-17.4 C
Toronto
Sunday, February 8, 2026
spot_img
Homeਪੰਜਾਬਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਦੇ ਨਿੱਜੀ ਸਹਾਇਕ ਤੇ ਸੁਰੱਖਿਆ...

ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਦੇ ਨਿੱਜੀ ਸਹਾਇਕ ਤੇ ਸੁਰੱਖਿਆ ਸਲਾਹਕਾਰਾਂ ਵੱਲੋਂ ਪ੍ਰੋ. ਬਡੂੰਗਰ ਨਾਲ ਮੁਲਾਕਾਤ

ਅੰਮ੍ਰਿਤਸਰ/ਬਿਊਰੋ ਨਿਊਜ਼ : ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਦੇ ਨਿੱਜੀ ਸਹਾਇਕ ਮਨਜੀਤ ਸਿੰਘ ਵਿਨਿੰਗ, ਸੁਰੱਖਿਆ ਸਲਾਹਕਾਰ ਕਰਨਲ ਮਾਰਕ ਬਸਾਲਟ ਤੇ ਮਾਰਕੋ ਪੋਪਿਕ ਤੋਂ ਇਲਾਵਾ ਡੇਵਿਡ ਜੈਨ ਤੇ ਕੈਨੇਡੀਅਨ ਹਾਈ ਕਮਿਸ਼ਨ ਦੇ ਅਧਿਕਾਰੀਆਂ ਨੇ ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨਾਲ ਮੁਲਾਕਾਤ ਕੀਤੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ਰਧਾ ਨਾਲ ਮੱਥਾ ਟੇਕਿਆ ਤੇ ਗੁਰਬਾਣੀ ਕੀਰਤਨ ਸਰਵਣ ਕੀਤਾ।
ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਸਿੱਖਾਂ ਨੇ ਆਪਣੀ ਮਿਹਨਤ ਤੇ ਲਿਆਕਤ ਨਾਲ ਵਿਸ਼ਵ ਪੱਧਰ ‘ਤੇ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ ਤੇ ਕੈਨੇਡਾ ਸਰਕਾਰ ਵਿਚ ਰੱਖਿਆ ਮੰਤਰਾਲੇ ਦੀ ਅਹਿਮ ਜ਼ਿੰਮੇਵਾਰੀ ਇਕ ਅੰਮ੍ਰਿਤਧਾਰੀ ਸਿੱਖ ਦੇ ਹੱਥ ਹੋਣੀ ਸਮੁੱਚੀ ਸਿੱਖ ਕੌਮ ਲਈ ਵੱਡੇ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਕੈਨੇਡਾ ਸਰਕਾਰ ਵੱਲੋਂ ਸਿੱਖਾਂ ਨੂੰ ਆਪਣੀ ਸਰਕਾਰ ਵਿਚ ਮੰਤਰੀ ਪਦ ‘ਤੇ ਸੁਸ਼ੋਭਿਤ ਕਰਨ ਦੇ ਨਾਲ-ਨਾਲ ਕਾਮਾਗਾਟਾਮਾਰੂ ਦੀ ਘਟਨਾ ਲਈ ਸੰਸਦ ਵਿਚ ਮੁਆਫੀ ਮੰਗਣੀ ਸਿੱਖ ਕੌਮ ਲਈ ਵੱਡੇ ਅਰਥ ਰੱਖਦੀ ਹੈ। ਇਸ ਨਾਲ ਸਿੱਖਾਂ ਦੇ ਦਿਲਾਂ ਵਿਚ ਕੈਨੇਡਾ ਸਰਕਾਰ ਪ੍ਰਤੀ ਸਤਿਕਾਰ ਦੀ ਭਾਵਨਾ ਹੋਰ ਵਧੀ ਹੈ। ਉਨ੍ਹਾਂ ਕਿਹਾ ਕਿ ਹਰਜੀਤ ਸਿੰਘ ਸੱਜਣ ਦੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਲਈ ਪੁੱਜਣ ‘ਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਸਮੇਂ ਪ੍ਰੋ. ਬਡੂੰਗਰ ਨੇ ਮਨਜੀਤ ਸਿੰਘ ਵਿਨਿੰਗ, ਕਰਨਲ ਮਾਰਕ ਬਸਾਲਟ ਤੇ ਮਾਰਕੋ ਪੋਪਿਕ ਤੇ ਹੋਰਨਾਂ ਨੂੰ ਧਾਰਮਿਕ ਪੁਸਤਕਾਂ ਦਾ ਸੈੱਟ ਦੇ ਕੇ ਸਨਮਾਨਿਤ ਵੀ ਕੀਤਾ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਐਡੀਸ਼ਨਲ ਸਕੱਤਰ ਸੁਖਦੇਵ ਸਿੰਘ ਭੂਰਾ ਕੋਹਨਾ, ਡਾ.ਪਰਮਜੀਤ ਸਿੰਘ ਸਰੋਆ, ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਅਧਿਕਾਰੀ ਤੇ ਹੋਰ ਹਾਜ਼ਰ ਸਨ।

RELATED ARTICLES
POPULAR POSTS