ਕਿਹਾ : ਮੈਂ ਲੋਕਾਂ ਅਤੇ ਦੇਸ਼ ਦੀ ਭਲਾਈ ਲਈ ਭਾਜਪਾ ਨਾਲ ਜੁੜਿਆ
ਚੰਡੀਗੜ੍ਹ/ਬਿਊਰੋ ਨਿਊਜ਼ : ਲੋਕ ਸਭਾ ਚੋਣਾਂ ਤੋਂ ਪਹਿਲਾਂ ਅੱਜ ਹਰਿਆਣਾ ’ਚ ਕਾਂਗਰਸ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ ਜਦੋਂ ਉਲੰਪੀਅਨ ਮੱਕੇਬਾਜ਼ ਅਤੇ ਕਾਂਗਰਸੀ ਆਗੂ ਵਿਜੇਂਦਰ ਸਿੰਘ ਭਾਜਪਾ ਵਿਚ ਸ਼ਾਮਲ ਹੋ ਗਏ। ਉਨ੍ਹਾਂ ਨਵੀਂ ਦਿੱਲੀ ਸਥਿਤ ਭਾਜਪਾ ਦੇ ਮੁੱਖ ਦਫ਼ਤਰ ’ਚ ਭਾਰਤੀ ਜਨਤਾ ਪਾਰਟੀ ਦੀ ਮੈਂਬਰਸ਼ਿਪ ਹਾਸਲ ਕੀਤੀ। ਇਸ ਮੌਕੇ ਭਾਜਪਾ ਦੇ ਜਨਰਲ ਸਕੱਤਰ ਵਿਨੋਦ ਤਾਵੜੇ ਅਤੇ ਦਿੱਲੀ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਾਮਵੀਰ ਸਿੰਘ ਬਿਥੂੜੀ ਮੌਜੂਦ ਸਨ। ਭਾਜਪਾ ਵਿਚ ਸ਼ਾਮਲ ਹੋਣ ਤੋਂ ਬਾਅਦ ਉਨ੍ਹਾਂ ਕਿਹਾ ਕਿ ਮੈਂ ਦੇਸ਼ ਦੇ ਵਿਕਾਸ ਅਤੇ ਲੋਕਾਂ ਦੀ ਭਲਾਈ ਲਈ ਭਾਰਤੀ ਜਨਤਾ ਪਾਰਟੀ ਨਾਲ ਜੁੜਿਆ ਹਾਂ। ਇਸ ਤੋਂ ਪਹਿਲਾਂ ਵਿਜੇਂਦਰ ਸਿੰਘ 2019 ’ਚ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਏ ਸਨ ਅਤੇ ਕਾਂਗਰਸ ਨੇ ਉਨ੍ਹਾਂ ਨੂੰ ਸਾਊਥ ਦਿੱਲੀ ਤੋਂ ਲੋਕ ਸਭਾ ਉਮੀਦਵਾਰ ਬਣਾਇਆ ਸੀ ਪ੍ਰੰਤੂ ਉਹ ਚੋਣ ਹਾਰ ਗਏ ਸਨ। ਵਿਜੇਂਦਰ ਸਿੰਘ ਹਰਿਆਣਾ ਦੇ ਰਹਿਣ ਵਾਲੇ ਹਨ ਅਤੇ ਉਹ ਜਾਟ ਭਾਈਚਾਰੇ ਨਾਲ ਸਬੰਧ ਰੱਖਦੇ ਹਨ। ਧਿਆਨ ਰਹੇ ਕਿ ਵਿਜੇਂਦਰ ਸਿੰਘ ਨੇ 2008 ਦੀ ਬੀਜਿੰਗ ਉਲੰਪਿਕ ਦੌਰਾਨ ਕਾਂਸੀ ਦਾ ਮੈਡਲ ਅਤੇ ਏਸ਼ੀਅਨ ਖੇਡਾਂ ਦੌਰਾਨ ਗੋਲਡ ਮੈਡਲ ਜਿੱਤਿਆ ਸੀ।