Breaking News
Home / ਪੰਜਾਬ / ਸ਼੍ਰੋਮਣੀ ਕਮੇਟੀ ਨੇ 100 ਸਾਲਾਂ ਵਿਚ ਸਥਾਪਿਤ ਕੀਤੇ 111 ਵਿਦਿਅਕ ਅਦਾਰੇ

ਸ਼੍ਰੋਮਣੀ ਕਮੇਟੀ ਨੇ 100 ਸਾਲਾਂ ਵਿਚ ਸਥਾਪਿਤ ਕੀਤੇ 111 ਵਿਦਿਅਕ ਅਦਾਰੇ

15 ਨਵੰਬਰ 1920 ਵਿਚ ਹੋਈ ਸੀ ਐਸਜੀਪੀਸੀ ਦੀ ਸਥਾਪਨਾ
ਅੰਮ੍ਰਿਤਸਰ/ਬਿਊਰੋ ਨਿਊਜ਼ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਥਾਪਤ ਹੋਇਆਂ 100 ਵਰ੍ਹੇ ਹੋ ਚੱਲੇ ਹਨ। ਇਕ ਸਦੀ ਵਿੱਚ ਸਿੱਖ ਸੰਸਥਾ ਨੇ ਜਿੱਥੇ ਧਰਮ ਪ੍ਰਚਾਰ ਅਤੇ ਗੁਰਦੁਆਰਿਆਂ ਦੀ ਸਥਾਪਤੀ ਦੇ ਖੇਤਰ ਵਿਚ ਅਹਿਮ ਪੁਲਾਂਘਾਂ ਪੁੱਟੀਆਂ ਹਨ, ਉਥੇ ਹੀ ਵਿਦਿਆ ਦੇ ਪਸਾਰ ਲਈ ਵੀ ਅਹਿਮ ਯੋਗਦਾਨ ਪਾਇਆ ਹੈ। ਇਸ ਵੇਲੇ ਸੰਸਥਾ ਦੇ ਸਿੱਧੇ-ਅਸਿੱਧੇ ਪ੍ਰਬੰਧ ਹੇਠ 111 ਵਿਦਿਅਕ ਅਦਾਰੇ ਚੱਲ ਰਹੇ ਹਨ। 15 ਨਵੰਬਰ 1920 ਵਿਚ ਸਥਾਪਤ ਹੋਈ ਸ਼੍ਰੋਮਣੀ ਕਮੇਟੀ ਦੇ ਸਿੱਧੇ ਪ੍ਰਬੰਧ ਹੇਠ ਅੱਜ 89 ਕਾਲਜ ਅਤੇ ਸਕੂਲ ਚੱਲ ਰਹੇ ਹਨ ਅਤੇ ਪੰਜ ਵੱਖ-ਵੱਖ ਟਰੱਸਟਾਂ ਦੇ ਨਾਂ ਹੇਠ ਲਗਪਗ 22 ਵਿਦਿਅਕ ਅਦਾਰੇ ਚਲਾਏ ਜਾ ਰਹੇ ਹਨ। ਸਿੱਖਿਆ ਦੇ ਪਸਾਰ ਲਈ ਇਕ ਡਾਇਰੈਕਟੋਰੇਟ ਆਫ ਐਜੂਕੇਸ਼ਨ ਵੀ ਸਥਾਪਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਕ ਵਿਦਿਅਕ ਕਮੇਟੀ ਬਣਾਉਣ ਸਮੇਤ ਸਮੁੱਚੇ ਕੰਮ ਦੀ ਨਿਗਰਾਨੀ ਲਈ ਐਜੂਕੇਸ਼ਨ ਸੈਕਟਰੀ ਵੀ ਨਿਯੁਕਤ ਕੀਤਾ ਗਿਆ ਹੈ। ਇਸ ਵੇਲੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠਲੇ ਕਾਲਜਾਂ ਵਿਚ ਲਗਪਗ 36 ਹਜ਼ਾਰ ਤੋਂ ਵੱਧ ਅਤੇ ਸਕੂਲਾਂ ਵਿਚ ਲਗਪਗ 25 ਹਜ਼ਾਰ ਤੋਂ ਵੱਧ ਵਿਦਿਆਰਥੀ ਸਿੱਖਿਆ ਪ੍ਰਾਪਤ ਕਰ ਰਹੇ ਹਨ। ਹਾਲ ਹੀ ਵਿਚ ਪਾਸ ਕੀਤੇ ਸਾਲਾਨਾ ਬਜਟ ਦੌਰਾਨ ਕੁੜੀਆਂ ਨੂੰ ਮੁਫ਼ਤ ਵਿਦਿਆ ਦੇਣ ਲਈ ਤਲਵੰਡੀ ਸਾਬੋ ਸਥਿਤ ਮਾਤਾ ਸਾਹਿਬ ਕੌਰ ਕੰਨਿਆ ਕਾਲਜ ਵਿਚ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਸੰਸਥਾ ਦੇ ਪ੍ਰਬੰਧ ਹੇਠ ਚੱਲ ਰਹੇ ਵਿਦਿਅਕ ਅਦਾਰਿਆਂ ਵਿਚ ਦੋ ਯੂਨੀਵਰਸਿਟੀਆਂ; ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ ਅਤੇ ਗੁਰੂ ਰਾਮਦਾਸ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਐਂਡ ਰਿਸਰਚ ਯੂਨੀਵਰਸਿਟੀ ਅੰਮ੍ਰਿਤਸਰ ਸ਼ਾਮਲ ਹਨ। ਇਕ ਮੈਡੀਕਲ ਕਾਲਜ, ਇਕ ਡੈਂਟਲ ਕਾਲਜ, ਇਕ ਨਰਸਿੰਗ ਕਾਲਜ, ਦੋ ਇੰਜਨੀਅਰਿੰਗ ਕਾਲਜ, ਦੋ ਪੋਲੀਟੈਕਨਿਕ ਕਾਲਜ ਅਤੇ ਦੋ ਬੀਐੱਡ ਕਾਲਜ ਸ਼ਾਮਲ ਹਨ। ਸੰਸਥਾ ਵੱਲੋਂ ਹਰਿਆਣਾ ਵਿਚ ਸ਼ਾਹਬਾਦ ਮਾਰਕੰਡਾ ਵਿੱਚ ਵੀ ਮੀਰੀ ਪੀਰੀ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਸਥਾਪਤ ਕੀਤਾ ਗਿਆ ਹੈ। ਇਸ ਤੋਂ ਇਲਾਵਾ 14 ਕਾਲਜ ‘ਗਰਾਂਟ ਇਨ ਏਡ’ ਵਾਲੇ ਅਤੇ 22 ਅਨਏਡਿਡ ਹਨ। ਉਨ੍ਹਾਂ ਦੱਸਿਆ ਕਿ ਉਚੇਰੀ ਸਿੱਖਿਆ ਲਈ 47 ਵਿਦਿਅਕ ਅਦਾਰੇ ਹਨ ਅਤੇ ਸਕੂਲੀ ਸਿੱਖਿਆ ਲਈ 64 ਵਿਦਿਅਕ ਅਦਾਰੇ ਚੱਲ ਰਹੇ ਹਨ। ਇਨ੍ਹਾਂ ਤੋਂ ਇਲਾਵਾ ਹਰਿਆਣਾ, ਹਿਮਾਚਲ ਅਤੇ ਯੂਪੀ ਵਿਚ ਵੀ 1-1 ਸਕੂਲ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਸਿੱਧੇ ਪ੍ਰਬੰਧ ਤੋਂ ਇਲਾਵਾ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਟਰੱਸਟ, ਗੁਰੂ ਗ੍ਰੰਥ ਸਾਹਿਬ 400 ਸਾਲਾ ਮੈਮੋਰੀਅਲ ਟਰੱਸਟ, ਬਾਬਾ ਬੰਦਾ ਸਿੰਘ ਬਹਾਦਰ ਐਜੂਕੇਸ਼ਨਲ ਟਰੱਸਟ ਅਤੇ ਨਨਕਾਣਾ ਸਾਹਿਬ ਐਜੂਕੇਸ਼ਨ ਟਰੱਸਟ ਦੇ ਪ੍ਰਬੰਧ ਹੇਠ ਵਿਦਿਅਕ ਅਦਾਰੇ ਚੱਲ ਰਹੇ ਹਨ।

Check Also

ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਅਤੇ ਉਨ੍ਹਾਂ ਦੀ ਪਤਨੀ ਅੰਮਿ੍ਤਾ ਵੜਿੰਗ ਨੇ ਮਾਤਾ ਚਿੰਤਪੁਰਨੀ ਮੰਦਰ ’ਚ ਟੇਕਿਆ ਮੱਥਾ 

ਚੰਡੀਗੜ੍ਹ/ਬਿਊਰੋ ਨਿਊਜ਼ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਹਿਮਾਚਲ …