Breaking News
Home / ਪੰਜਾਬ / ਸੁਖਬੀਰ ਬਾਦਲ ਨੇ ਪੰਥ ਨਾਲੋਂ ਗੁਰਮੀਤ ਸਿੰਘ ਰਾਮ ਰਹੀਮ ਨਾਲ ਜ਼ਿਆਦਾ ਸਾਂਝ ਪੁਗਾਈ

ਸੁਖਬੀਰ ਬਾਦਲ ਨੇ ਪੰਥ ਨਾਲੋਂ ਗੁਰਮੀਤ ਸਿੰਘ ਰਾਮ ਰਹੀਮ ਨਾਲ ਜ਼ਿਆਦਾ ਸਾਂਝ ਪੁਗਾਈ

ਸੁਨੀਲ ਜਾਖੜ ਨੇ ਡੇਰਾ ਮੁਖੀ ਬਾਰੇ ਅਦਾਲਤਾਂ ਵਿੱਚ ਦਿੱਤੇ ਹਲਫ਼ਨਾਮੇ ਕੀਤੇ ਉਜਾਗਰ
ਚੰਡੀਗੜ੍ਹ/ਬਿਊਰੋ ਨਿਊਜ਼
ਡੇਰਾ ਸਿਰਸਾ ਦੇ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਨੂੰ ਪੁਸ਼ਾਕ ਦੇਣ ਦੇ ਮਾਮਲੇ ਵਿਚ ਘਿਰਦੇ ਜਾ ਰਹੇ ਹਨ। ਕਾਂਗਰਸ ਸਮੇਤ ਹੋਰ ਕਈ ਪਾਰਟੀਆਂ ਨੇ ਸੁਖਬੀਰ ਬਾਦਲ ਨੂੰ ਪੰਥ ‘ਚੋਂ ਛੇਕਣ ਦੀ ਵੀ ਮੰਗ ਕੀਤੀ ਸੀ। ਇਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਸੁਖਬੀਰ ‘ਤੇ ਲੱਗ ਰਹੇ ਅਜਿਹੇ ਇਲਜ਼ਾਮਾਂ ਨੂੰ ਸਾਜਿਸ਼ ਦੱਸਿਆ ਹੈ।
ਇਸੇ ਦੌਰਾਨ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਡੇਰਾ ਸਿਰਸਾ ਦੇ ਮੁਖੀ ਨਾਲ ਸਿਆਸੀ ਸਾਂਝ ਦੇ ਮਾਮਲੇ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਸਿਆਸੀ ਘੇਰਾਬੰਦੀ ਸ਼ੁਰੂ ਕਰ ਦਿੱਤੀ ਹੈ। ਖੇਤੀ ਆਰਡੀਨੈਂਸਾਂ ਮਗਰੋਂ ਕਾਂਗਰਸ ਨੇ ਸੁਖਬੀਰ ਬਾਦਲ ਨੂੰ ਸਿਆਸੀ ਠਿੱਬੀ ਲਾਉਣ ਲਈ ਡੇਰਾ ਮੁਖੀ ਦੇ ਮਾਮਲੇ ਨੂੰ ਉਭਾਰਨਾ ਸ਼ੁਰੂ ਕਰ ਦਿੱਤਾ ਹੈ। ਜਾਖੜ ਨੇ ਡੇਰਾ ਮੁਖੀ ਬਾਰੇ ਅਦਾਲਤਾਂ ਵਿੱਚ ਦਿੱਤੇ ਹਲਫ਼ਨਾਮੇ ਉਜਾਗਰ ਕੀਤੇ ਹਨ, ਜੋ ਬਤੌਰ ਗ੍ਰਹਿ ਮੰਤਰੀ ਸੁਖਬੀਰ ਬਾਦਲ ਨੇ ਦਿੱਤੇ ਸਨ।
ਜਾਖੜ ਨੇ ਕਿਹਾ ਕਿ ਡੇਰੇ ਨਾਲ ਗੁਪਤ ਸਮਝੌਤੇ ਮਗਰੋਂ ਲਏ ਯੂ-ਟਰਨ ਬਾਰੇ ਸੁਖਬੀਰ ਬਾਦਲ ਪੰਥ ਨੂੰ ਸਪੱਸ਼ਟ ਕਰਨ। ਉਨ੍ਹਾਂ ਕਿਹਾ ਕਿ ਡੇਰਾ ਮੁਖੀ ਖ਼ਿਲਾਫ਼ ਸਾਲ 2007 ਵਿਚ ਹੀ ਕਾਰਵਾਈ ਕੀਤੀ ਹੁੰਦੀ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਰਗੀਆਂ ਘਟਨਾਵਾਂ ਨਹੀਂ ਵਾਪਰਨੀਆਂ ਸਨ। ਸੁਖਬੀਰ ਨੇ ਪੰਥ ਨਾਲੋਂ ਡੇਰਾ ਮੁਖੀ ਨਾਲ ਜ਼ਿਆਦਾ ਸਾਂਝ ਪੁਗਾਈ। ਜਾਖੜ ਨੇ ਕਿਹਾ ਕਿ 2007 ਵਿੱਚ 11 ਤੋਂ 13 ਮਈ ਤੱਕ ਡੇਰਾ ਮੁਖੀ ਸਲਾਬਤਪੁਰੇ ਆਇਆ ਅਤੇ ਉਸ ਨੇ ਗੁਰੂ ਗੋਬਿੰਦ ਸਿੰਘ ਜੀ ਵਰਗੀ ਪੁਸ਼ਾਕ ਪਾ ਕੇ ਜਾਮ-ਏ-ਇੰਸਾਂ ਪਿਆਉਣ ਦਾ ਸਵਾਂਗ ਰਚਿਆ। ਪਟਿਆਲਾ ਦੇ ਆਈਜੀ ਦੀ ਜਾਂਚ ਮਗਰੋਂ ਤਤਕਾਲੀ ਗੱਠਜੋੜ ਸਰਕਾਰ ਸਮੇਂ ਡੇਰਾ ਮੁਖੀ ਖ਼ਿਲਾਫ਼ ਪੁਲਿਸ ਕੇਸ ਦਰਜ ਹੋਇਆ। ਜਾਖੜ ਨੇ ਦੱਸਿਆ ਕਿ ਉਸ ਸਮੇਂ ਕੇਸ ਰੱਦ ਕਰਵਾਉਣ ਅਤੇ ਚਲਾਨ ਕੋਰਟ ਵਿੱਚ ਪੇਸ਼ ਕਰਨੋਂ ਰੋਕਣ ਲਈ ਡੇਰਾ ਮੁਖੀ ਵੱਲੋਂ ਕੀਤੀ ਚਾਰਾਜੋਈ ਦੌਰਾਨ ਅਕਾਲੀ ਸਰਕਾਰ ਨੇ ਦੋ ਵਾਰ ਹਲਫ਼ਨਾਮੇ ਦਾਇਰ ਕਰਕੇ ਕਿਹਾ ਕਿ ਡੇਰਾ ਮੁਖੀ ਨੇ ਭਾਵਨਾਵਾਂ ਭੜਕਾਈਆਂ ਹਨ। ਜਾਖੜ ਨੇ ਕਿਹਾ ਕਿ ਇਸ ਦੌਰਾਨ 2008 ਵਿੱਚ ਹਾਈਕੋਰਟ ਵੱਲੋਂ ਚਲਾਨ ਪੇਸ਼ ਕਰਨ ਦੀ ਸਰਕਾਰ ਨੂੰ ਇਜਾਜ਼ਤ ਦੇ ਦਿੱਤੇ ਜਾਣ ਦੇ ਬਾਵਜੂਦ 4 ਸਾਲ ਤੱਕ ਅਕਾਲੀ ਸਰਕਾਰ ਨੇ ਚਲਾਨ ਕੋਰਟ ਵਿਚ ਪੇਸ਼ ਨਹੀਂ ਕੀਤਾ। ਜਾਖੜ ਨੇ ਕਿਹਾ ਬਾਦਲ ਪਰਿਵਾਰ ਨੇ ਬਠਿੰਡਾ ਤੋਂ 2009 ਵਿੱਚ ਲੋਕ ਸਭਾ ਚੋਣ ਲੜਨੀ ਸੀ, ਜਿਸ ਬਾਰੇ ਡੇਰੇ ਨਾਲ ਸੌਦੇਬਾਜ਼ੀ ਹੋਈ, ਜਿਸ ਤਹਿਤ ਅਕਾਲੀ ਦਲ ਦੀ ਡੇਰੇ ਨੇ ਮਦਦ ਕੀਤੀ।
ਜਾਖੜ ਨੇ ਦੱਸਿਆ ਕਿ ਡੇਰੇ ਦੇ ਦਬਾਅ ਵਿੱਚ ਸੁਖਬੀਰ ਬਾਦਲ ਨੇ 2012 ਦੀਆਂ ਚੋਣਾਂ ਤੋਂ ਸਿਰਫ਼ 3 ਦਿਨ ਪਹਿਲਾਂ ਯੂ-ਟਰਨ ਲੈਂਦਿਆਂ ਨਵਾਂ ਹਲਫ਼ਨਾਮਾ ਦਾਇਰ ਕਰ ਦਿੱਤਾ ਕਿ 13 ਮਈ 2007 ਨੂੰ ਤਾਂ ਡੇਰਾ ਮੁਖੀ ਸਲਾਬਤਪੁਰੇ ਆਇਆ ਹੀ ਨਹੀਂ ਅਤੇ ਨਾ ਹੀ ਉਸ ਨੇ ਕੋਈ ਉੱਥੇ ਕੋਈ ਪ੍ਰਚਾਰ ਕੀਤਾ। ਜਾਖੜ ਨੇ ਕਿਹਾ ਕਿ ਇਸੇ ਤਰ੍ਹਾਂ ਡੇਰਾ ਮੁਖੀ ਨੇ 2015 ਵਿਚ ਫ਼ਿਲਮ ਰਿਲੀਜ਼ ਕਰਵਾਉਣੀ ਸੀ ਤਾਂ ਫਿਰ 2007 ਵਾਂਗ ਭਾਵਨਾਵਾਂ ਭੜਕਾਉਣ ਦਾ ਏਜੰਡਾ ਲਾਗੂ ਕੀਤਾ। ਇਸੇ ਸਮੇਂ ਦੌਰਾਨ ਡੇਰੇ ਨੂੰ ਸੁਖਬੀਰ ਬਾਦਲ ਦੇ ਇਸ਼ਾਰੇ ‘ਤੇ ਮੁਆਫ਼ੀ ਦਿੱਤੀ ਗਈ ਅਤੇ ਫ਼ਿਲਮ ਚਲਵਾਈ ਗਈ ਜਦਕਿ ਇਸੇ ਸਮੇਂ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਮੰਦਭਾਗੀਆਂ ਘਟਨਾਵਾਂ ਹੋਈਆਂ ਅਤੇ ਪੰਥਕ ਸਰਕਾਰ ਦੇ ਰਾਜ ਵਿਚ ਬਹਿਬਲ ਕਲਾਂ ਗੋਲੀਕਾਂਡ ਹੋਇਆ।
ਉਨ੍ਹਾਂ ਕਿਹਾ ਕਿ ਜੇਕਰ 2007 ਵਿੱਚ ਹੀ ਡੇਰਾ ਮੁਖੀ ‘ਤੇ ਕਾਰਵਾਈ ਕਰ ਦਿੱਤੀ ਜਾਂਦੀ ਤਾਂ ਪੰਥ ਦਾ ਐਨਾ ਵੱਡਾ ਨੁਕਸਾਨ ਨਹੀਂ ਹੋਣਾ ਸੀ। ਇਸ ਮੌਕੇ ਸੁਖਜਿੰਦਰ ਸਿੰਘ ਰੰਧਾਵਾ, ਬਰਿੰਦਰਮੀਤ ਸਿੰਘ ਪਾਹੜਾ, ਕੁਲਬੀਰ ਸਿੰਘ ਜ਼ੀਰਾ ਤੇ ਦਲਜੀਤ ਸਿੰਘ ਗਿਲਜ਼ੀਆਂ ਹਾਜ਼ਰ ਸਨ।

Check Also

ਲੁਧਿਆਣਾ ਤੋਂ ‘ਆਪ’ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਨੂੰ ਸ਼ਰਾਬ ਨਾਲ ਤੋਲਿਆ

ਮਜੀਠੀਆ ਬੋਲੇ : ਲੋਕਾਂ ਨੇ ਪੀਤੀ ਤੁਪਕਾ ਤੁਪਕਾ ‘ਆਪ’ ਵਾਲਿਆਂ ਨੇ ਪੀਤੀ ਬਾਟੇ ਨਾਲ ਲੁਧਿਆਣਾ/ਬਿਊਰੋ …