Breaking News
Home / ਪੰਜਾਬ / ਸ਼੍ਰੋਮਣੀ ਕਮੇਟੀ ਨੇ ਪੰਜਾਬੀ ਫਿਲਮ ‘ਨਾਨਕ ਸ਼ਾਹ ਫਕੀਰ’ ਨੂੰ ਦਿੱਤੀ ਮਾਨਤਾ

ਸ਼੍ਰੋਮਣੀ ਕਮੇਟੀ ਨੇ ਪੰਜਾਬੀ ਫਿਲਮ ‘ਨਾਨਕ ਸ਼ਾਹ ਫਕੀਰ’ ਨੂੰ ਦਿੱਤੀ ਮਾਨਤਾ

ਫਿਲਮ ਵੇਖਣ ਤੋਂ ਪਹਿਲਾਂ ਕਿੰਤੂ-ਪ੍ਰੰਤੂ ਠੀਕ ਨਹੀਂ : ਸ਼੍ਰੋਮਣੀ ਕਮੇਟੀ
ਅੰਮ੍ਰਿਤਸਰ : ਵੱਡੇ ਬਜਟ ਦੀ ਪੰਜਾਬੀ ਫ਼ਿਲਮ ‘ਨਾਨਕ ਸ਼ਾਹ ਫਕੀਰ’ 13 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ ਜਿਸ ਬਾਰੇ ਸਾਹਮਣੇ ਆ ਰਹੀਆਂ ਟਿੱਪਣੀਆਂ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਪਸ਼ਟ ਕੀਤਾ ਹੈ ਕਿ ਇਸ ਫਿਲਮ ਵਿਚ ਕੁਝ ਵੀ ਇਤਰਾਜ਼ਯੋਗ ਨਹੀਂ ਹੈ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਬਣਾਈ ਫਿਲਮ ਸਬੰਧੀ ਸਬ-ਕਮੇਟੀ ਨੇ ਇਸ ਦੀ ਕਹਾਣੀ ਨੂੰ ਜਾਂਚ ਤੇ ਵਿਚਾਰਨ ਤੋਂ ਬਾਅਦ ਹੀ ਮਨਜ਼ੂਰੀ ਦਿੱਤੀ ਹੈ। ਸ਼੍ਰੋਮਣੀ ਕਮੇਟੀ ਦੇ ਬੁਲਾਰੇ ਨੇ ਕਿਹਾ ਕਿ ਕਿਸੇ ਕਿਸਮ ਦੇ ਇਤਰਾਜ਼ ਫਿਲਮ ਵੇਖਣ ਤੋਂ ਬਾਅਦ ਹੀ ਦੇਣੇ ਚਾਹੀਦੇ ਹਨ ਅਤੇ ਜੇਕਰ ਇਸ ਵਿਚ ਕੋਈ ਗੁਰਮਤਿ ਵਿਰੋਧੀ ਗੱਲ ਸਾਹਮਣੇ ਆਵੇ ਤਾਂ ਹੀ ਕੋਈ ਗੱਲ ਕੀਤੀ ਜਾਵੇ। ਫਿਲਮ ਨੂੰ ਵੇਖਣ ਤੋਂ ਪਹਿਲਾਂ ਕਿੰਤੂ-ਪ੍ਰੰਤੂ ਠੀਕ ਨਹੀਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਬ-ਕਮੇਟੀ ਨੇ ਫਿਲਮ ਦੀ ਕਹਾਣੀ ਘੋਖਣ ਸਮੇਂ ਇਤਰਾਜ਼ਯੋਗ ਡਾਇਲਾਗ ਹਟਾ ਦਿੱਤੇ ਸਨ ਅਤੇ ਇਸ ਸਬੰਧੀ ਕੀਤੀ ਰਿਪੋਰਟ ਤੋਂ ਬਾਅਦ ਹੀ 2016 ਵਿਚ ਸ਼੍ਰੋਮਣੀ ਕਮੇਟੀ ਦੇ ਤਤਕਾਲੀ ਮੁੱਖ ਸਕੱਤਰ ਹਰਚਰਨ ਸਿੰਘ ਨੇ ਪ੍ਰਵਾਨਗੀ ਪੱਤਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਫਿਲਮ ਦਾ ਟਰੇਲਰ ਪਿਛਲੇ ਸਮੇਂ ਜਾਰੀ ਹੋਣ ਤੋਂ ਬਾਅਦ ਵੱਖ-ਵੱਖ ਟੀਵੀ ਚੈਨਲਾਂ ‘ਤੇ ਵੀ ਚੱਲ ਰਿਹਾ ਸੀ ਪਰ ਅਚਾਨਕ ਸ਼੍ਰੋਮਣੀ ਕਮੇਟੀ ਨੂੰ ਫਿਲਮ ਨਾਲ ਜੋੜ ਕੇ ਸੋਸ਼ਲ ਮੀਡੀਆ ‘ਤੇ ਨੀਵਾਂ ਦਿਖਾਉਣ ਦਾ ਯਤਨ ਠੀਕ ਦਿਸ਼ਾ ਵਿਚ ਨਹੀਂ ਹੈ। ਜੇਕਰ ਆਲੋਚਨਾ ਕਰਨੀ ਹੀ ਹੈ ਤਾਂ ਭਾਸ਼ਾ ਸੱਭਿਅਕ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਬਿਨਾਂ ਦੇਖੇ ਪਰਖੇ ਮਾਮਲੇ ਨੂੰ ਤੂਲ ਨਹੀਂ ਦੇਣੀ ਚਾਹੀਦੀ। ਬੁਲਾਰੇ ਅਨੁਸਾਰ 2010 ਵਿਚ ਫਿਲਮਾਂ ਸਬੰਧੀ ਇਕ ਸਬ-ਕਮੇਟੀ ਬਣਾਈ ਗਈ ਸੀ ਅਤੇ ਉਸ ਕਮੇਟੀ ਵੱਲੋਂ ਦਿੱਤੀ ਗਈ ਰਿਪੋਰਟ ਮੁਤਾਬਿਕ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪ੍ਰਵਾਨ ਕਰਨ ਤੋਂ ਬਾਅਦ ਕੇਸ ਸ਼੍ਰੋਮਣੀ ਕਮੇਟੀ ਕੋਲ ਭੇਜਿਆ ਗਿਆ ਸੀ। ਬੁਲਾਰੇ ਨੇ ਕਿਹਾ ਕਿ ਇਸ ਕਮੇਟੀ ਦੀ ਰਿਪੋਰਟ ਅਨੁਸਾਰ ਸਿੱਖ ਗੁਰੂ ਸਾਹਿਬਾਨ ਨੂੰ ਛੱਡ ਕੇ ਕਿਸੇ ‘ਤੇ ਵੀ ਐਨੀਮੇਸ਼ਨ ਫਿਲਮ ਬਣਾਉਣ ਨੂੰ ਸਮੇਂ ਦੀ ਲੋੜ ਦੱਸਿਆ ਗਿਆ ਸੀ। ਇਸੇ ਹੀ ਕਮੇਟੀ ਵੱਲੋਂ ਐਨੀਮੇਸ਼ਨ ਫਿਲਮ ਬਣਾਉਣ ਸਮੇਂ ਗੁਰੂ ਸਾਹਿਬਾਨ ਦੀਆਂ ਪ੍ਰਵਾਨਤ ਤਸਵੀਰਾਂ ਵਰਤਣ ਨੂੰ ਵੀ ਪ੍ਰਵਾਨਗੀ ਦਿੱਤੀ ਗਈ ਸੀ।
‘ਫਿਲਮ ‘ਚ ਕਾਫੀ ਕੁਝ ਇਤਰਾਜ਼ਯੋਗ ਲੱਗਾ’ : ਸ਼੍ਰੋਮਣੀ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਸੁਖਦੇਵ ਸਿੰਘ ਭੌਰ ਨੇ ਦੱਸਿਆ ਕਿ ਫਿਲਮ ਵਿਚ ਕਾਫੀ ਕੁਝ ਇਤਰਾਜ਼ਯੋਗ ਹੈ। ਜਦੋਂ ਸਾਨੂੰ ਦੱਸਿਆ ਗਿਆ ਤਾਂ ਇਸ ਫਿਲਮ ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਪਾਸ ਕਰ ਚੁੱਕੇ ਹਨ ਤੇ ਪ੍ਰਸੰਸਾ ਪੱਤਰ ਜਾਰੀ ਕਰ ਚੁੱਕੇ ਹਨ ਤਾਂ ਅਸੀਂ ਹੈਰਾਨ ਰਹਿ ਗਏ।

Check Also

ਪੰਜਾਬ ਭਾਜਪਾ ਦੇ ਵਫਦ ਨੇ ਕਾਨੂੰਨ ਵਿਵਸਥਾ ਨੂੰ ਲੈ ਕੇ ਪੰਜਾਬ ਦੇ ਚੋਣ ਕਮਿਸ਼ਨ ਨੂੰ ਦਿੱਤਾ ਮੰਗ ਪੱਤਰ

ਚੋਣ ਕਮਿਸ਼ਨ ਨੇ ਡੀ.ਜੀ.ਪੀ. ਪੰਜਾਬ ਤੋਂ ਮੰਗਿਆ ਜਵਾਬ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ …