ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਕਾਂਗਰਸ ਵਿਚ ਚੱਲ ਰਹੇ ਕਾਟੋ-ਕਲੇਸ਼ ਦੇ ਚੱਲਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਹੁਣ ਨੇੜੇ ਹੋਣ ਲੱਗੇ ਹਨ। ਜਾਣਕਾਰੀ ਮਿਲੀ ਹੈ ਕਿ ਇਨ੍ਹਾਂ ਦੋਵਾਂ ਆਗੂਆਂ ਵਿਚਾਲੇ ਇਕ ਗੁਪਤ ਮੀਟਿੰਗ ਵੀ ਹੋਈ, ਜਿਸ ਵਿਚ ਮੌਜੂਦਾ ਹਾਲਾਤ ਤੇ ਭਵਿੱਖ ਨੂੰ ਲੈ ਕੇ ਚਰਚਾ ਹੋਈ। ਇਨ੍ਹਾਂ ਦੋਵਾਂ ਆਗੂਆਂ ਨੂੰ ਨੇੜੇ ਲਿਆਉਣ ਵਿਚ ਪਰਨੀਤ ਕੌਰ ਤੇ ਜਸਬੀਰ ਸਿੰਘ ਡਿੰਪਾ ਦੀ ਭੂਮਿਕਾ ਦੱਸੀ ਜਾ ਰਹੀ ਹੈ। ਚਰਚਾ ਚੱਲ ਰਹੀ ਹੈ ਕਿ ਜਿਸ ਤਰ੍ਹਾਂ ਕਾਂਗਰਸ ਹਾਈ ਕਮਾਨ ਨੇ ਨਵਜੋਤ ਸਿੰਘ ਸਿੱਧੂ ਪ੍ਰਤੀ ਨਰਮ ਰੁਖ਼ ਅਖ਼ਤਿਆਰ ਕੀਤਾ ਹੋਇਆ ਹੈ, ਉਸ ਨੂੰ ਦੇਖਦਿਆਂ ਟਕਸਾਲੀ ਕਾਂਗਰਸੀ ਕਾਫ਼ੀ ਗੁੱਸੇ ਵਿਚ ਹਨ। ਸਿੱਧੂ ਪ੍ਰਤੀ ਹਾਈਕਮਾਨ ਦੇ ਨਰਮ ਰੁਖ਼ ਨੂੰ ਦੇਖਦਿਆਂ ਹੀ ਕੈਪਟਨ ਤੇ ਬਾਜਵਾ ਇਕ ਮੇਜ਼ ’ਤੇ ਆਉਣ ਲਈ ਤਿਆਰ ਹੋਏ ਹਨ। ਸਿੱਧੂ ਨੇ ਪਾਰਟੀ ਹਾਈ ਕਮਾਨ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਸਰਕਾਰ ਵਿਚ ਕੰਮ ਨਹੀਂ ਕਰ ਸਕਦੇ। ਉਧਰ ਸਿੱਧੂ ਲਗਾਤਾਰ ਹਾਈ ਕਮਾਨ ’ਤੇ ਸੂਬਾ ਪ੍ਰਧਾਨ ਬਣਨ ਦਾ ਦਬਾਅ ਬਣਾ ਰਹੇ ਹਨ। ਚਰਚਾ ਇਹ ਵੀ ਹੈ ਕਿ ਮੁੱਖ ਮੰਤਰੀ ਨੇ ਬਾਜਵਾ ਨਾਲ ਪਈਅਂ ਦੂਰੀਆਂ ਘਟਾਉਣ ਲਈ ਉਨ੍ਹਾਂ ਨਾਲ ਮੀਟਿੰਗ ਕੀਤੀ ਹੈ। ਇਹ ਮੀਟਿੰਗ ਬਾਜਵਾ ਦੀ ਚੰਡੀਗੜ੍ਹ ਰਿਹਾਇਸ਼ ’ਤੇ ਹੋਈ ਅਤੇ ਮੁੱਖ ਮੰਤਰੀ ਖੁਦ ਬਾਜਵਾ ਕੋਲ ਪਹੁੰਚੇ। ਹਾਲਾਂਕਿ ਬਾਜਵਾ ਨੇ ਇਸ ਤਰ੍ਹਾਂ ਦੀ ਕੋਈ ਵੀ ਮੀਟਿੰਗ ਹੋਣ ਤੋਂ ਸਾਫ਼ ਇਨਕਾਰ ਕੀਤਾ। ਉਨ੍ਹਾਂ ਕਿਹਾ ਕਿ ਇਹ ਵਿਰੋਧੀਆਂ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਹੈ, ਕਿਉਂਕਿ ਉਹ ਹਮੇਸ਼ਾ ਹੀ ਮੁੱਖ ਮੰਤਰੀ ਦੇ ਗ਼ਲਤ ਫ਼ੈਸਲਿਆਂ ਤੇ ਕੰਮਕਾਰ ਵਿਰੁੱਧ ਆਵਾਜ਼ ਉਠਾਉਂਦੇ ਹਨ।
Check Also
ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ
ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …