Breaking News
Home / ਪੰਜਾਬ / ਪੰਜਾਬ ‘ਚ ਰੋਜ਼ਾਨਾ ਪੌਣੇ ਚਾਰ ਲੱਖ ਮਹਿਲਾਵਾਂ ਲੈ ਰਹੀਆਂ ਨੇ ਮੁਫਤ ਬੱਸ ਸਫ਼ਰ ਦਾ ਲਾਹਾ

ਪੰਜਾਬ ‘ਚ ਰੋਜ਼ਾਨਾ ਪੌਣੇ ਚਾਰ ਲੱਖ ਮਹਿਲਾਵਾਂ ਲੈ ਰਹੀਆਂ ਨੇ ਮੁਫਤ ਬੱਸ ਸਫ਼ਰ ਦਾ ਲਾਹਾ

ਸੂਬਾ ਸਰਕਾਰ ਨੇ ਮੁਫਤ ਬੱਸ ਸਫ਼ਰ ‘ਤੇ 1,548 ਕਰੋੜ ਰੁਪਏ ਖਰਚੇ : ਲਾਲਜੀਤ ਭੁੱਲਰ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿੱਚ ਰੋਜ਼ਾਨਾ ਪੌਣੇ ਚਾਰ ਲੱਖ ਮਹਿਲਾਵਾਂ ਮੁਫਤ ਬੱਸ ਸਫਰ ਦਾ ਲਾਹਾ ਲੈ ਰਹੀਆਂ ਹਨ। ‘ਆਪ’ ਸਰਕਾਰ ਵੱਲੋਂ ਆਪਣੇ 28 ਮਹੀਨਿਆਂ ਦੇ ਕਾਰਜਕਾਲ ਦੌਰਾਨ 1,548 ਕਰੋੜ ਰੁਪਏ ਤੋਂ ਵੱਧ ਦੀ ਮੁਫਤ ਬੱਸ ਸੇਵਾ ਦੀ ਸਹੂਲਤ ਮੁਹੱਈਆ ਕਰਵਾਈ ਜਾ ਚੁੱਕੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਹਰ ਘੰਟੇ 16 ਹਜ਼ਾਰ ਦੇ ਕਰੀਬ ਜਦਕਿ ਹਰ ਮਿੰਟ ਵਿੱਚ 265 ਮਹਿਲਾਵਾਂ ਮੁਫਤ ਬੱਸ ਸੇਵਾ ਦਾ ਲਾਹਾ ਲੈ ਰਹੀਆਂ ਹਨ। ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ‘ਆਪ’ ਸਰਕਾਰ ਨੇ 28 ਮਹੀਨਿਆਂ ਦੌਰਾਨ ਪੰਜਾਬ ਰੋਡਵੇਜ਼, ਪਨਬੱਸ ਤੇ ਪੀਆਰਟੀਸੀ ਦੀਆਂ ਬੱਸਾਂ ਵਿੱਚ ਮਹਿਲਾਵਾਂ ਲਈ ਮੁਫਤ ਯਾਤਰਾ ਯਕੀਨੀ ਬਣਾਉਣ ਲਈ 1,548 ਕਰੋੜ ਰੁਪਏ ਖ਼ਰਚ ਕੀਤੇ ਹਨ। ਉਨ੍ਹਾਂ ਕਿਹਾ ਕਿ ਮਾਰਚ 2022 ਤੋਂ ਮਾਰਚ 2023 ਤੱਕ ਕੁੱਲ 664.63 ਕਰੋੜ ਰੁਪਏ ਖ਼ਰਚ ਕੇ ਜਦਕਿ ਵਿੱਤੀ ਵਰ੍ਹੇ 2023-2024 ਦੌਰਾਨ 694.64 ਕਰੋੜ ਰੁਪਏ ਖ਼ਰਚ ਕੇ ਮਹਿਲਾਵਾਂ ਨੂੰ ਮੁਫ਼ਤ ਯਾਤਰਾ ਦਾ ਲਾਭ ਦਿੱਤਾ ਗਿਆ ਹੈ। ਭੁੱਲਰ ਨੇ ਕਿਹਾ ਕਿ ਇਹ ਮੁਫ਼ਤ ਯਾਤਰਾ ਸਕੀਮ ਔਰਤਾਂ ਨੂੰ ਮਹਿਜ਼ ਆਉਣ-ਜਾਣ ਦੀ ਸਹੂਲਤ ਦੇਣਾ ਹੀ ਨਹੀਂ, ਸਗੋਂ ਪੰਜਾਬ ਦੀ ਹਰ ਮਹਿਲਾ ਲਈ ਸਵੈਮਾਣ, ਆਜ਼ਾਦੀ ਅਤੇ ਵਿਕਾਸ ਨੂੰ ਦਰਸਾਉਂਦੀ ਹੈ। ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਮਹਿਲਾਵਾਂ ਲਈ ਮੁਫ਼ਤ ਬੱਸ ਸਫ਼ਰ ਸਹੂਲਤ ‘ਆਪ’ ਸਰਕਾਰ ਦੇ ਅਗਾਂਹਵਧੂ ਅਤੇ ਬਰਾਬਰੀ ਵਾਲੇ ਪੰਜਾਬ ਦੇ ਸੰਕਲਪ ਨੂੰ ਉਜਾਗਰ ਕਰਦੀ ਹੈ, ਜਿੱਥੇ ਹਰ ਨਾਗਰਿਕ ਲਿੰਗ ਆਧਾਰਤ ਪੱਖਪਾਤ ਤੋਂ ਬਿਨਾ ਸੂਬੇ ਦੇ ਵਿਕਾਸ ਅਤੇ ਖ਼ੁਸ਼ਹਾਲੀ ਵਿੱਚ ਆਪਣਾ ਯੋਗਦਾਨ ਪਾ ਸਕਦਾ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਮਹਿਲਾਵਾਂ ਲਈ ਸ਼ੁਰੂ ਕੀਤੀ ਗਈ ਮੁਫਤ ਬੱਸ ਯਾਤਰਾ ਯੋਜਨਾ ਲਈ ਜਿੱਥੇ ਸੂਬਾ ਸਰਕਾਰ ਨੂੰ ਵੱਡੀ ਅਦਾਇਗੀ ਕਰਨੀ ਪੈ ਰਹੀ ਹੈ, ਉੱਥੇ ਹੀ ਪ੍ਰਾਈਵੇਟ ਟਰਾਂਸਪੋਰਟਰਾਂ ਵੀ ਪ੍ਰੇਸ਼ਾਨ ਹਨ। ਮੁਫਤ ਬੱਸ ਸਫ਼ਰ ਕਰਕੇ ਜ਼ਿਆਦਾਤਰ ਔਰਤ ਸਵਾਰੀਆਂ ਸਰਕਾਰੀ ਬੱਸਾਂ ਵਿੱਚ ਸਫਰ ਕਰਨਾ ਪਸੰਦ ਕਰਦੀਆਂ ਹਨ।

Check Also

ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਸਰਕਾਰ ਦੀ ਨਵੀਂ ਖੇਤੀ ਪਾਲਿਸੀ ’ਤੇ ਚੁੱਕੇ ਸਵਾਲ

ਕਿਹਾ : ਨਵੀਂ ਖੇਤੀ ਪਾਲਿਸੀ ਦਾ ਪੰਜਾਬ ਦੇ ਕਿਸਾਨਾਂ ਨੂੰ ਕੋਈ ਫਾਇਦਾ ਨਹੀਂ ਪਟਿਆਲਾ/ਬਿਊਰੋ ਨਿਊਜ਼ …