ਕਿਹਾ : ਜੇ ਸਰਕਾਰ ਹੋਰ ਜਾਣਕਾਰੀ ਮੰਗੇਗੀ ਤਾਂ ਉਹ ਦੇਣ ਲਈ ਹਾਂ ਤਿਆਰ
ਮਾਨਸਾ/ਬਿਊਰੋ ਨਿਊਜ਼ : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਮੂਸੇਵਾਲਾ ਦੇ ਛੋਟੇ ਭਰਾ ਨਾਲ ਸਬੰਧਤ ਸਾਰੇ ਡਾਕੂਮੈਂਟ ਸਰਕਾਰ ਨੂੰ ਸੌਂਪ ਦਿੱਤੇ ਹਨ। ਬਲਕੌਰ ਸਿੰਘ ਅਨੁਸਾਰ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੂੰ ਸਰਕਾਰ ਦਾ ਨੋਟਿਸ ਮਿਲਿਆ ਸੀ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਵੱਲੋਂ ਨਵਜੰਮੇ ਬੱਚੇ ਸਬੰਧੀ ਹੋਰ ਵੀ ਕੋਈ ਜਾਣਕਾਰੀ ਮੰਗੀ ਗਈ ਤਾਂ ਉਹ ਵੀ ਮੁਹੱਈਆ ਕਰਵਾਉਣ ਲਈ ਤਿਆਰ ਹਨ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਉਨ੍ਹਾਂ ਆਈਵੀਐਫ ਟ੍ਰੀਟਮੈਂਟ ਵਿਦੇਸ਼ ਵਿਚ ਲਿਆ ਸੀ ਅਤੇ ਬੱਚੇ ਦਾ ਜਨਮ ਸਿਰਫ਼ ਪੰਜਾਬ ਵਿਚ ਹੋਇਆ ਹੈ। ਆਈਵੀਐਫ ਨਾਲ ਪ੍ਰੈਗਨੈਂਟ ਹੋਣ ਤੋਂ ਬਾਅਦ ਜ਼ਰੂਰੀ ਟ੍ਰੀਟਮੈਂਟ ਵੀ ਸਰਕਾਰੀ ਹਸਪਤਾਲ ਤੋਂ ਲਿਆ ਗਿਆ। ਧਿਆਨ ਰਹੇ ਕਿ ਮੂਸੇਵਾਲਾ ਦੀ ਮਾਂ ਚਰਨ ਕੌਰ ਨੇ ਆਈਵੀਐਫ ਤਕਨੀਕ ਰਾਹੀਂ ਲੰਘੀ 17 ਮਾਰਚ ਨੂੰ ਬੱਚੇ ਨੂੰ ਜਨਮ ਦਿੱਤਾ ਸੀ। ਜਿਸ ਤੋਂ ਬਾਅਦ ਕੇਂਦਰੀ ਸਿਹਤ ਮੰਤਰਾਲੇ ਨੇ ਇਸ ’ਤੇ ਪੰਜਾਬ ਨੂੰ ਇਕ ਪੱਤਰ ਲਿਖ ਕੇ ਇਸ ਸਬੰਧੀ ਰਿਪੋਰਟ ਮੰਗੀ ਸੀ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਪੰਜਾਬ ਦੇ ਸਿਹਤ ਸੈਕਟਰੀ ਨੂੰ ਭੇਜੇ ਗਏ ਲੈਟਰ ’ਚ ਅਸਿਸਟਿਡ ਰੀਪ੍ਰੋਡਕਟਿਵ ਟੈਕਨਾਲੋਜੀ ਐਕਟ ਦਾ ਹਵਾਲਾ ਦਿੰਤਾ ਗਿਆ। ਇਸ ’ਚ ਦੱਸਿਆ ਗਿਆ ਕਿ ਇਨ ਵਿਟਰੋ ਫਰਟੀਲਾਈਜੇਸ਼ਨ ਤਕਨੀਕ ਨਾਲ ਬੱਚਾ ਪੈਦਾ ਕਰਨ ਲਈ ਮਹਿਲਾ ਦੀ ਉਮਰ 21 ਤੋਂ 50 ਤੱਕ ਹੋਣੀ ਚਾਹੀਦੀ ਹੈ ਪ੍ਰੰਤੂ ਮੂਸੇਵਾਲਾ ਦੀ ਮਾਂ ਚਰਨ ਕੌਰ ਨੇ 58 ਸਾਲ ਦੀ ਉਮਰ ’ਚ ਇਸ ਤਕਨੀਕ ਰਾਹੀਂ ਪ੍ਰੈਗਨੈਂਟ ਹੋ ਕੇ ਬੱਚੇ ਨੂੰ ਜਨਮ ਦਿੱਤਾ ਹੈ।