Breaking News
Home / ਪੰਜਾਬ / ਪੰਜਾਬ ਦੇ ਸਭ ਤੋਂ ਵੱਡੇ ਡਰੱਗ ਨੈਟਵਰਕ ਨੂੰ ਸਿਆਸੀ ਮੱਦਦ ਦੀਆਂ ਚਰਚਾਵਾਂ ਹੋਈਆਂ ਪੁਖਤਾ

ਪੰਜਾਬ ਦੇ ਸਭ ਤੋਂ ਵੱਡੇ ਡਰੱਗ ਨੈਟਵਰਕ ਨੂੰ ਸਿਆਸੀ ਮੱਦਦ ਦੀਆਂ ਚਰਚਾਵਾਂ ਹੋਈਆਂ ਪੁਖਤਾ

ਫਿਲੌਰ ਤੇ ਅਵਿਨਾਸ਼ ਦੀ ਜਾਇਦਾਦ ਅਟੈਚ
ਈਡੀ ਨੇ ਕੀਤੀ ਤਿੰਨ ਕੈਨੇਡਾ ਬੇਸਡ ਐਨਆਰਆਈ ਸਮੇਤ 13 ਵਿਅਕਤੀਆਂ ਦੀ 61.61 ਕਰੋੜ ਦੀ ਜਾਇਦਾਦ ਅਟੈਚ
ਜਲੰਧਰ : ਪੰਜਾਬ ਦੇ ਸਭ ਤੋਂ ਵੱਡੇ ਡਰੱਗ ਨੈਟਵਰਕ ਨੂੰ ਸਿਆਸੀ ਮੱਦਦ ਨੂੰ ਲੈ ਕੇ ਪਿਛਲੇ ਚਾਰ ਸਾਲਾਂ ਤੋਂ ਚੱਲ ਰਹੀਆਂ ਅਫਵਾਹਾਂ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਪੁਖਤਾ ਕਰ ਦਿੱਤਾ ਹੈ। ਈਡੀ ਨੇ ਸਾਬਕਾ ਜੇਲ੍ਹ ਮੰਤਰੀ ਸਰਵਣ ਸਿੰਘ ਫਿਲੌਰ, ਉਨ੍ਹਾਂ ਦੇ ਪੁੱਤਰ ਦਮਨਵੀਰ ਸਿੰਘ ਫਿਲੌਰ ਅਤੇ ਸਾਬਕਾ ਸੀਪੀਐਸ ਅਵਿਨਾਸ਼ ਚੰਦਰ ਦੀ 5 ਕਰੋੜ 42 ਲੱਖ 36 ਹਜ਼ਾਰ 500 ਰੁਪਏ ਦੀ ਜਾਇਦਾਦ ਅਟੈਚ ਕਰ ਲਈ ਹੈ। ਨਵੀਂ ਅਟੈਚਮੈਂਟ ਸੂਚੀ ਵਿਚ ਈਡੀ ਨੇ ਕੈਨੇਡਾ ਬੇਸਡ ਤਿੰਨ ਐਨ ਆਰ ਆਈ ਸਮੇਤ ਕੁੱਲ 13 ਵਿਅਕਤੀਆਂ ਦੀ 61.61 ਕਰੋੜ ਰੁਪਏ ਦੀਆਂ ਜਾਇਦਾਦਾਂ ਨੂੰ ਅਟੈਚ ਕੀਤਾ ਹੈ।
ਈਡੀ ਨੇ ਅਟੈਚਮੈਂਟ ਲਿਸਟ ਨਵੀਂ ਦਿੱਲੀ ਸਥਿਤ ਡਿਪਾਰਟਮੈਂਟ ਦੀ ਐਡਜੁਡੀਕੇਟਿੰਗ ਅਥਾਰਟੀ ਕੋਲ ਕਨਫਰਮੇਸ਼ਨ ਲਈ ਭੇਜ ਦਿੱਤੀ ਹੈ। ਕਨਫਰਮੇਸ਼ਨ ਤੋਂ ਬਾਅਦ ਅਟੈਚ ਕੀਤੀਆਂ ਜਾਇਦਾਦਾਂ ਨੂੰ ਕਬਜ਼ੇ ਵਿਚ ਲਿਆ ਜਾਵੇਗਾ। ਫਿਲਹਾਲ ਈਡੀ ਵਲੋਂ ਇਨ੍ਹਾਂ ਸਾਰੇ ਲੋਕਾਂ ਖਿਲਾਫ ਸਪਲੀਮੈਂਟਰੀ ਚਾਰਜਸ਼ੀਟ ਦਾਖਲ ਕਰਨ ਦੀ ਤਿਆਰੀ ਕੀਤੀ ਗਈ ਹੈ। ਹਾਲੇ ਤੱਕ ਡਿਪਾਰਟਮੈਂਟ ਨੇ 34 ਕਰੋੜ ਰੁਪਏ ਦੀਆਂ ਜਾਇਦਾਦਾਂ ਅਟੈਚ ਕੀਤੀਆਂ ਹਨ, ਜਿਸ ਤਹਿਤ ਕੁੱਲ 48 ਵਿਅਕਤੀਆਂ ਤੇ ਕੰਪਨੀਆਂ ਖਿਲਾਫ ਕੋਰਟ ਵਿਚ ਚਾਰਜਸ਼ੀਟ ਵੀ ਦਾਖਲ ਹੋ ਚੁੱਕੀ ਹੈ। ਪੰਜਾਬ ਵਿਚ ਲਗਭਗ 6 ਹਜ਼ਾਰ ਕਰੋੜ ਰੁਪਏ ਦਾ ਡਰੱਗ ਨੈਟਵਰਕ ਚਲਾਉਣ ਦੇ ਮਾਮਲੇ ਵਿਚ ਈਡੀ ਨੇ ਸਾਬਕਾ ਡੀਐਸਪੀ ਜਗਦੀਸ਼ ਭੋਲਾ ਖਿਲਾਫ ਕੇਸ ਦਰਜ ਕੀਤਾ ਸੀ। ਇਸ ਕੇਸ ਦੀ ਜਾਂਚ ਕਰਦੇ ਹੋਏ ਪਹਿਲੀ ਵਾਰ ਈਡੀ ਨੇ ਜੂਨ 2014 ਵਿਚ ਉਸ ਵੇਲੇ ਦੇ ਜੇਲ੍ਹ ਮੰਤਰੀ ਸਰਵਣ ਸਿੰਘ ਫਿਲੌਰ ਅਤੇ ਸੀਪੀਐਮ ਅਵਿਨਾਸ਼ ਚੰਦਰ ਨੂੰ ਸੰਮਣ ਜਾਰੀ ਕਰਕੇ ਪੁੱਛਗਿੱਛ ਲਈ ਸੱਦਿਆ। ਮਾਮਲਾ ਉਦੋਂ ਗਰਮਾਇਆ ਜਦੋਂ ਈਡੀ ਨੇ ਸਾਬਕਾ ਮੰਤਰੀ ਤੇ ਮੌਜੂਦਾ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੂੰ ਸੰਮਣ ਜਾਰੀ ਕਰਕੇ ਦਿਨ ਭਰ ਪੁੱਛਗਿੱਛ ਕੀਤੀ। ਪਿਛਲੇ ਤਿੰਨ ਸਾਲ ਤੋਂ ਪੂਰੇ ਪੰਜਾਬ ਵਿਚ ਇਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਪੰਜਾਬ ਵਿਚ ਡਰੱਗ ਨੈਟਵਰਕ ਨੂੰ ਸਿਆਸੀ ਸਰਪ੍ਰਸਤੀ ਪ੍ਰਾਪਤ ਹੈ। ਹਾਲਾਂਕਿ ਅਕਾਲੀ ਦਲ ਨੇ ਪਹਿਲਾਂ ਇਸ ਗੱਲ ਨੂੰ ਸਿਰੇ ਤੋਂ ਖਾਰਜ ਕੀਤਾ ਪਰ ਬਾਅਦ ਵਿਚ ਸਰਵਣ ਸਿੰਘ ਫਿਲੌਰ ਤੋਂ ਅਸਤੀਫਾ ਲੈ ਲਿਆ। ਵਿਧਾਨ ਸਭਾ ਚੋਣਾਂ ਵਿਚ ਸਾਬਕਾ ਸੀਪੀਐਸ ਅਵਿਨਾਸ਼ ਚੰਦਰ ਦੀ ਟਿਕਟ ਕੱਟੀ ਗਈ। ਹਾਲਾਂਕਿ ਸਰਵਣ ਸਿੰਘ ਫਿਲੌਰ ਨੇ ਚੋਣਾਂ ਤੋਂ ਪਹਿਲਾਂ ਚੰਡੀਗੜ੍ਹ ਵਿਚ ਮੁੱਖ ਮੰਤਰੀ ਦੀ ਅਗਵਾਈ ਵਿਚ ਕਾਂਗਰਸ ਨੂੰ ਜੁਆਇਨ ਕਰ ਲਿਆ। ਕਰੀਬ ਤਿੰਨ ਸਾਲ ਬਾਅਦ ਈਡੀ ਵਲੋਂ ਫਿਲੌਰ ਪਰਿਵਾਰ ਅਤੇ ਅਵਿਨਾਸ਼ ਚੰਦਰ ਦੀਆਂ ਜਾਇਦਾਦਾਂ ਨੂੰ ਅਟੈਚ ਕਰਨਾ ਪੰਜਾਬ ਵਿਚ ਡਰੱਗ ਨੈਟਵਰਕ ਨੂੰ ਸਿਆਸੀ ਮੱਦਦ ਦਾ ਸਭ ਤੋਂ ਵੱਡਾ ਸਬੂਤ ਹੈ।
ਇਨ੍ਹਾਂ ਦੀ ਵੀ ਹੋਵੇਗੀ ਕੁਰਕੀ
1.ਜਗਜੀਤ ਸਿੰਘ ਚਾਹਲ, ਪਰਮਜੀਤ ਸਿੰਘ ਚਾਹਲ, ਇੰਦਰਜੀਤ ਕੌਰ (ਅੰਮ੍ਰਿਤਸਰ ਦੀ ਬਿਜਨੈਸ ਫੈਮਿਲੀ)
ਕੁੱਲ ਅਟੈਚਮੈਂਟ : 54,59,28,539 ਰੁਪਏ ਵੈਲਿਊ ਦੇ ਸੱਤ ਬਿਜਨੈਸ ਫਰਮਾਂ ਅਤੇ ਅਚੱਲ ਜਾਇਦਾਦਾਂ।
2.ਦਵਿੰਦਰ ਸ਼ਰਮਾ (ਊਨਾ ਦੇ ਬਿਜਨਸਮੈਂਟ)
ਕੁੱਲ ਅਟੈਚਮੈਂਟ : 5,64,000 ਰੁਪਏ ਦੀਆਂ ਅਚੱਲ ਜਾਇਦਾਦਾਂ
3.ਸੁਖਰਾਜ ਸਿੰਘ ਤੇ ਜਸਵਿੰਦਰ ਸਿੰਘ ਐਨਆਰਆਈ (ਕੈਨੇਡਾ)
ਕੁੱਲ ਅਟੈਚਮੈਂਟ : 16,65,000 ਰੁਪਏ ਦੀਆਂ ਅਚੱਲ ਜਾਇਦਾਦਾਂ
4.ਸਚਿਨ ਸਰਦਾਨਾ ਤੇ ਪਰਿਵਾਰ (ਦਿੱਲੀ ਦੇ ਬਿਜਨੈਸਮੈਨ)
ਕੁੱਲ ਅਟੈਚਮੈਂਟ : 74,65,000 ਰੁਪਏ ਦੀਆਂ ਕਾਰੋਬਾਰੀ ਫਰਮਾਂ ਤੇ ਅਚੱਲ ਜਾਇਦਾਦਾਂ
5.ਹਰਪ੍ਰੀਤ ਸਿੰਘ (ਪਟਿਆਲਾ)
ਕੁੱਲ ਅਟੈਚਮੈਂਟ : 42,45,542 ਰੁਪਏ ਦੀਆਂ ਅਚੱਲ ਜਾਇਦਾਦਾਂ
6.ਐਨਆਰਆਈ ਅਵਤਾਰ ਸਿੰਘ ਤਾਰੀ ਤੇ ਪਰਿਵਾਰ (ਕੈਨੇਡਾ)
ਕੁੱਲ ਅਟੈਚਮੈਂਟ : 51,10,110 ਰੁਪਏ ਦੀਆਂ ਅਚੱਲ ਜਾਇਦਾਦਾਂ
7.ਦਮਨਵੀਰ ਸਿੰਘ ਫਿਲੌਰ (ਸਾਬਕਾ ਜੇਲ੍ਹ ਮੰਤਰੀ ਸਰਵਣ ਸਿੰਘ ਫਿਲੌਰ ਦਾ ਪੁੱਤਰ)
ਕੁੱਲ ਅਟੈਚਮੈਂਟ : 4,72,54,000 ਰੁਪਏ ਦੀਆਂ ਅਚੱਲ ਜਾਇਦਾਦਾਂ
8.ਸਰਵਣ ਸਿੰਘ ਫਿਲੌਰ, ਸਾਬਕਾ ਜੇਲ੍ਹ ਮੰਤਰੀ ਤੇ ਮੌਜੂਦਾ ਕਾਂਗਰਸੀ ਨੇਤਾ
ਕੁੱਲ ਅਟੈਚਮੈਂਟ : 14,37,500 ਰੁਪਏ ਦੀਆਂ ਅਚੱਲ ਜਾਇਦਾਦਾਂ
9.ਅਵਿਨਾਸ਼ ਚੰਦਰ, ਸਾਬਕਾ ਸੀਪੀਐਸ
ਕੁੱਲ ਅਟੈਚਮੈਂਟ : 55, 45, 000 ਰੁਪਏ ਦੀਆਂ ਅਚੱਲ ਜਾਇਦਾਦਾਂ
10.ਚੂਨੀ ਲਾਲ ਗਾਬਾ ਤੇ ਪਰਿਵਾਰ (ਗੁਰਾਇਆ ਦੇ ਕਾਰੋਬਾਰੀ ਤੇ ਫਿਲੌਰ ਤੇ ਅਵਿਨਾਸ਼ ਦੇ ਕਰੀਬੀ)
ਕੁੱਲ ਅਟੈਚਮੈਂਟ : 17,12,000 ਰੁਪਏ ਦੀਆਂ ਅਚੱਲ ਜਾਇਦਾਦਾਂ
ਕੁੱਲ ਅਟੈਚਮੈਂਟ : 61,61,88,590
ਗਾਬਾ ਦੀ ਡਾਇਰੀ ਵਿਚ ਐਂਟਰੀ, ਅਵਿਨਾਸ਼ ਨੇ ਲਏ ਸਨ 55 ਲੱਖ
ਭੋਲਾ ਨੇ ਲਿਆ ਸੀ ਦਮਨਬੀਰ ਦਾ ਨਾਮ, ਪੌਣੇ 5 ਕਰੋੜ ਦੀ ਜਾਇਦਾਦ ਅਟੈਚ
ਜਲੰਧਰ : ਸਾਬਕਾ ਡੀਐਸਪੀ ਜਗਦੀਸ਼ ਭੋਲਾ ਨੇ ਡਰੱਗ ਰੈਕਟ ਨੂੰ ਲੈ ਕੇ ਅਰੋਪ ਦੇ ਘੇਰੇ ਵਿਚ ਆਏ ਸਾਬਕਾ ਅਕਾਲੀ ਐਮਐਲਏ ਅਵਿਨਾਸ਼ ਚੰਦਰ, ਸਰਵਣ ਸਿੰਘ ਫਿਲੌਰ ਅਤੇ ਦਮਨਬੀਰ ਸਿੰਘ ਫਿਲੌਰ ਦੇ ਖਿਲਾਫ ਈਡੀ ਜਲਦ ਹੀ ਮਨੀ ਲਾਂਡਰਿੰਗ ਵਿਚ ਚਾਰਜਸ਼ੀਟ ਫਾਈਲ ਕਰੇਗੀ। ਈਡੀ ਨੇ ਸੋਮਵਾਰ ਨੂੰ ਅਕਾਲੀ ਤੋਂ ਕਾਂਗਰਸੀ ਬਣ ਸਰਵਣ ਸਿੰਘ ਫਿਲੌਰ ਦੇ ਬੇਟੇ ਦਮਨਬੀਰ ਸਿੰਘ ਫਿਲੌਰ ਦੀ ਪੌਣੇ ਪੰਜ ਕਰੋੜ ਦੀ ਜਾਇਦਾਦ ਕੇਸ ਵਿਚ ਅਟੈਚ ਕਰ ਲਈ ਹੈ। ਦਮਨਬੀਰ ਨੇ ਜੂਨ 2012 ਵਿਚ ਜਲੰਧਰ ਦੀ ਛੋਟੀ ਬਾਰਾਦਰੀ ਮਾਰਕੀਟ ਵਿਚ ਸਥਿਤ ਸ਼ਾਪਿੰਗ ਕੰਪਲੈਕਸ ਇਕ ਕਰੋੜ ਵਿਚ ਖਰੀਦਿਆ ਸੀ। ਦਿੱਲੀ ਦੇ ਬਸੰਤ ਵਿਹਾਰ ਵਿਚ ਫਲੈਟ ਨੰਬਰ 37 ਅਤੇ ਚੰਡੀਗੜ੍ਹ ਦੇ ਕਾਂਸਲ ਵਿਚ ਪਲਾਟ ਨੰਬਰ 181 ਨੂੰ ਵੀ ਅਟੈਚ ਕੀਤਾ ਗਿਆ ਹੈ। ਇਸਦੀ ਕੀਮਤ ਡੇਢ ਕਰੋੜ ਦੱਸੀ ਜਾ ਰਹੀ ਹੈ। ਇਸ ਤੋਂ ਇਲਾਵਾ 31 ਲੱਖ ਦੀ ਐਫਡੀਆਰ ਅਟੈਚ ਕੀਤੀ ਗਈ ਹੈ।
ਗਾਬਾ ਦੀ ਡਾਇਰੀ ਵਿਚ ਸਰਵਣ ਸਿੰਘ ਫਿਲੌਰ ਦੇ ਨਾਮ ਦੀ ਐਂਟਰੀ ਮਿਲੀ ਸੀ। ਕੁੱਲ ਰਕਮ 14,37,500 ਰੁਪਏ ਹੈ। ਇਹ ਇਕ ਸਾਲ ਵਿਚ ਦਿੱਤੇ ਗਏ ਪੈਸਿਆਂ ਦਾ ਬਿਓਰਾ ਸੀ। ਫਿਲੌਰ ਹਿਸਾਬ ਨਹੀਂ ਦੇ ਸਕੇ। ਈਡੀ ਨੇ ਮੰਨਿਆ ਹੈ ਕਿ ਚੋਣਾਂ ਵਿਚ ਨਜਾਇਜ਼ ਪੈਸਾ ਲਗਾਇਆ ਗਿਆ ਸੀ। ਹਾਲਾਂਕਿ ਈਡੀ  ਨੂੰ ਫਿਲੌਰ ਦੇ ਨਾਮ ‘ਤੇ ਕੋਈ ਨਜਾਇਜ਼ ਜਾਇਦਾਦ ਨਹੀਂ ਮਿਲੀ। ਭੋਲਾ ਨੇ ਜਨਵਰੀ 2014 ਵਿਚ ਈਡੀ ਦੀ ਪੁੱਛਗਿੱਛ ਵਿਚ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਦਮਨਬੀਰ ਫਿਲੌਰ ਦਾ ਨਾਮ ਲਿਆ ਸੀ।
ਆਈਟੀ ਤੋਂ ਈਡੀ ਨੇ ਡਾਇਰੀ ਲਈ ਤਾਂ ਫੋਰੈਂਸਿਕ ਜਾਂਚ ‘ਚ ਅਵਿਨਾਸ਼ ਦੇ ਨਾਮ ਦੀ ਐਂਟਰੀ ਕੱਟੀ ਹੋਈ ਮਿਲੀ ਸੀ
ਇਨਕਮ ਟੈਕਸ ਨੇ ਗੋਰਾਇਆ ਦੇ ਅਕਾਲੀ ਨੇਤਾ ਅਤੇ ਬਿਜਨਸਮੈਨ ਚੁੰਨੀ ਲਾਲ ਗਾਬਾ ਦੀ ਡਾਇਰੀ ਬਰਾਮਦ ਕੀਤੀ ਸੀ। ਈਡੀ ਨੇ ਜਦ ਇਹ ਡਾਇਰੀ ਮੰਗੀ ਸੀ ਤਾਂ ਇਨਕਮ ਟੈਕਸ ਨੇ ਨਾਂਹ-ਨੁੱਕਰ ਕੀਤੀ ਸੀ। ਡਾਇਰੀ ਈਡੀ ਨੂੰ ਮਿਲੀ ਤਾਂ ਪਰ ਉਸ ਵਿਚ ਕਈ ਐਂਟਰੀਆਂ ਵਿਚ ਕਟਿੰਗ ਕੀਤੀ ਗਈ ਸੀ। ਕੁਝ ਸਮਾਂ ਪਹਿਲਾਂ ਫੋਰੈਂਸਿਕ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਸੀ ਕਿ ਅਵਿਨਾਸ਼ ਦੇ ਨਾਮ ਦੀ ਹੀ ਐਂਟਰੀ ਕੱਟੀ ਗਈ ਸੀ। ਕੁੱਲ ਰਕਮ 55.45 ਲੱਖ ਬਣਦੀ ਹੈ। ਈਡੀ ਨੇ ਅਵਿਨਾਸ਼ ਨੂੰ ਇੰਨੀ ਵੱਡੀ ਰਕਮ ਨੂੰ ਲੈ ਕੇ ਪੁੱਛਗਿੱਛ ਕੀਤੀ ਤਾਂ ਉਸ ਨੇ ਬਿਜਨਸ ਦੇ ਪੈਸੇ ਦੱਸੇ ਸਨ। ਪਰ ਇਹ ਸਾਬਤ ਨਹੀਂ ਪਰ ਸਕੇ। ਈਡੀ ਨੇ ਕਿਹਾ ਕਿ ਇਸ ਰਕਮ ਨੂੰ ਨਜਾਇਜ਼ ਮੰਨਦੇ ਹੋਏ ਅਵਿਨਾਸ਼ ਨੂੰ ਮਨੀ ਲਾਂਡਰਿੰਗ ਦੇ ਕੇਸ ਵਿਚ ਘੇਰ ਰਹੀ ਹੈ।
ਕਟਿੰਗ ਕਿਸ ਨੇ ਕੀਤੀ, ਇਸ ‘ਤੇ ਸ਼ੱਕ, ਹੋ ਸਕਦੀ ਹੈ ਐਫਆਈਆਰ
ਇਹ ਸਾਬਤ ਹੋ ਚੁੱਕਾ ਹੈ ਕਿ ਗਾਬਾ ਦੀ ਡਾਇਰੀ ਵਿਚ ਕਟਿੰਗ ਇਨਕਮ ਟੈਕਸ ਵਿਭਾਗ ਦੇ ਅੰਦਰ ਹੀ ਕੀਤੀ ਗਈ ਸੀ। ਇਸ ਲਈ ਸਰਕਾਰੀ ਦਸਤਾਵੇਜ਼ ਨਾਲ ਛੇੜਛਾੜ ਅਤੇ ਅਰੋਪੀ ਨੂੰ ਬਚਾਉਣ ਕਾਰਨ ਐਫਆਈਆਰ ਦਰਜ ਹੋ ਸਕਦੀ ਹੈ। ਦੋਵੇਂ ਵਿਭਾਗ ਇਸ ਗੱਲ ‘ਤੇ ਹੈਰਾਨ ਹਨ ਕਿ ਆਖਰਕਾਰ ਉਹ ਵਿਅਕਤੀ ਕੌਣ ਹੈ, ਜਿਸ ਨੇ ਅਜਿਹਾ ਕੀਤਾ।
ਇਹ ਹੈ ਮਾਮਲਾ :ਈਡੀ ਨੇ ਜੁਆਇੰਟ ਡਾਇਰੈਕਟਰ ਡਾ. ਗਿਰਿਸ਼ ਬਾਲੀ ਦੀ ਦੇਖ ਰੇਖ ਵਿਚ ਜਨਵਰੀ 2014 ਵਿਚ ਡਰੱਗ ਰੈਕੇਟ ਦੀ ਜਾਂਚ ਸ਼ੁਰੂ ਹੋਈ ਸੀ। ਈਡੀ ਨੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਕੋਲੋਂ ਪੁੱਛਗਿੱਛ ਕੀਤੀ ਸੀ। ਇਸ ਤੋਂ ਬਾਅਦ ਜਾਂਚ ਅਧਿਕਾਰੀ ਨਿਰੰਜਨ ਸਿੰਘ ਦਾ ਕੋਲਕਾਤਾ ਤਬਾਦਲਾ ਕਰ ਦਿੱਤਾ ਗਿਆ ਸੀ। ਨਿਰੰਜਨ ਦੇ ਤਬਾਦਲੇ ਲਈ ਹਾਈਕੋਰਟ ਵਿਚ ਰਿੱਟ ਹੋਈ ਸੀ। ਹਾਈਕੋਰਟ ਦੇ ਦਖਲ ‘ਤੇ ਹੀ ਉਨ੍ਹਾਂ ਦਾ ਤਬਾਦਲਾ ਰੱਦ ਕੀਤਾ ਗਿਆ ਸੀ।
ਦਮਨਵੀਰ ਨੇ ਮਿਲਵਾਇਆ ਸੀ ਡਰੱਗ ਸਮੱਗਲਰ ਵਰਿੰਦਰ ਰਾਜਾ ਅਤੇ ਜਗਦੀਸ਼ ਭੋਲਾ ਨੂੰ
ਜਾਂਚ ਵਿਚ ਸਾਹਮਣੇ ਆਇਆ ਕਿ ਡਰੱਗ ਰੈਕੇਟ ਦੇ ਕਿੰਗਪਿਨ ਜਗਦੀਸ਼ ਭੋਲਾ, ਚੂਨੀ ਲਾਲ ਗਾਬਾ, ਵਰਿੰਦਰ ਰਾਜਾ ਦਰਮਿਆਨ ਕੜੀ ਸਾਬਕਾ ਮੰਤਰੀ ਸਰਵਣ ਸਿੰਘ ਫਿਲੌਰ ਦਾ ਪੁੱਤਰ ਦਮਨਬੀਰ ਸਿੰਘ ਫਿਲੌਰ ਹੀ ਕਿਹਾ, ਕਿਉਂਕਿ ਡਰੱਗ ਰੈਕੇਟ ਨਾਲ ਜੁੜਿਆ ਵਰਿੰਦਰ ਰਾਜਾ ਦਮਨਬੀਰ ਸਿੰਘ ਦਾ ਕਲਾਸਮੇਟ ਸੀ, ਇਸ ਲਈ ਉਸ ਨੇ ਹੀ ਗਾਬਾ ਪਰਿਵਾਰ ਨਾਲ ਉਕਤ ਸਮੱਗਲਰਾਂ ਦਾ ਮੇਲ ਕਰਵਾਇਆ ਅਤੇ ਖੁਦ ਮੋਟੀ ਕਮਾਈ ਕੀਤੀ। ਈ.ਡੀ. ਜਾਂਚ ਵਿਚ ਖੁਲਾਸਾ ਹੋਇਆ ਕਿ ਦਮਨਵੀਰ ਨੇ ਸਾਲ 2011-12 ਦੌਰਾਨ ਕਰੋੜਾਂ ਰੁਪਏ ਦੀ ਪ੍ਰਾਪਰਟੀ ਬਣਾਈ, ਜੋ ਕਿ ਈਡੀ ਨੇ ਅਟੈਚ ਕਰ ਲਈ।
ਗਾਬਾ ਦੀਆਂ ਜ਼ਮੀਨਾਂ ਅਟੈਚ
ਗਾਬਾ ਨੇ ਦੋ ਜ਼ਮੀਨਾਂ ਬਾਰੇ ਈਡੀ ਨੂੰ ਨਹੀਂ ਦੱਸਿਆ ਸੀ। ਈਡੀ ਨੇ ਇਹ ਦੋਵੇਂ ਟਰੇਸ ਕਰਕੇ ਅਟੈਚ ਕੀਤੀਆਂ ਹਨ। ਫਿਲੌਰ ਦੇ ਪਿੰਡ ਰੁੜਕਾ ਵਿਚ ਇਕ ਕਨਾਲ 4 ਮਰਲੇ ਅਤੇ ਫਗਵਾੜਾ ਦੇ ਹਾਦਿਆਬਾਦ ਵਿਚ 8 ਕਨਾਲ ਜ਼ਮੀਨ ਹੈ। ਇਸ ਤੋਂ ਪਹਿਲਾਂ ਈਡੀ ਚੂਨੀ ਅਤੇ ਉਸਦੇ ਬੇਟੇ ਗੁਰਮੇਸ਼, ਗੁਰਜੀਤ ਅਤੇ ਮਹੇਸ਼ ਨੂੰ ਚਾਰਜਸ਼ੀਟ ਕਰ ਚੁੱਕੀ ਹੈ।
ਅਵਿਨਾਸ਼ ਦੀ ਪ੍ਰਾਪਰਟੀ ‘ਤੇ ਜਾਂਚ
ਈਡੀ ਨੇ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਨੇ ਅਵਿਨਾਸ਼ ਦੀ ਜਾਇਦਾਦ ਦੇ ਬਿਓਰੇ ਲਈ ਵਿਭਾਗ ਕੋਲੋਂ ਰਿਕਾਰਡ ਮੰਨਿਆ ਹੈ। ਈਡੀ ਅਵਿਨਾਸ਼ ਦੀ ਕੁਝ ਜਾਇਦਾਦ ਟਰੇਸ ਕਰ ਚੁੱਕਾ ਹੈ। ਜੋ ਪਤਨੀ ਅਤੇ ਭਰਾ ਸਟੀਫਨ ਦੇ ਨਾਮ ‘ਤੇ ਵੀ ਹੈ। ਈਡੀ ਰੇਤ ਅਤੇ ਗਾਬਾ ਕਨੈਕਸ਼ਨ ਨੂੰ ਲੈ ਕੇ ਕਮਾਏ ਗਏ ਪੈਸੇ ਦੀ ਜਾਂਚ ਕਰ ਰਿਹਾ ਹੈ।
ਚਾਹਲ ਦੀ ਪ੍ਰਾਪਰਟੀ ਅਤੇ 5 ਗੱਡੀਆਂ ਅਟੈਚ
ਅੰਮ੍ਰਿਤਸਰ ਦੇ ਜਗਜੀਤ ਚਾਹਲ, ਪਤਨੀ ਇੰਦਰਜੀਤ ਕੌਰ ਅਤੇ ਭਰਾ ਪਰਮਜੀਤ ਨੂੰ ਈਡੀ ਚਾਰਜਸ਼ੀਟ ਕਰੇਗੀ। ਚਾਹਲ ਦੇ ਡਰੱਗ ਰੈਕੇਟ ਵਿਚ ਫਸੇ ਸਾਬਕਾ ਯੂਥ ਅਕਾਲੀ ਨੇਤਾ ਬਿੱਟੂ ਔਲਖ ਨਾਲ ਸਬੰਧ ਸਨ। ਈਡੀ ਨੇ 54 ਕਰੋੜ ਦੀ ਪ੍ਰਾਪਰਟੀ ਅਤੇ 5 ਲਗਜ਼ਰੀ ਗੱਡੀਆਂ ਅਟੈਚ ਕੀਤੀਆਂ ਹਨ। ਸਾਰੀਆਂ ਗੱਡੀਆਂ ‘ਤੇ 0001 ਨੰਬਰ ਲੱਗਾ ਹੋਇਆ ਹੈ।
ਇਨ੍ਹਾਂ ‘ਤੇ ਵੀ ਕਾਰਵਾਈ
ਦਿੱਲੀ ਦੇ ਦਵਾ ਕਾਰੋਬਾਰੀ ਸਚਿਨ ਸਰਦਾਨਾ ਦੇ 7 ਫਲੈਟ ਕੇਸ ਵਿਚ ਅਟੈਚ ਕੀਤੇ ਗਏ ਹਨ। ਊਨਾ ਦੇ ਦਵਿੰਦਰ ਕਾਂਤ ਸ਼ਰਮਾ ਦੀ ਜਾਇਦਾਦ ਵੀ ਅਟੈਚ ਕੀਤੀ ਗਈ ਹੈ। ਪਟਿਆਲਾ ਦੇ ਆਫੀਸਰ ਕਲੋਨੀ ਦੇ ਹਰਪ੍ਰੀਤ ਸਿੰਘ ਦੀ ਮਰਸਡੀਜ਼ ਗੱਡੀ ਅਟੈਚ ਕੀਤੀ ਹੈ। ਡਰੱਗ ਵਿਚ ਫਸੇ ਅਵਤਾਰ ਸਿੰਘ ਤਾਰੀ ਦੀ ਜਲੰਧਰ ਦੇ ਜੀਟੀਬੀ ਨਗਰ ਸਥਿਤ 57 ਲੱਖ ਦੀ ਕੋਠੀ ਅਟੈਚ ਕੀਤੀ ਗਈ ਹੈ।

Check Also

ਸੁਖਬੀਰ ਬਾਦਲ ਨੇ ਕੇਂਦਰੀ ਸਿਆਸੀ ਪਾਰਟੀਆਂ ’ਤੇ ਲਗਾਏ ਆਰੋਪ

ਕਿਹਾ : ਦਿੱਲੀ ਵਾਲੇ ਪੰਜਾਬ ’ਚ ਆਉਂਦੇ ਹਨ ਲੁੱਟਣ ਚੰਡੀਗੜ੍ਹ/ਬਿਊਰੋ ਨਿਊਜ਼ ਸ਼ੋ੍ਰਮਣੀ ਅਕਾਲੀ ਦਲ ਦੇ …