ਉਨਟਾਰੀਓ/ਬਿਊਰੋ ਨਿਊਜ਼ : ਉਨਟਾਰੀਓ ਦੀਆਂ ਗੱਡੀਆਂ ਲਈ ਲਾਇਸੈਂਸ ਪਲੇਟ ਸਟਿੱਕਰਜ਼ ਨੂੰ ਖ਼ਤਮ ਕਰਨ ਬਾਰੇ ਫੋਰਡ ਸਰਕਾਰ ਵੱਲੋਂ ਵਿਚਾਰ ਕੀਤਾ ਜਾ ਰਿਹਾ ਹੈ। ਹਾਲਾਂਕਿ ਇਹ ਪਲੈਨ ਫਾਈਨਲ ਨਹੀਂ ਕੀਤਾ ਗਿਆ ਪਰ ਇਸ ਨਾਲ ਮੋਟਰਿਸਟਸ ਨੂੰ ਸਾਲਾਨਾ 120 ਡਾਲਰ ਦੀ ਬਚਤ ਹੋਵੇਗੀ। ਜਾਣਕਾਰ ਸੂਤਰਾਂ ਅਨੁਸਾਰ ਲਾਇਸੈਂਸ ਪਲੇਟ ਸਟਿੱਕਰ ਪੈਸੈਂਜਰ ਵਹੀਕਲਜ਼, ਹਲਕੇ ਕਮਰਸ਼ੀਅਲ ਵਹੀਕਲਜ਼-ਜਿਨ੍ਹਾਂ ਵਿੱਚ ਪਿੱਕ ਅੱਪ ਟਰੱਕਜ਼ ਤੇ ਮੋਟਰਸਾਈਕਲ ਸ਼ਾਮਲ ਹਨ, ਤੋਂ ਹਟਾਏ ਜਾ ਸਕਦੇ ਹਨ। ਸੂਤਰਾਂ ਨੇ ਆਖਿਆ ਕਿ ਲਾਇਸੈਂਸ ਪਲੇਟ ਸਟਿੱਕਰਜ਼ ਹਟਾਏ ਜਾਣ ਨਾਲ ਸਰਕਾਰ ਦੀ ਆਮਦਨ ਵਿੱਚ ਹਰ ਸਾਲ ਇੱਕ ਬਿਲੀਅਨ ਡਾਲਰ ਦੀ ਕਟੌਤੀ ਹੋਵੇਗੀ।
ਸੂਤਰਾਂ ਨੇ ਇਹ ਵੀ ਦੱਸਿਆ ਕਿ ਇਸ ਸਬੰਧ ਵਿੱਚ ਐਲਾਨ ਆਉਣ ਵਾਲੇ ਦਿਨਾਂ ਵਿੱਚ ਕੀਤਾ ਜਾਵੇਗਾ। ਇਹ ਵੀ ਪਤਾ ਲੱਗਿਆ ਹੈ ਕਿ ਜਿਨ੍ਹਾਂ ਉਨਟਾਰੀਓ ਵਾਸੀਆਂ ਨੇ ਆਪਣੇ ਲਾਇਸੈਂਸ ਪਲੇਟ ਸਟਿੱਕਰ ਨਵਿਆਏ ਸਨ ਉਨ੍ਹਾਂ ਨੂੰ ਸਰਕਾਰ ਰੀਫੰਡ ਵੀ ਦੇਵੇਗੀ। ਪਰ ਇਸ ਰੀਫੰਡ ਨੂੰ ਹਾਸਲ ਕਰਨ ਵਾਲਿਆਂ ਦੀ ਲਿਸਟ ਫਾਈਨਲ ਨਹੀਂ ਕੀਤੀ ਗਈ ਹੈ। ਮੌਜੂਦਾ ਨਿਯਮ ਮੁਤਾਬਕ ਉਨਟਾਰੀਓ ਦੇ ਡਰਾਈਵਰਾਂ ਨੂੰ 28 ਫਰਵਰੀ ਤੋਂ ਪਹਿਲਾਂ ਆਪਣੇ ਐਕਸਪਾਇਰ ਹੋ ਚੁੱਕੇ ਲਾਇਸੰਸ ਪਲੇਟ ਸਟਿੱਕਰਜ਼ ਨੂੰ ਰੀਨਿਊ ਕਰਵਾਉਣਾ ਜ਼ਰੂਰੀ ਹੈ।