ਵਾਹਘਾ ਬਾਰਡਰ ’ਤੇ ਸੁਰੱਖਿਆ ਕਰਮੀਆਂ ਦੇ ਵੀ ਬੰਨ੍ਹੀਆਂ ਗਈਆਂ ਰੱਖੜੀਆਂ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਤੇ ਚੰਡੀਗੜ੍ਹ ਸਣੇ ਅੱਜ ਦੇਸ਼ ਭਰ ਵਿਚ ਰੱਖੜੀ ਦਾ ਤਿਉਹਾਰ ਮਨਾਇਆ ਗਿਆ। ਇਸ ਰੱਖੜੀ ਦੇ ਤਿਉਹਾਰ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਣੇ ਹੋਰ ਵੀ ਸਿਆਸੀ ਆਗੂਆਂ ਵਲੋਂ ਵਧਾਈਆਂ ਦਿੱਤੀਆਂ ਗਈਆਂ। ਧਿਆਨ ਰਹੇ ਕਿ ਰੱਖੜੀ ਦੇ ਤਿਉਹਾਰ ਮੌਕੇ ਭੈਣਾਂ ਵਲੋਂ ਆਪਣੇ ਭਰਾਵਾਂ ਦੇ ਗੁੱਟਾਂ ’ਤੇ ਰੱਖੜੀਆਂ ਬੰਨ੍ਹੀਆਂ ਜਾਂਦੀਆਂ ਹਨ ਅਤੇ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਇਆ ਜਾਂਦਾ ਹੈ। ਇਸੇ ਦੌਰਾਨ ਅੱਜ ਵਾਹਗਾ ਬਾਰਡਰ ’ਤੇ ਵੀ ਰੱਖੜੀ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਕਈ ਭੈਣਾਂ ਫੌਜੀ ਜਵਾਨਾਂ ਦੇ ਗੁੱਟਾਂ ’ਤੇ ਰੱਖੜੀ ਬੰਨਣ ਲਈ ਪਹੁੰਚੀਆਂ। ਧਿਆਨ ਰਹੇ ਕਿ ਸਾਲ 1968 ’ਚ ਅਟਾਰੀ ਸਰਹੱਦ ’ਤੇ ਫੌਜੀ ਜਵਾਨਾਂ ਦੇ ਰੱਖੜੀ ਬੰਨ੍ਹਣ ਦਾ ਸਿਲਸਿਲਾ ਸ਼ੁਰੂ ਹੋਇਆ ਸੀ, ਜੋ ਅੱਜ ਵੀ ਜਾਰੀ ਹੈ। ਉਸ ਸਮੇਂ ਪ੍ਰੋਫੈਸਰ ਲਕਸ਼ਮੀ ਕਾਂਤਾ ਚਾਵਲਾ ਵਲੋਂ ਸ਼ੁਰੂ ਕੀਤਾ ਹੋਇਆ ਇਹ ਕਾਰਜ, ਅੱਜ ਦੇਸ਼ ਦੀਆਂ ਹੋਰ ਸਰਹੱਦਾਂ ’ਤੇ ਵੀ ਪਹੁੰਚ ਚੁੱਕਾ ਹੈ। ਪੰਜਾਬ ਦੀ ਸਾਬਕਾ ਸਿਹਤ ਮੰਤਰੀ ਪ੍ਰੋ. ਲਕਸ਼ਮੀ ਕਾਂਤਾ ਚਾਵਲਾ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਕਾਲਜ ਵਿਚ ਪ੍ਰੋਫੈਸਰ ਰਹਿੰਦੇ ਹੋਏ ਸਰਹੱਦ ’ਤੇ ਫੌਜੀ ਜਵਾਨਾਂ ਦੇ ਰੱਖੜੀਆਂ ਬੰਨ੍ਹਣ ਦਾ ਕਾਰਜ ਸ਼ੁਰੂ ਕੀਤਾ ਸੀ। ਹੁਣ ਝਾਰਖੰਡ, ਪੁੰਛ, ਹੁਸੈਨੀਵਾਲਾ, ਅਜਨਾਲਾ, ਖੇਮਕਰਨ, ਭਿੱਖੀਵਿੰਡ ਅਤੇ ਡੇਰਾ ਬਾਬਾ ਨਾਨਕ ਦੇ ਖੇਤਰ ਵਿਚ ਪੈਂਦੀ ਸਰਹੱਦ ’ਤੇ ਵੀ ਇਸ ਪ੍ਰਕਿਰਿਆ ਨੂੰ ਲੋਕ ਅੱਗੇ ਵਧਾ ਰਹੇ ਹਨ।