Breaking News
Home / ਪੰਜਾਬ / ਪਲਾਟ ਘੁਟਾਲਾ: ਸੁੰਦਰ ਸ਼ਾਮ ਅਰੋੜਾ ਦੀ ਪੱਕੀ ਜ਼ਮਾਨਤ ਅਰਜ਼ੀ ਰੱਦ

ਪਲਾਟ ਘੁਟਾਲਾ: ਸੁੰਦਰ ਸ਼ਾਮ ਅਰੋੜਾ ਦੀ ਪੱਕੀ ਜ਼ਮਾਨਤ ਅਰਜ਼ੀ ਰੱਦ

ਅਰੋੜਾ ਹੁਣ ਭਾਜਪਾ ‘ਚ ਹੋ ਚੁੱਕੇ ਹਨ ਸ਼ਾਮਲ
ਮੁਹਾਲੀ/ਬਿਊਰੋ ਨਿਊਜ਼ : ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਸੂਬੇ ਦੇ ਸਾਬਕਾ ਉਦਯੋਗ ਮੰਤਰੀ ਤੇ ਭਾਜਪਾ ਆਗੂ ਸੁੰਦਰ ਸ਼ਾਮ ਅਰੋੜਾ ਦੀ ਪੱਕੀ ਜ਼ਮਾਨਤ ਸਬੰਧੀ ਅਰਜ਼ੀ ਰੱਦ ਕਰ ਦਿੱਤੀ ਹੈ। ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਕੁਝ ਸਮਾਂ ਪਹਿਲਾਂ ਹੀ ਏਆਈਜੀ-ਕਮ-ਜਾਂਚ ਅਧਿਕਾਰੀ ਨੂੰ 50 ਲੱਖ ਰੁਪਏ ਦੀ ਰਿਸ਼ਵਤ ਦੇਣ ਦੇ ਆਰੋਪ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ, ਜੋ ਇਸ ਵੇਲੇ ਨਿਆਂਇਕ ਹਿਰਾਸਤ ਅਧੀਨ ਜੇਲ੍ਹ ਵਿੱਚ ਬੰਦ ਹੈ। ਉਸ ਖ਼ਿਲਾਫ਼ ਮੁਹਾਲੀ ਦੇ ਵਿਜੀਲੈਂਸ ਥਾਣੇ ਵਿੱਚ ਕੇਸ ਦਰਜ ਹੈ।
ਉਧਰ, ਪਿਛਲੇ ਦਿਨੀਂ ਵਿਜੀਲੈਂਸ ਵੱਲੋਂ ਸਨਅਤੀ ਪਲਾਟ ਘੁਟਾਲੇ ਵਿੱਚ ਦਰਜ ਕੀਤੇ ਭ੍ਰਿਸ਼ਟਾਚਾਰ ਦੇ ਤਾਜ਼ਾ ਮਾਮਲੇ ਵਿੱਚ ਵੀ ਭਾਜਪਾ ਆਗੂ ਸੁੰਦਰ ਸ਼ਾਮ ਅਰੋੜਾ ਨੂੰ ਨਾਮਜ਼ਦ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਉਪਰੋਕਤ ਮਾਮਲੇ ਦੀ ਜਾਂਚ ਵਿਜੀਲੈਂਸ ਦੇ ਏਆਈਜੀ ਮਨਮੋਹਨ ਕੁਮਾਰ ਕਰ ਰਹੇ ਸੀ ਤੇ ਕੁਝ ਦਿਨ ਪਹਿਲਾਂ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਇਸ ਕੇਸ ‘ਚੋਂ ਆਪਣੀ ਖਲਾਸੀ ਕਰਵਾਉਣ ਲਈ ਜਾਂਚ ਅਧਿਕਾਰੀ ਨੂੰ 50 ਲੱਖ ਰੁਪਏ ਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ। ਪਰ ਵਿਜੀਲੈਂਸ ਨੇ ਜਾਲ ਵਿਛਾ ਕੇ ਭਾਜਪਾ ਆਗੂ ਨੂੰ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ। ਉਸ ਦਿਨ ਤੋਂ ਹੀ ਅਰੋੜਾ ਨਿਆਂਇਕ ਹਿਰਾਸਤ ਅਧੀਨ ਜੇਲ੍ਹ ਵਿੱਚ ਬੰਦ ਹੈ।
ਕਾਂਗਰਸ ਪਾਰਟੀ ਦੇ ਸਾਬਕਾ ਉਦਯੋਗ ਮੰਤਰੀ ਖ਼ਿਲਾਫ਼ ਜੇਸੀਟੀ ਕੰਪਨੀ ਦੀ ਜ਼ਮੀਨ ਕੌਡੀਆਂ ਦੇ ਭਾਅ ਵੇਚਣ ਦਾ ਵੀ ਆਰੋਪ ਹੈ। ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਇਹ ਮਾਮਲਾ ਚੁੱਕਦਿਆਂ ਮੁੱਖ ਮੰਤਰੀ ਤੋਂ ਮੰਗ ਕੀਤੀ ਸੀ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ। ਸੂਤਰ ਦੱਸਦੇ ਹਨ ਕਿ ਵਿਜੀਲੈਂਸ ਨੇ ਮੁਹਾਲੀ ਦੀ ਜੇਸੀਟੀ ਫੈਕਟਰੀ ਦੀ ਬਹੁਕਰੋੜੀ ਜ਼ਮੀਨ ਦੀ ਖ਼ਰੀਦੋ-ਫ਼ਰੋਖ਼ਤ ਮਾਮਲੇ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਸੁੰਦਰ ਸ਼ਾਮ ਅਰੋੜਾ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਸਮੇਂ ਕੈਬਨਿਟ ਮੰਤਰੀ ਸਨ ਅਤੇ ਹੁਣ ਉਹ ਭਾਜਪਾ ਵਿਚ ਸ਼ਾਮਲ ਹੋ ਚੁੱਕੇ ਹਨ।

Check Also

ਪਟਿਆਲਾ ਕਾਂਗਰਸ ਦੀ ਬਗਾਵਤ ਹਾਈਕਮਾਨ ਤੱਕ ਪਹੁੰਚੀ

ਨਰਾਜ਼ ਆਗੂਆਂ ਨੇ ਰਾਹੁਲ ਨਾਲ ਫੋਨ ’ਤੇ ਕੀਤੀ ਗੱਲਬਾਤ ਪਟਿਆਲਾ/ਬਿਊਰੋ ਨਿਊਜ਼ ਪਟਿਆਲਾ ਕਾਂਗਰਸ ਵਿਚ ਟਿਕਟ …