ਗੁਰਪ੍ਰੀਤ ਘੁੱਗੀ ਖਿਲਾਫ ਅੰਦਰਖਾਤੇ ਚੱਲ ਰਹੀ ਹੈ ਬਗਾਵਤ
ਬਠਿੰਡਾ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕਾਂ ਨੇ ਪਾਰਟੀ ਦੇ ਸੂਬਾ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਖ਼ਿਲਾਫ਼ ਅੰਦਰਖਾਤੇ ਝੰਡਾ ਚੁੱਕ ਲਿਆ ਹੈ, ਜਿਸ ਕਾਰਨ ਪਾਰਟੀ ਦੀ ਪੰਜਾਬ ਲੀਡਰਸ਼ਿਪ ਵਿੱਚ ਫੇਰਬਦਲ ਦੀ ਸੰਭਾਵਨਾ ਬਣ ਗਈ ਹੈ। ਸੂਤਰਾਂ ਅਨੁਸਾਰ ‘ਆਪ’ ਦੇ ਡੇਢ ਦਰਜਨ ਵਿਧਾਇਕਾਂ ਨੇ 29 ਅਪਰੈਲ ਨੂੰ ਇੱਕ ਗੁਪਤ ਮੀਟਿੰਗ ਕੀਤੀ ਹੈ, ਜਿਸ ਵਿੱਚ ਵਿਧਾਇਕਾਂ ਨੇ ਨਵਾਂ ਸੂਬਾ ਕਨਵੀਨਰ ਬਣਾਏ ਜਾਣ ‘ਤੇ ਸਹਿਮਤੀ ਜਤਾਈ ਹੈ। ‘ਆਪ’ ਵਿਧਾਇਕਾਂ ਨੇ ਐੱਚ.ਐੱਸ.ਫੂਲਕਾ ਨੂੰ ਆਪਣੀ ਰਾਇ ਦੇ ਦਿੱਤੀ ਹੈ ਤੇ ਇਹ ਰਾਇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੱਕ ਪੁੱਜਦੀ ਕਰਨ ਵਾਸਤੇ ਆਖਿਆ ਹੈ। ਵਿਧਾਇਕਾਂ ਦੀ ਮੀਟਿੰਗ ਵਿੱਚੋਂ ਦੋ ਵਿਧਾਇਕ ਗ਼ੈਰਹਾਜ਼ਰ ਰਹੇ। ਸੂਤਰਾਂ ਅਨੁਸਾਰ ਉਧਰ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਦਾ ਵਿਦੇਸ਼ ਦੌਰਾ ਮੁਲਤਵੀ ਕਰਾ ਦਿੱਤਾ ਹੈ। ਭਗਵੰਤ ਮਾਨ ਨੇ ਜਦੋਂ ਪੰਜਾਬ ਚੋਣਾਂ ਨੂੰ ਲੈ ਕੇ ਗੱਲਬਾਤ ਦੌਰਾਨ ਕੁਝ ਸੁਆਲ ਉਠਾਏ ਸਨ ਤਾਂ ਉਸ ਮਗਰੋਂ ਕੇਜਰੀਵਾਲ ਨੇ ਉਨ੍ਹਾਂ ਨੂੰ ਵਿਦੇਸ਼ ਦੌਰਾ ਮੁਲਤਵੀ ਕਰਨ ਵਾਸਤੇ ਆਖਿਆ ਸੀ।
ਕੇਜਰੀਵਾਲ ਨੇ ਭਗਵੰਤ ਮਾਨ ਨੂੰ ਗੱਲਬਾਤ ਵਾਸਤੇ ਦਿੱਲੀ ਸੱਦ ਲਿਆ ਹੈ। ਭਗਵੰਤ ਮਾਨ ਨੇ ਪਹਿਲੀ ਮਈ ਨੂੰ ਅਮਰੀਕਾ ਰਵਾਨਾ ਹੋਣਾ ਸੀ ਤੇ ਹੁਣ ਉਹ ઠ8 ਮਈ ਨੂੰ ਅਮਰੀਕਾ ਜਾਣਗੇ। ਭਗਵੰਤ ਮਾਨ ਨੇ ਇਸ ਬਾਰੇ ਸਿਰਫ਼ ਏਨਾ ਹੀ ਆਖਿਆ ਕਿ ਪਾਰਟੀ ਲੀਡਰਸ਼ਿਪ ਨੇ ਉਨ੍ਹਾਂ ਨੂੰ ਵਿਦੇਸ਼ ਦੌਰਾ ਹਫ਼ਤਾ ਲੇਟ ਕਰਨ ਵਾਸਤੇ ਆਖਿਆ ਹੈ ਤੇ ਲੀਡਰਸ਼ਿਪ ਨੇ ਕੁਝ ਜ਼ਰੂਰੀ ਵਿਚਾਰਾਂ ਲਈ ਦਿੱਲੀ ਬੁਲਾਇਆ ਹੈ। ਦੱਸਿਆ ਜਾ ਰਿਹਾ ਹੈ ਕਿ ਭਗਵੰਤ ਮਾਨ ਦਿੱਲੀ ਪੁੱਜ ਗਏ ਹਨ। ਸੂਤਰ ਆਖਦੇ ਹਨ ਕਿ ‘ਆਪ’ ਦੀ ਕੇਂਦਰੀ ਲੀਡਰਸ਼ਿਪ ਕਿਸੇ ਸੂਰਤ ਵਿੱਚ ਭਗਵੰਤ ਮਾਨ ਨੂੰ ਗੁਆਉਣਾ ਨਹੀਂ ਚਾਹੁੰਦੀ ਤੇ ਮਾਨ ਨੂੰ ਸ਼ਾਂਤ ਕਰਨ ਵਾਸਤੇ ਨਵੀਂ ਮੀਟਿੰਗ ਰੱਖੀ ਗਈ ਹੈ। ਉਧਰ, ਪਾਰਟੀ ਵਿਧਾਇਕਾਂ ਨੇ ਗੁਪਤ ਮੀਟਿੰਗ ਵਿੱਚ ਇਹੋ ਗੱਲ ਉਠਾਈ ਹੈ ਕਿ ਮੌਜੂਦਾ ਕਨਵੀਨਰ ਦੀ ਥਾਂ ਪਾਰਟੀ ਨਵਾਂ ਢਾਂਚਾ ਖੜ੍ਹਾ ਕਰੇ।
ਪੰਜਾਬ ਵਿਚ ‘ਆਪ’ ਚਾਰ ਧੜ੍ਹਿਆਂ ‘ਚ ਵੰਡੀ
ਆਮ ਆਦਮੀ ਪਾਰਟੀ (ਆਪ) ਦੇ ਆਗੂ ਕੁਮਾਰ ਵਿਸ਼ਵਾਸ਼ ਤੇ ਅਮਾਨਤਉੱਲ੍ਹਾ ਦੇ ਟਕਰਾਅ ਕਾਰਨ ਜਿੱਥੇ ਦੀ ਪਾਰਟੀ ਦੀ ਕੌਮੀ ਲੀਡਰਸ਼ਿਪ ਵਿਚਕਾਰ ਘੜਮੱਸ ਮੱਚਿਆ ਹੋਇਆ ਹੈ, ਉਥੇ ਪੰਜਾਬ ਦੀ ਲੀਡਰਸ਼ਿਪ ਚਾਰ ਗੁੱਟਾਂ ਵਿੱਚ ਵੰਡੀ ਹੋਈ ਹੈ। ਇਸ ਦੌਰਾਨ ਐਚ ਐਸ ਫੂਲਕਾ ਤੇ ਸੁਖਪਾਲ ਸਿੰਘ ਖਹਿਰਾ ਨੇ ਗੁਰਦਾਸਪੁਰ ਲੋਕ ਸਭਾ ਦੀ ਜ਼ਿਮਨੀ ਚੋਣ ਲੜਣ ਦੇ ਸੰਕੇਤ ਦਿੱਤੇ ਹਨ।ਜਾਣਕਾਰੀ ਅਨੁਸਾਰ ਪਾਰਟੀ ਦੀ ਪੰਜਾਬ ਇਕਾਈ ਦੇ ਆਗੂ ਵੱਖੋ-ਵੱਖਰੇ ਰਾਹ ਪਏ ਹੋਏ ਹਨ ਤੇ ਹਾਈਕਮਾਨ ਅਗਲੇ ਦਿਨੀਂ ਪੰਜਾਬ ਬਾਰੇ ਵੱਡੇ ਫ਼ੈਸਲੇ ਲੈ ਸਕਦੀ ਹੈ। ਇੱਕ ਪਾਸੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਐੱਚ.ਐੱਸ. ਫੂਲਕਾ 9 ਵਿਧਾਇਕਾਂ ਸਮੇਤ ਪੰਜਾਬ ਦੀ ਯਾਤਰਾ ਸ਼ੁਰੂ ਕਰ ਚੁੱਕੇ ਹਨ, ਉਥੇ ਪੰਜਾਬ ਦੇ ਕਨਵੀਨਰ ਗੁਰਪ੍ਰੀਤ ਵੜੈਚ ਨੇ ਇਸ ਯਾਤਰਾ ਤੋਂ ਦੂਰੀ ਬਣਾਈ ਹੋਈ ਹੈ। ਤੀਜੇ ਪਾਸੇ ‘ਆਪ’ ਦੇ ਵਿਧਾਇਕ ਦਲ ਦੇ ਚੀਫ ਵ੍ਹਿਪ ਸੁਖਪਾਲ ਖਹਿਰਾ ਨੇ ਫੂਲਕਾ ਦੀ ਅੰਮ੍ਰਿਤਸਰ ਯਾਤਰਾ ਤੋਂ ਇਕ ਦਿਨ ਪਹਿਲਾਂ ਹੀ ਅੰਮ੍ਰਿਤਸਰ ਦਾ ਦੌਰਾ ਕਰਕੇ ਸੰਕੇਤ ਦੇ ਦਿੱਤੇ ਹਨ ਕਿ ਉਨ੍ਹਾਂ ਦਾ ਪੰਜਾਬ ਯਾਤਰਾ ਨਾਲ ਕੋਈ ਸਬੰਧ ਨਹੀਂ ਹੈ।
Check Also
ਅਮਰੀਕਾ ਨੇ 112 ਹੋਰ ਭਾਰਤੀਆਂ ਨੂੰ ਕੀਤਾ ਡਿਪੋਰਟ
ਡਿਪੋਰਟ ਕੀਤੇ ਜਾਣ ਵਾਲਿਆਂ 31 ਪੰਜਾਬੀ ਵੀ ਸ਼ਾਮਲ ਅੰਮਿ੍ਰਤਸਰ/ਬਿਊਰੋ ਨਿਊਜ਼ : ਅਮਰੀਕਾ ਤੋਂ 31 ਪੰਜਾਬੀਆਂ …