Breaking News
Home / ਦੁਨੀਆ / ਅਫਗਾਨਿਸਤਾਨ ‘ਚ ਸਿੱਖ-ਹਿੰਦੂ ਘੱਟ ਗਿਣਤੀ ਭਾਈਚਾਰੇ ਦੀ ਅਬਾਦੀ ਤੇਜ਼ੀ ਨਾਲ ਘਟੀ

ਅਫਗਾਨਿਸਤਾਨ ‘ਚ ਸਿੱਖ-ਹਿੰਦੂ ਘੱਟ ਗਿਣਤੀ ਭਾਈਚਾਰੇ ਦੀ ਅਬਾਦੀ ਤੇਜ਼ੀ ਨਾਲ ਘਟੀ

ਆਬਾਦੀ ਹੁਣ ਘਟ ਕੇ ਸਿਰਫ਼ 700 ਰਹਿ ਗਈ
ਕਾਬੁਲ/ਬਿਊਰੋ ਨਿਊਜ਼ : ਅਫ਼ਗਾਨਿਸਤਾਨ ਵਿਚ ਰਹਿਣ ਵਾਲੇ ਘੱਟ ਗਿਣਤੀ ਸਿੱਖ ਤੇ ਹਿੰਦੂ ਭਾਈਚਾਰਿਆਂ ਦੀ ਆਬਾਦੀ ਤੇਜ਼ੀ ਨਾਲ ਘੱਟ ਹੋ ਰਹੀ ਹੈ। ਕਦੇ ਢਾਈ ਲੱਖ ਲੋਕਾਂ ਦੀ ਇਨ੍ਹਾਂ ਭਾਈਚਾਰਿਆਂ ਦੀ ਆਬਾਦੀ ਹੁਣ ਘਟ ਕੇ ਸਿਰਫ਼ 700 ਰਹਿ ਗਈ ਹੈ। ਅਜਿਹਾ ਖ਼ਾਸ ਤੌਰ ‘ਤੇ ਅੱਤਵਾਦੀ ਜਮਾਤ ਇਸਲਾਮਿਕ ਸਟੇਟ (ਆਈਐੱਸ) ਦੀਆਂ ਧਮਕੀਆਂ ਕਾਰਨ ਹੋ ਰਿਹਾ ਹੈ। ਲੋਕ ਆਪਣਾ ਜਨਮ ਸਥਾਨ ਛੱਡ ਕੇ ਦੇਸ਼ ਤੋਂ ਬਾਹਰ ਜਾ ਰਹੇ ਹਨ। ਅਫ਼ਗਾਨਿਸਤਾਨ ਵਿਚ ਘੱਟ ਗਿਣਤੀਆਂ ਦੀ ਹਿਜਰਤ ਪਿਛਲੇ ਕਈ ਸਾਲਾਂ ਵਿਚ ਤੇਜ਼ ਹੋਈ ਹੈ। ਇਸ ਦਾ ਮੁੱਖ ਕਾਰਨ ਮੁਸਲਿਮ ਬਹੁਲਤਾ ਵਾਲੇ ਦੇਸ਼ ਵਿਚ ਉਨ੍ਹਾਂ ਨਾਲ ਹੋਣ ਵਾਲਾ ਭੇਦਭਾਵ ਹੈ। ਘੱਟ ਗਿਣਤੀਆਂ ਖ਼ਾਸ ਤੌਰ ‘ਤੇ ਸਿੱਖਾਂ ਅਤੇ ਹਿੰਦੂਆਂ ਨੂੰ ਹਰ ਪੱਧਰ ‘ਤੇ ਭੇਦਭਾਵ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਨੂੰ ਸਰਕਾਰ ਵੱਲੋਂ ਕੋਈ ਸਹਾਇਤਾ ਨਹੀਂ ਮਿਲਦੀ।ઠ
ਹਾਲਾਤ ਤਦ ਹੋਰ ਬਦਤਰ ਹੋ ਗਏ ਜਦੋਂ ਲੰਘੇ ਕੁਝ ਸਾਲਾਂ ਵਿਚ ਉੱਥੇ ਦਹਿਸ਼ਤੀ ਜਮਾਤ ਆਈਐੱਸ ਦਾ ਪ੍ਰਭਾਵ ਵਧਿਆ। ਸੁੰਨੀ ਮੁਸਲਮਾਨਾਂ ਦੇ ਸੰਗਠਨ ਆਈਐੱਸ ਦੇ ਨਿਸ਼ਾਨੇ ‘ਤੇ ਹਰ ਥਾਂ ਗ਼ੈਰ ਮੁਸਲਿਮ ਰਹਿੰਦੇ ਹਨ। ਆਪਣਾ ਨਾਂ ਜਨਤਕ ਨਾ ਕਰਨ ਦੀ ਸ਼ਰਤ ‘ਤੇ ਸਿੱਖ ਭਾਈਚਾਰੇ ਦੇ ਮੈਂਬਰ ਨੇ ਦੱਸਿਆ ਕਿ ਜੋ ਹਾਲਾਤ ਹਨ ਉਨ੍ਹਾਂ ਵਿਚ ਅਸੀਂ ਜ਼ਿਆਦਾ ਦਿਨਾਂ ਤੱਕ ਅਫ਼ਗਾਨਿਸਤਾਨ ਵਿਚ ਨਹੀਂ ਰਹਿ ਸਕਦੇ। ਮਾਰਚ ਵਿਚ ਗੁਰਦੁਆਰੇ ‘ਤੇ ਆਈਐੱਸ ਨੇ ਹਮਲਾ ਕਰਕੇ ਜਦੋਂ 25 ਸਿੱਖ ਮਾਰੇ ਸਨ, ਉਨ੍ਹਾਂ ਵਿੱਚੋਂ ਸੱਤ ਇਸ ਵਿਅਕਤੀ ਦੇ ਰਿਸ਼ਤੇਦਾਰ ਸਨ। ਉਨ੍ਹਾਂ ਦੱਸਿਆ ਕਿ ਧਮਕੀਆਂ ਕਾਰਨ ਉਹ ਆਪਣਾ ਜਨਮ ਸਥਾਨ ਛੱਡ ਕੇ ਭਾਰਤ ਆ ਗਏ ਹਨ। ਘਰ ਵਿਚ ਇਕੱਲੀ ਮਾਂ ਰਹਿ ਗਈ ਹੈ ਜਿਸ ਦੀ ਚਿੰਤਾ ਲੱਗੀ ਰਹਿੰਦੀ ਹੈ। ਉਹ ਅਫ਼ਗਾਨਿਸਤਾਨ ਤੋਂ ਆਏ ਸਿੱਖਾਂ ਅਤੇ ਹਿੰਦੂਆਂ ਦੇ ਜੱਥੇ ਦੇ ਨਾਲ ਆਏ ਹਨ ਜੋ ਉਨ੍ਹਾਂ ਦੀ ਤਰ੍ਹਾਂ ਭੈਭੀਤ ਹਨ।
ਸਿੱਖ ਅਤੇ ਹਿੰਦੂ ਅਲੱਗ ਧਰਮਾਂ ਨੂੰ ਮੰਨਣ ਵਾਲੇ ਭਾਈਚਾਰੇ ਹਨ। ਉਨ੍ਹਾਂ ਦਾ ਪੂਜਾ ਅਸਥਾਨ ਅਤੇ ਧਰਮ ਗ੍ਰੰਥ ਅਲੱਗ ਹਨ ਪ੍ਰੰਤੂ ਅਫ਼ਗਾਨਿਸਤਾਨ ਵਿਚ ਉਹ ਆਪਣੇ ਮੰਦਰ ਅਤੇ ਗੁਰਦੁਆਰੇ ਸਾਂਝਾ ਕਰਦੇ ਹਨ। ਨਾਲ ਉੱਠਦੇ ਬੈਠਦੇ ਅਤੇ ਪੂਜਾ ਕਰਦੇ ਹਨ। ਇਕ ਦੂਜੇ ਦੇ ਦੁੱਖ-ਸੁੱਖ ਵਿਚ ਨਾਲ ਹੁੰਦੇ ਹਨ। ਚੁਣੌਤੀਪੂਰਣ ਹਾਲਾਤ ਨੇ ਉਨ੍ਹਾਂ ਵਿਚਕਾਰ ਭੇਦ ਖ਼ਤਮ ਕਰ ਦਿੱਤੇ ਹਨ। ਦਹਾਕਿਆਂ ਤੋਂ ਭੇਦਭਾਵ ਝੱਲ ਰਹੇ ਇਨ੍ਹਾਂ ਭਾਈਚਾਰਿਆਂ ਨੂੰ ਕਿਸੇ ਸਰਕਾਰ ਤੋਂ ਸਹਾਇਤਾ ਨਹੀਂ ਮਿਲਦੀ। ਕੋਈ ਵੀ ਸਰਕਾਰ ਅਤੇ ਉਨ੍ਹਾਂ ਦਾ ਸਰਕਾਰੀ ਅਮਲਾ ਇਨ੍ਹਾਂ ਘੱਟ ਗਿਣਤੀਆਂ ਦੀਆਂ ਮੁਸ਼ਕਲਾਂ ਨਹੀਂਂ ਸੁਣਦਾ। ਇਸੇ ਦਾ ਨਤੀਜਾ ਹੈ ਕਿ ਹੁਣ ਇੱਥੋਂ ਵੱਡੇ ਪੈਮਾਨੇ ‘ਤੇ ਹਿਜਰਤ ਹੋ ਰਹੀ ਹੈ।

Check Also

ਅੰਮ੍ਰਿਤਸਰ ਦੇ ਵਿਕਾਸ ਲਈ ਭਾਰਤੀ ਅਮਰੀਕੀਆਂ ਨੇ 10 ਕਰੋੜ ਡਾਲਰ ਦੇਣ ਦਾ ਐਲਾਨ ਕੀਤਾ

ਵਾਸ਼ਿੰਗਟਨ/ਬਿਊਰੋ ਨਿਊਜ਼ : ਪ੍ਰਮੁੱਖ ਭਾਰਤੀ ਅਮਰੀਕੀਆਂ ਦੇ ਸਮੂਹ ਨੇ ਅੰਮ੍ਰਿਤਸਰ ਦੇ ਸਮਾਜਿਕ-ਆਰਥਿਕ ਵਿਕਾਸ ਲਈ ‘ਸਟਾਰਟਅੱਪਸ’ …