-1.9 C
Toronto
Sunday, December 7, 2025
spot_img
Homeਪੰਜਾਬਸੁਖਪਾਲ ਖਹਿਰਾ ਨੇ ਘਰ-ਘਰ ਆਟਾ ਵੰਡਣ ਦੀ ਸਕੀਮ ਨੂੰ ਦੱਸਿਆ ਫਜ਼ੂਲ ਖਰਚੀ

ਸੁਖਪਾਲ ਖਹਿਰਾ ਨੇ ਘਰ-ਘਰ ਆਟਾ ਵੰਡਣ ਦੀ ਸਕੀਮ ਨੂੰ ਦੱਸਿਆ ਫਜ਼ੂਲ ਖਰਚੀ

ਕਿਹਾ : ਕੇਜਰੀਵਾਲ ਦੇ ਚਹੇਤਿਆਂ ਨੂੰ ਹੋਵੇਗਾ ਫਾਇਦਾ
ਜਲੰਧਰ/ਬਿਊਰੋ ਨਿਊਜ਼ : ਕਾਂਗਰਸ ਦੇ ਸੀਨੀਅਰ ਆਗੂ ਤੇ ਹਲਕਾ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਦੇ ਗਰੀਬ ਪਰਿਵਾਰਾਂ ਨੂੰ ਆਮ ਆਦਮੀ ਪਾਰਟੀ ਵੱਲੋਂ ਘਰ-ਘਰ ਆਟਾ ਵੰਡਣ ‘ਤੇ ਸਾਲਾਨਾ 670 ਕਰੋੜ ਰੁਪਏ ਖਰਚ ਕੀਤੇ ਜਾਣ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕਾਰਜਭਾਰ ਸੰਭਾਲਦਿਆਂ ਹੀ ਕਿਹਾ ਸੀ ਕਿ ਪੰਜਾਬ ਸਰਕਾਰ ਬੱਚਤ ਕਰੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ 300 ਦੇ ਕਰੀਬ ਸਾਬਕਾ ਵਿਧਾਇਕਾਂ ਨੂੰ ਵਾਧੂ ਪੈਨਸ਼ਨ ਰੋਕਣ ਨਾਲ ਸਿਰਫ 19.63 ਕਰੋੜ ਦੀ ਬੱਚਤ ਹੋਵੇਗੀ, ਪਰ ਇਸ ਦੇ ਉਲਟ ਸਰਕਾਰ ਸਾਲ ਵਿੱਚ 670 ਕਰੋੜ ਰੁਪਏ ਇਕ ਸਕੀਮ ਨੂੰ ਲਾਗੂ ਕਰਨ ‘ਤੇ ਹੀ ਰੋੜ੍ਹ ਦੇਵੇਗੀ। ਖਹਿਰਾ ਨੇ ਕਿਹਾ ਕਿ ਉਨ੍ਹਾਂ ਨੂੰ ਖਦਸ਼ਾ ਹੈ ਕਿ ਇਹ ਸਕੀਮ ‘ਆਪ’ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਿਰਦੇਸ਼ਾਂ ‘ਤੇ ਉਨ੍ਹਾਂ ਦੇ ਚਹੇਤਿਆਂ ਨੂੰ ਲਾਹਾ ਦੇਣ ਵਾਸਤੇ ਲਿਆਂਦੀ ਗਈ ਹੈ, ਜਿਨ੍ਹਾਂ ਨੂੰ ਰਾਸ਼ਨ ਵੰਡਣ ਦੇ ਠੇਕੇ ਦਿੱਤੇ ਜਾਣੇ ਹਨ। ਉਨ੍ਹਾਂ ਖ਼ਦਸ਼ਾ ਪ੍ਰਗਟਾਇਆ ਕਿ ਇਹ ਚੁਣੇ ਹੋਏ ਕੁਝ ਡਿਸਟ੍ਰੀਬਿਊਟਰ ਨਾ ਸਿਰਫ ਵੱਡੇ ਪੱਧਰ ‘ਤੇ ਭ੍ਰਿਸ਼ਟਾਚਾਰ ਕਰਨਗੇ ਬਲਕਿ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਖੁਸ਼ ਰੱਖਣ ਲਈ ਉਨ੍ਹਾਂ ਨੂੰ ਵੀ ਮੁਨਾਫਾ ਪਹੁੰਚਾਉਣਗੇ। ਉਨ੍ਹਾਂ ਕਿਹਾ ਕਿ ਸੂਬੇ ਵਿੱਚ 19000 ਰਾਸ਼ਨ ਡਿਪੂ ਹੋਲਡਰ ਹਨ ਜੋ ਪਹਿਲਾਂ ਹੀ ‘ਆਪ’ ਖਿਲਾਫ ਖੜ੍ਹ ਚੁੱਕੇ ਹਨ ਕਿਉਂਕਿ ਉਨ੍ਹਾਂ ਨੂੰ ਖਦਸ਼ਾ ਹੈ ਕਿ ਘਰ ਤੱਕ ਰਾਸ਼ਨ ਪਹੁੰਚਾਉਣ ਦੀ ਸਕੀਮ ਨਾਲ ਉਹ ਬੇਰੁਜ਼ਗਾਰ ਹੋ ਜਾਣਗੇ। ਇਸ ਦੇ ਨਾਲ ਹੀ ਪਿੰਡਾਂ ‘ਚ ਬਣੀਆਂ ਛੋਟੀਆਂ ਆਟਾ ਚੱਕੀਆਂ ਵੀ ਬੰਦ ਹੋ ਜਾਣਗੀਆਂ, ਜੋ ਲਾਭਪਾਤਰੀਆਂ ਨੂੰ ਮਿਲਣ ਵਾਲੀ ਕਣਕ ਪੀਸ ਕੇ ਗੁਜ਼ਾਰਾ ਕਰਦੇ ਹਨ।

 

RELATED ARTICLES
POPULAR POSTS