Breaking News
Home / ਪੰਜਾਬ / ਪੰਜਾਬ ਕਾਂਗਰਸ ਅੰਦਰ ਹੋਰ ਵਧਿਆ ਕਲੇਸ਼

ਪੰਜਾਬ ਕਾਂਗਰਸ ਅੰਦਰ ਹੋਰ ਵਧਿਆ ਕਲੇਸ਼

ਕੈਬਨਿਟ ਮੰਤਰੀ ਰਾਣਾ ਗੁਰਜੀਤ ਨੂੰ ਪਾਰਟੀ ’ਚੋਂ ਕੱਢਣ ਦੀ ਮੰਗ ਨੇ ਫੜਿਆ ਜ਼ੋਰ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਧਾਨ ਸਭਾ ਲਈ ਆਉਂਦੀ 20 ਫਰਵਰੀ ਨੂੰ ਵੋਟਾਂ ਪੈਣਗੀਆਂ ਪ੍ਰੰਤੂ ਪੰਜਾਬ ਕਾਂਗਰਸ ਅੰਦਰ ਪੈਦਾ ਹੋਇਆ ਕਲੇਸ਼ ਹੋਰ ਮਘਦਾ ਜਾ ਰਿਹਾ ਹੈ। ਹੁਣ ਕਾਂਗਰਸੀ ਆਗੂਆਂ ਵੱਲੋਂ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਪਾਰਟੀ ਵਿਚੋਂ ਕੱਢਣ ਦੀ ਮੰਗ ਕੀਤੀ ਜਾ ਰਹੀ ਹੈ। ਇਸ ਸਬੰਧੀ ਕਾਂਗਰਸੀ ਵਿਧਾਇਕ ਨਵਤੇਜ ਚੀਮਾ, ਬਾਵਾ ਹੈਨਰੀ, ਬਲਵਿੰਦਰ ਧਾਲੀਵਾਲ ਅਤੇ ਸੁਖਪਾਲ ਸਿੰਘ ਖਹਿਰਾ ਨੇ ਸੋਨੀਆ ਗਾਂਧੀ ਨੂੰ ਇਕ ਪੱਤਰ ਲਿਖਿਆ ਹੈ।
ਇਸ ਪੱਤਰ ਵਿਚ ਉਨ੍ਹਾਂ ਨੇ ਲਿਖਿਆ ਹੈ ਕਿ ਕੈਬਨਿਟ ਮੰਤਰੀ ਰਾਣਾ ਗੁਰਜੀਤ ਨੂੰ ਕਪੂਰਥਲਾ ਤੋਂ ਕਾਂਗਰਸ ਪਾਰਟੀ ਨੇ ਉਮੀਦਵਾਰ ਐਲਾਨ ਦਿੱਤਾ ਹੈ ਪ੍ਰੰਤੂ ਉਹ ਫ਼ਿਰ ਆਪਣੇ ਪੁੱਤਰ ਨੂੰ ਸੁਲਤਾਨਪੁਰ ਲੋਧੀ ਤੋਂ ਅਜ਼ਾਦ ਉਮੀਦਵਾਰ ਵਜੋਂ ਚੋਣ ਲੜਾਉਣਾ ਚਾਹੁੰਦੇ ਹਨ। ਜਦਕਿ ਉਥੋਂ ਕਾਂਗਰਸ ਪਾਰਟੀ ਨੇ ਮੌਜੂਦਾ ਵਿਧਾਇਕ ਨਵਤੇਜ ਸਿੰਘ ਚੀਮਾ ਨੂੰ ਚੋਣ ਮੈਦਾਨ ਵਿਚ ਉਤਾਰ ਦਿੱਤਾ ਹੈ। ਉਨ੍ਹਾਂ ਨੇ ਕੈਬਨਿਟ ਮੰਤਰੀ ’ਤੇ ਆਰੋਪ ਲਗਾਇਆ ਕਿ ਇਸ ਤੋਂ ਪਹਿਲਾਂ ਰਾਣਾ ਗੁਰਜੀਤ ਨੂੰ 2018 ’ਚ ਸਰਕਾਰ ਤੋਂ ਅਸਤੀਫ਼ਾ ਦੇਣਾ ਪਿਆ ਸੀ। ਕਿਉਂਕਿ ਉਨ੍ਹਾਂ ਉਤੇ ਗੈਰਕਾਨੂੰਨੀ ਮਾਈਨਿੰਗ ’ਚ ਸ਼ਾਮਲ ਹੋਣ ਦੇ ਆਰੋਪ ਲੱਗੇ ਸਨ। ਕਾਂਗਰਸੀ ਆਗੂਆਂ ਨੇ ਰਾਣਾ ਗੁਰਜੀਤ ’ਤੇ ਇਹ ਵੀ ਆਰੋਪ ਲਗਾਇਆ ਕਿ ਉਹ ਦੋਆਬਾ ਖੇਤਰ ’ਚ ਸੁਲਤਾਨਪੁਰ ਲੋਧੀ ਤੋਂ ਇਲਾਵਾ ਫਗਵਾੜਾ, ਭੁਲੱਥ, ਜਲੰਧਰ ਨੌਰਥ ਅਤੇ ਬੰਗਾ ਆਦਿ ਵਿਧਾਨ ਸਭਾ ਹਲਕਿਆਂ ਅੰਦਰ ਵੀ ਦਖਲਅੰਦਾਜ਼ੀ ਕਰ ਰਹੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਰਾਣਾ ਗੁਰਜੀਤ ਦੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਗੂੜੀ ਮਿੱਤਰਤਾ ਹੈ। ਇਸ ਤੋਂ ਇਲਾਵਾ ਰਾਣਾ ਗੁਰਜੀਤ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ’ਤੇ ਵੀ ਕਈ ਤਰ੍ਹਾਂ ਦੇ ਆਰੋਪ ਲਗਾ ਚੁੱਕੇ ਹਨ।

 

Check Also

ਸੁਖਬੀਰ ਬਾਦਲ ਨੇ ਕੇਂਦਰੀ ਸਿਆਸੀ ਪਾਰਟੀਆਂ ’ਤੇ ਲਗਾਏ ਆਰੋਪ

ਕਿਹਾ : ਦਿੱਲੀ ਵਾਲੇ ਪੰਜਾਬ ’ਚ ਆਉਂਦੇ ਹਨ ਲੁੱਟਣ ਚੰਡੀਗੜ੍ਹ/ਬਿਊਰੋ ਨਿਊਜ਼ ਸ਼ੋ੍ਰਮਣੀ ਅਕਾਲੀ ਦਲ ਦੇ …