਾਂ ਨੂੰ ਰੋਕਣ ਲਈ ਅੱਗੇ ਆਵੇਗਾ। ਉਨ੍ਹਾਂ ਕਿਹਾ ਕਿ ਪੰਜਾਬੀ ਦਸਮੇਸ਼ ਪਿਤਾ ਦੀ ਸੰਤਾਨ ਹਨ।
ਬਿਨਾਂ ਕਿਸੇ ਸਿਆਸੀ ਧਿਰ ਦਾ ਨਾਂ ਲਏ ਉਨ੍ਹਾਂ ਆਰੋਪ ਲਾਇਆ ਕਿ ਕੁਝ ਲੋਕ ਵੋਟਾਂ ਦੀ ਰਾਜਨੀਤੀ ਕਰ ਰਹੇ ਹਨ। ਇਸੇ ਤਹਿਤ ਪਹਿਲਾਂ ਬੇਅਦਬੀਆਂ ਹੋਈਆਂ ਅਤੇ ਹੁਣ ਲੋਕਾਂ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਮੌਕੇ ਉਨ੍ਹਾਂ ਨਾਲ ਸਾਬਕਾ ਵਿਧਾਇਕ ਸੁਨੀਲ ਦੱਤੀ, ਅਸ਼ਵਨੀ ਸੇਖੜੀ ਤੇ ਹੋਰ ਹਾਜ਼ਰ ਸਨ।

 

Check Also

ਪੰਜਾਬ ਅਤੇ ਹਰਿਆਣਾ ’ਚ ਕਿਸਾਨਾਂ ਨੇ ਦੋ ਘੰਟੇ ਰੇਲਾਂ ਦਾ ਚੱਕਾ ਰੱਖਿਆ ਜਾਮ

ਕਿਹਾ : ਰਵਨੀਤ ਬਿੱਟੂ ਅਤੇ ਕੰਗਣਾ ਰਣੌਤ ਕਿਸਾਨਾਂ ਨੂੰ ਬਦਨਾਮ ਕਰਨ ਦੀ ਕਰ ਰਹੇ ਨੇ …