ਹਮਲਾਵਰ ਨੇ ਵੀ ਆਪਣੇ ਆਪ ਨੂੰ ਮਾਰ ਲਈ ਗੋਲੀ
ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕਾ ਦੇ ਨਿਊਯਾਰਕ ਵਿਖੇ ਮਿਡਟਾਊਨ ਮੈਨਹਟਨ ਵਿਚ ਇਕ ਦਫਤਰ ਦੀ ਇਮਾਰਤ ਵਿਚ ਹੋਈ ਗੋਲੀਬਾਰੀ ਦੌਰਾਨ ਇਕ ਪੁਲਿਸ ਅਧਿਕਾਰੀ ਸਮੇਤ ਪੰਜ ਵਿਅਕਤੀਆਂ ਦੀ ਮੌਤ ਹੋ ਗਈ। ਪੁਲਿਸ ਦੇ ਅਨੁਸਾਰ, ਹਮਲਾਵਰ ਦੀ ਪਛਾਣ ਸ਼ੇਨ ਤਾਮੁਰਾ ਵਜੋਂ ਹੋਈ ਹੈ, ਜੋ ਕਿ ਨੇਵਾਡਾ ਦਾ ਰਹਿਣ ਵਾਲਾ ਸੀ। ਘਟਨਾ ਤੋਂ ਬਾਅਦ, ਹਮਲਾਵਰ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਅਤੇ ਉਸਦੀ ਵੀ ਮੌਤ ਹੋ ਗਈ। ਮੈਨਹਟਨ ਵਿਚ ਗੋਲੀਬਾਰੀ ਕਰਨ ਵਾਲਾ ਵਿਅਕਤੀ ਸ਼ੇਨ ਤਾਮੁਰਾ ਲਾਸ ਵੇਗਾਸ ਦਾ ਰਹਿਣ ਵਾਲਾ ਸੀ ਅਤੇ ਉਸਦੀ ਉਮਰ 27 ਸਾਲ ਦੱਸੀ ਗਈ ਹੈ। ਮੀਡੀਆ ਤੋਂ ਮਿਲੀ ਜਾਣਕਾਰੀ ਮੁਤਾਬਕ ਹਮਲਾਵਰ ਫੁੱਟਬਾਲ ਦਾ ਖਿਡਾਰੀ ਰਹਿ ਚੁੱਕਾ ਹੈ। ਧਿਆਨ ਰਹੇ ਕਿ ਇਹ ਘਟਨਾ ਪਾਰਕ ਐਵੇਨਿਊ ’ਤੇ ਸਥਿਤ ਇਕ ਹਾਈ-ਪ੍ਰੋਫਾਈਲ ਦਫਤਰ ਦੀ ਇਮਾਰਤ ਵਿਚ ਸ਼ਾਮ ਦੇ ਸਮੇਂ ਵਾਪਰੀ, ਜਿੱਥੇ ਕਈ ਵੱਡੀਆਂ ਵਿੱਤੀ ਕੰਪਨੀਆਂ ਅਤੇ ਨੈਸ਼ਨਲ ਫੁੱਟਬਾਲ ਲੀਗ ਦੇ ਦਫਤਰ ਹਨ। ਗੋਲੀਬਾਰੀ ਦਾ ਇਹ ਮਾਮਲਾ ਅਮਰੀਕੀ ਸੰਸਦ ’ਚ ਵੀ ਪਹੁੰਚ ਗਿਆ ਹੈ।