ਆਮ ਆਦਮੀ ਪਾਰਟੀ ਨੂੰ ਦੱਸਿਆ ਭਾਜਪਾ ਦੀ ਸੈਕਿੰਡ ਟੀਮ
ਜਲੰਧਰ/ਬਿਊਰੋ ਨਿਊਜ਼ : ਗੁਜਰਾਤ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਤੇ ਪੰਜਾਬ ਚੋਣਾਂ ਲਈ ਕਾਂਗਰਸ ਹਾਈਕਮਾਂਡ ਵੱਲੋਂ ਨਿਯੁਕਤ ਕੀਤੇ ਅਬਜ਼ਰਵਰ ਹਾਰਦਿਕ ਪਟੇਲ ਨੇ ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ‘ਤੇ ਸਿਆਸੀ ਹੱਲਾ ਬੋਲਦਿਆਂ ਕਿਹਾ ਕਿ ਇਹ ਦੋਵੇਂ ਪਾਰਟੀਆਂ ਅੱਜ ਵੀ ਇਕੱਠੀਆਂ ਹਨ। ਭਾਵੇਂ ਇਨ੍ਹਾਂ ਖੇਤੀ ਕਾਨੂੰਨਾਂ ਦੇ ਮੁੱਦੇ ‘ਤੇ ਵੱਖ-ਵੱਖ ਹੋਣ ਦਾ ਡਰਾਮਾ ਕੀਤਾ ਸੀ। ਉਨ੍ਹਾਂ ਇਹ ਦਾਅਵਾ ਵੀ ਕੀਤਾ ਕਿ ਆਮ ਆਦਮੀ ਪਾਰਟੀ, ਭਾਜਪਾ ਦੀ ਬੀ-ਟੀਮ ਹੈ। ਹਾਰਦਿਕ ਪਟੇਲ ਜਲੰਧਰ ‘ਚ ਕਾਂਗਰਸ ਭਵਨ ਵਿੱਚ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ।
ਉਨ੍ਹਾਂ ਨੇ ਭਾਜਪਾ ਸ਼ਾਸਤ ਸੂਬਿਆਂ ਦੀਆਂ ਸਰਕਾਰਾਂ ‘ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਉਥੇ ਲੋਕਾਂ ਨੂੰ ਆਪਣੇ ਹੱਕਾਂ ਲਈ ਪ੍ਰਦਰਸ਼ਨ ਵੀ ਨਹੀਂ ਕਰਨ ਦਿੱਤਾ ਜਾਂਦਾ। ਉਨ੍ਹਾਂ ਦਾਅਵਾ ਕੀਤਾ ਕਿ ਗੁਜਰਾਤ ਵਿੱਚ ਜਦੋਂ ਉਹ ਲੋਕਾਂ ਦੀਆਂ ਮੰਗਾਂ ਦੇ ਹੱਕ ਵਿੱਚ ਅੰਦੋਲਨ ਕਰ ਰਹੇ ਸਨ ਤਾਂ ਸਰਕਾਰ ਨੇ ਅੰਦੋਲਨ ਨੂੰ ਡੰਡੇ ਦੇ ਜ਼ੋਰ ਨਾਲ ਦਬਾਇਆ, ਜਿਸ ਵਿੱਚ ਕਈ ਲੋਕਾਂ ਦੀ ਜਾਨ ਵੀ ਚਲੀ ਗਈ। ਪਟੇਲ ਨੇ ਕਿਹਾ ਕਿ ਕਾਂਗਰਸ ਸ਼ਾਸਤ ਸੂਬਿਆਂ ਵਿੱਚ ਅਜਿਹਾ ਨਹੀਂ ਹੈ।
ਕਾਂਗਰਸ ਹਮੇਸ਼ਾ ਹੀ ਜਮਹੂਰੀ ਢੰਗ ਨਾਲ ਲੋਕਾਂ ਨੂੰ ਪ੍ਰਦਰਸ਼ਨ ਕਰਨ ਦੀ ਖੁੱਲ੍ਹ ਦਿੰਦੀ ਹੈ ਕਿਉਂਕਿ ਪ੍ਰਦਰਸ਼ਨ ਕਰਨਾ ਲੋਕਾਂ ਦਾ ਜਮਹੂਰੀ ਹੱਕ ਹੈ। ਹਾਰਦਿਕ ਪਟੇਲ ਨੂੰ ਜਦੋਂ ਪੰਜਾਬ ਭਾਜਪਾ ਦੀ ਸਥਿਤੀ ਬਾਰੇ ਸਵਾਲ ਕੀਤੇ ਗਏ ਤਾਂ ਉਨ੍ਹਾਂ ਬੜੇ ਭਰੋਸੇ ਨਾਲ ਇਸ ਗੱਲ ਦਾ ਦਾਅਵਾ ਕੀਤਾ ਕਿ ਅਕਾਲੀ ਦਲ ਤੇ ਭਾਜਪਾ ਅੰਦਰੋਂ ਇਕੋ ਹੀ ਹਨ। ਦੋਵੇਂ ਧਿਰਾਂ ਆਪਸ ਵਿਚ ਰਲ ਕੇ ਚੱਲ ਰਹੀਆਂ ਹਨ ਜਦਕਿ ਆਮ ਆਦਮੀ ਪਾਰਟੀ, ਭਾਜਪਾ ਦੀ ‘ਬੀ’ ਟੀਮ ਵਜੋਂ ਕੰਮ ਕਰ ਰਹੀ ਹੈ। ਇਸ ਮੌਕੇ ਉਨ੍ਹਾਂ ਨਾਲ ਸਿੱਖਿਆ ਮੰਤਰੀ ਪਰਗਟ ਸਿੰਘ, ਜ਼ਿਲ੍ਹਾ ਸ਼ਹਿਰੀ ਦੇ ਪ੍ਰਧਾਨ ਬਲਰਾਜ ਠਾਕਰ ਤੇ ਹੋਰ ਕਾਂਗਰਸੀ ਆਗੂ ਹਾਜ਼ਰ ਸਨ।
Check Also
ਮੁੱਖ ਮੰਤਰੀ ਭਗਵੰਤ ਮਾਨ ਨੇ ਮੰਚ ਤੋਂ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਕੀਤੀ ਤਾਰੀਫ਼
ਕਿਹਾ : ਰਾਜਪਾਲ ਦੇ ਚੰਗੇ ਤਜ਼ਰਬੇ ਦਾ ਸਾਡੀ ਸਰਕਾਰ ਨੂੰ ਮਿਲ ਰਿਹਾ ਹੈ ਫਾਇਦਾ ਚੰਡੀਗੜ੍ਹ/ਬਿਊਰੋ …