ਕਹਿੰਦੇ, ਲੋਕਾਂ ਦੇ ਟੈਕਸ ਦਾ ਪੈਸਾ ਖ਼ਰਾਬ ਨਾ ਕਰੋ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰਕੇ ਇਕ ਵਾਰ ਫਿਰ ਸੂਬੇ ਦੇ ਸਿਰ ਚੜ੍ਹੇ ਕਰਜ਼ੇ ਨੂੰ ਲੈ ਕਿਹਾ ਕਿ ਅੱਜ ਪੰਜਾਬ, ਭਾਰਤ ਦਾ ਸਭ ਤੋਂ ਵੱਧ ਕਰਜ਼ਈ ਸੂਬਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ’ਤੇ ਸੂਬੇ ਦੀ ਜੀ. ਡੀ. ਪੀ. ਦਾ 50 ਫੀਸਦੀ ਕਰਜ਼ ਹੈ ਅਤੇ ਸਾਡੇ ਖਰਚੇ ਦਾ ਅੱਧਾ ਹਿੱਸਾ ਮਹਿੰਗੇ ਕਰਜ਼ੇ ਦੁਆਰਾ ਫ਼ੰਡ ਕੀਤਾ ਜਾਂਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਸਲ ਮੁੱਦਿਆਂ ਨੂੰ ਪਟੜੀ ਤੋਂ ਨਾ ਉੱਤਰਨ ਦਿੱਤਾ ਜਾਵੇ, ਜਿਨ੍ਹਾਂ ਦਾ ਪਾਰਟੀ ਵਰਕਰ ਅਤੇ ਹਰ ਪੰਜਾਬੀ ਹੱਲ ਚਾਹੁੰਦਾ ਹੈ। ਟਵੀਟ ਵਿਚ ਸਿੱਧੂ ਨੇ ਲਿਖਿਆ ਕਿ ਵਿੱਤੀ ਜਵਾਬਦੇਹੀ ਅਤੇ ਪਾਰਦਰਸ਼ਤਾ ਪੰਜਾਬ ਮਾਡਲ ਦੇ ਥੰਮ੍ਹ ਹਨ ਅਤੇ ਉਧਾਰ ਲੈਣਾ ਅੱਗੇ ਦਾ ਰਸਤਾ ਨਹੀਂ ਹੈ। ਉਨ੍ਹਾਂ ਕਿਹਾ ਕਿ ਟੈਕਸ ਕਰਜ਼ਿਆਂ ਦੇ ਨਿਪਟਾਰੇ ਲਈ ਨਹੀਂ ਜਾਣਾ ਚਾਹੀਦਾ, ਸਗੋਂ ਵਿਕਾਸ ਦੇ ਰੂਪ ਵਿਚ ਲੋਕਾਂ ਕੋਲ ਜਾਣਾ ਚਾਹੀਦਾ ਹੈ। ਸਿੱਧੂ ਦਾ ਇਹ ਵੀ ਕਹਿਣਾ ਹੈ ਕਿ ਵਿੱਤੀ ਰਿਪੋਰਟ ਨੂੰ ਹਰ ਮਹੀਨੇ ਜਨਤਕ ਕੀਤਾ ਜਾਵੇ।