ਮੋਦੀ ਤੇ ਕੈਪਟਨ ਸਰਕਾਰ ਦੀਆਂ ਨੀਤੀਆਂ ਕਾਰਨ ਖਿਡਾਰੀ ਵੀ ਹੋਏ ਦੁਖੀ : ਭਗਵੰਤ ਮਾਨ
ਚੰਡੀਗੜ੍ਹ : ਅੰਤਰਰਾਸ਼ਟਰੀ ਕਬੱਡੀ ਖਿਡਾਰੀ ਗੁਰਲਾਲ ਘਨੌਰ ਪੰਜਾਬ ਪੁਲਿਸ ਦੀ ਨੌਕਰੀ ਨੂੰ ਛੱਡ ਕੇ ਆਪਣੇ ਸੈਂਕੜੇ ਸਾਥੀਆਂ ਸਣੇ ਆਮ ਆਦਮੀ ਪਾਰਟੀ (ਆਪ) ਵਿੱਚ ਸ਼ਾਮਲ ਹੋ ਗਏ ਹਨ। ‘ਆਪ’ ਦੀ ਪੰਜਾਬ ਇਕਾਈ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ, ਹਰਪਾਲ ਸਿੰਘ ਚੀਮਾ ਤੇ ਰਾਘਵ ਚੱਢਾ ਨੇ ਗੁਰਲਾਲ ਘਨੌਰ ਅਤੇ ਉਨ੍ਹਾਂ ਦੇ ਸਾਥੀਆਂ ਦਾ ਪਾਰਟੀ ਵਿੱਚ ਸਵਾਗਤ ਕੀਤਾ। ਭਗਵੰਤ ਮਾਨ ਨੇ ਕਿਹਾ ਕਿ ਮੋਦੀ ਅਤੇ ਕੈਪਟਨ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਖਿਡਾਰੀ, ਵਕੀਲ, ਪੱਤਰਕਾਰ ਅਤੇ ਸਮਾਜ ਦਾ ਹਰ ਵਰਗ ‘ਆਪ’ ਨਾਲ ਜੁੜ ਰਿਹਾ ਹੈ। ਉਨ੍ਹਾਂ ਕਿਹਾ ਕਿ ਗੁਰਲਾਲ ਘਨੌਰ ਪੰਜਾਬ ਪੁਲਿਸ ‘ਚ ਏਐੱਸਆਈ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਲੋਕਾਂ ਦੀ ਸੇਵਾ ਕਰਨ ਲਈ ਅੱਗੇ ਆਇਆ ਹੈ। ਰਾਘਵ ਚੱਢਾ ਨੇ ਗੁਰਲਾਲ ਦਾ ਸਵਾਗਤ ਕਰਦਿਆਂ ਕਿਹਾ ਕਿ ਗੁਰਲਾਲ ਕਬੱਡੀ ਦੀ ਤਰ੍ਹਾਂ ਰਾਜਨੀਤੀ ਦੇ ਮੈਦਾਨ ਵਿੱਚ ਵੀ ਵਿਰੋਧੀਆਂ ਨੂੰ ਚਿੱਤ ਕਰੇਗਾ। ਇਸ ਮੌਕੇ ਗੁਰਲਾਲ ਘਨੌਰ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਨੀਤੀਆਂ ਖਿਡਾਰੀਆਂ ਦੇ ਸਨਮਾਨ ਵਾਲੀਆਂ ਨਹੀਂ ਹਨ। ਹਰਿਆਣਾ ਸੂਬੇ ਦੇ ਪ੍ਰਤੀਨਿੱਧ ਵਜੋਂ ਖੇਡਣ ‘ਤੇ ਹਰਿਆਣਾ ਸਰਕਾਰ ਤਿੰਨ ਲੱਖ ਤੱਕ ਦਾ ਨਕਦ ਇਨਾਮ ਦਿੰਦੀ ਹੈ ਪਰ ਪੰਜਾਬ ਵਿੱਚ ਖਿਡਾਰੀ ਨੂੰ ਨਿਗੂਣੀ ਰਾਸ਼ੀ ਦੇ ਕੇ ਤੋਰ ਦਿੱਤਾ ਜਾਂਦਾ ਹੈ। ਇਸ ਦੌਰਾਨ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਕੇਂਦਰ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਬਿਜਲੀ ਸੋਧ ਬਿੱਲ ਦਾ ਸੰਸਦ ਅਤੇ ਸੜਕਾਂ ‘ਤੇ ਵਿਰੋਧ ਕਰੇਗੀ।
Check Also
ਫਰੀਦਕੋਟ ਦੀ ਸਿਫਤ ਕੌਰ ਸਮਰਾ ਨੇ ਭਾਰਤ ਦੀ ਝੋਲੀ ਪਾਇਆ ਸੋਨ ਤਗ਼ਮਾ
ਅਰਜਨਟੀਨਾ ਸ਼ੂਟਿੰਗ ’ਚ ਚੱਲ ਰਹੇ ਸ਼ੂਟਿੰਗ ਮੁਕਾਬਲੇ ’ਚ ਸਿਫ ਨੇ ਜਿੱਤਿਆ ਤਮਗਾ ਨਵੀਂ ਦਿੱਲੀ/ਬਿਊਰੋ ਨਿਊਜ਼ …