ਬਰੈਂਪਟਨ : ਪਿਛਲੇ ਦਿਨੀਂ 6355 ਹੈਲੇ ਰੋਡ ਕੈਲੇਡੌਨ ਦੇ ਫਾਰਮ ਹਾਊਸ ਵਿਖੇ ਸਾਬਕਾ ਫੌਜੀ ਕਰਮਚਾਰੀਆਂ ਦੀ ਪਿਕਨਿਕ ਹੋਈ ਜੋ ਬੇਹੱਦ ਸਫਲ ਰਹੀ। ਕਮੇਟੀ ਦੇ ਮੈਂਬਰਾਂ ਨੇ ਇੱਕ ਹਫਤਾ ਪਹਿਲਾਂ ਹੀ ਪਿਕਨਿਕ ਸਥਾਨ ਦੀ ਸਫਾਈ ਅਰੰਭ ਕਰ ਦਿੱਤੀ ਸੀ। ਪਿਕਨਿਕ ਵਾਲੇ ਦਿਨ ਕਮੇਟੀ ਮੈਂਬਰ ਸਾਢੇ ਅੱਠ ਵਜੇ ਪਹੁੰਚ ਗਏ ਅਤੇ ਤਿਆਰੀ ਅਰੰਭ ਕਰ ਦਿੱਤੀ। ਮੈਂਬਰ, ਲੇਡੀਜ਼ ਅਤੇ ਬੱਚਿਆਂ ਨੂੰ ਮਿਲਾਕੇ ਤਕਰੀਬਨ 120 ਵਿਅਕਤੀਆਂ ਨੇ ਹਾਜਰੀ ਭਰੀ। ਧੁੱਪ ਅਤੇ ਖਰਾਬ ਮੌਸਮ ਤੋਂ ਬਚਣ ਲਈ ਟੈਂਟ ਲਗਾਏ ਗਏ। ਸਭ ਤੋਂ ਪਹਿਲਾਂ ਗੇਟ ‘ਤੇ ਭਾਰਤ ਅਤੇ ਕੈਨੇਡਾ ਦੇ ਝੰਡੇ ਲਹਿਰਾਏ ਗਏ। ਪਿਕਨਿਕ ਦੀ ਸਾਰੀ ਕਾਰਵਾਈ ਰੀਟਾਇਰਡ ਬਰਗੇਡੀਅਰ ਨਵਾਬ ਸਿੰਘ ਹੀਰ ਦੀ ਅਗਵਾਈ ਵਿੱਚ ਹੋਈ। ਸਾਰਿਆਂ ਦਾ ਕੋਲਡ ਡਰਿੰਕ ਨਾਲ ਸਵਾਗਤ ਕੀਤਾ ਗਿਆ ਅਤੇ ਇਸ ਤੋਂ ਉਪਰੰਤ ਗਰਮ ਨਾਨਵੈਜੀਟੇਰੀਅਨ ਅਤੇ ਵੈਜੀਟੇਰੀਅਨ ਨਾਸ਼ਤੇ ਦਾ ਆਨੰਦ ਮਾਣਿਆ। ਮਨੋਰੰਜਨ ਲਈ ਪੁਰਾਣੀਆਂ ਫਿਲਮਾਂ ਦੇ ਗਾਣੇ ਵਜਾਏ ਗਏ। ਇਹ ਗਾਣੇ ਸੁਣ ਕੇ ਸੀਨੀਅਰਜ਼ ਨੂੰ ਜਵਾਨੀ ਯਾਦ ਆ ਗਈ। ਬਰੈਕਫਾਸਟ ਕਰਕੇ ਪ੍ਰੋਗਰਾਮ ਅਰੰਭ ਹੋਇਆ। ਸਭ ਤੋਂ ਪਹਿਲਾਂ ਭਾਰਤ ਅਤੇ ਕੈਨੇਡਾ ਦੇ ਰਾਸ਼ਟਰੀ ਗਾਇਨ ਵਜਾਏ ਗਏ। ਜਨਰਲ ਸੈਕਟਰੀ ਕੈਪਟਨ ਰਣਜੀਤ ਸਿੰਘ ਧਾਲੀਵਾਲ ਨੇ ਸਭ ਦਾ ਸਵਾਗਤ ਕੀਤਾ ਅਤੇ ਜੀ ਆਇਆਂ ਆਖਿਆ। ਧਾਲੀਵਾਲ ਸਾਹਿਬ ਨੇ ਸਾਰੇ ਪ੍ਰੋਗਰਾਮ ਦੀ ਰੂਪ ਰੇਖਾ ਪੜ੍ਹ ਕੇ ਸੁਣਾਈ। ਇਸ ਤੋਂ ਉਪਰੰਤ ਚੇਅਰਮੈਨ ਬਰਗੇਡੀਅਰ ਨਵਾਬ ਸਿੰਘ ਹੀਰ ਨੇ ਵੀ ਸਭ ਨੂੰ ਜੀ ਆਇਆਂ ਆਖਿਆ। ਬਰਗੇਡੀਅਰ ਸਾਹਿਬ ਨੇ ਕਰਤਾਰਪੁਰ ਲਾਂਘੇ ਦਾ ਜ਼ਿਕਰ ਕੀਤਾ ਅਤੇ ਦੋਵੇਂ ਦੇਸ਼ਾਂ ਵਿੱਚ ਵਧ ਰਹੀ ਮਿੱਤਰਤਾ ‘ਤੇ ਖੁਸ਼ੀ ਪ੍ਰਗਟ ਕੀਤੀ। ਉਨ੍ਹਾਂ ਨੇ ਸਾਰੇ ਮੈਂਬਰਾਂ ਨੂੰ ਵਸੀਅਤ ਅਤੇ ਬੀਮਾ ਕਰਵਾਉਣ ਦੀ ਸਲਾਹ ਦਿੱਤੀ। ਬਰਗੇਡੀਅਰ ਸਾਹਿਬ ਨੇ ੧੯ ਜੁਲਾਈ ਨੂੰ ਬਰੈਂਪਟਨ ਵਿਖੇ ਕਰਾਫਟ ਰੂਮ ਵਿੱਚ ਹੋਏ ਇੱਕ ਪ੍ਰੋਗਰਾਮ ਦਾ ਜ਼ਿਕਰ ਕੀਤਾ ਜਿਸ ਵਿੱਚ ਕੈਨੇਡਾ ਵਿੱਚ ਰਹਿ ਰਹੇ ਹਿੰਦੂ ਤੇ ਸਿੱਖਾਂ ਵਿੱਚ ਜੋ ਪਾੜ ਵਧ ਰਿਹਾ ਹੈ ਉਸਦਾ ਜ਼ਿਕਰ ਕੀਤਾ ਅਤੇ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਨੇ ਸਾਰਿਆਂ ਨੂੰ ਪਹਿਲਾਂ ਵਾਂਗ ਮਿਲ ਜੁਲ ਕੇ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਨੇ ਦੋ ਸੀਨੀਅਰ ਆਫੀਸਰ ਮੇਜਰ ਜਨਰਲ ਐਨ.ਜੇ.ਐਸ.ਸਿੱਧੂ ਏ.ਵੀ.ਐਸ.ਐਮ.,ਵੀ.ਐਸ.ਐਮ. ਅਤੇ ਮੇਜਰ ਜਨਰਲ ਬੀ.ਪੀ.ਸਿੰਘ ਗਰੇਵਾਲ ਦਾ ਪਿਕਨਿਕ ਵਿੱਚ ਸ਼ਰੀਕ ਹੋਣ ਲਈ ਧੰਨਵਾਦ ਕੀਤਾ। ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੇ ੫੫੦ਵੇਂ ਪ੍ਰਕਾਸ਼ ਦਿਵਸ ਨੂੰ ਧਿਆਨ ਵਿੱਚ ਰਖਦੇ ਹੋਏ ਰੁੱਖ ਲਗਾਉਣ ਲਈ ਸਲਾਹ ਦਿੱਤੀ।
ਪ੍ਰਧਾਨ ਕਰਨਲ ਗੁਰਮੇਲ ਸਿੰਘ ਸੋਹੀ ਨੇ ਵੀ ਸਭ ਨੂੰ ਜੀ ਆਇਆਂ ਆਖਿਆ ਅਤੇ ਲੇਡੀਜ਼ ਨੂੰ ਤੰਬੋਲਾ ਅਰੰਭ ਕਰਨ ਲਈ ਪ੍ਰੇਰਨਾ ਕੀਤੀ ਅਤੇ ਮਾਈਕ ਕਰਨਲ ਨਰਵੰਤ ਸਿੰਘ ਸੋਹੀ ਨੂੰ ਸੌਂਪ ਦਿੱਤਾ। ਲੇਡੀਜ਼ ਅਤੇ ਬੱਚਿਆਂ ਨੇ ਤੰਬੋਲਾ ਅਤੇ ਮਿੰਨੀ ਗੌਲਫ ਦਾ ਆਨੰਦ ਮਾਣਿਆ ਅਤੇ ਜੇਤੂਆਂ ਨੂੰ ਇਨਾਮ ਵੰਡੇ ਗਏ। ਰੁੱਖਾਂ ਦੀ ਘਣੀ ਛਾਂ, ਕੋਲਡ ਡਰਿੰਕ ਅਤੇ ਠੰਡੀ ਹਵਾ ਦੇ ਬੁੱਲਿਆਂ ਨੇ ਗਰਮੀ ਮਹਿਸੂਸ ਹੀ ਨਹੀਂ ਹੋਣ ਦਿੱਤੀ। ਰੰਗ ਬਰੰਗੀਆਂ ਪਗੜੀਆਂ, ਚੁੰਨੀਆਂ ਅਤੇ ਪੁਰਾਣੇ ਗਾਣਿਆਂ ਦੇ ਮਹੌਲ ਵਿੱਚ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਅਸੀਂ ਜਗਰਾਉਂ ਦੇ ਰੌਸ਼ਨੀ ਦੇ ਮੇਲੇ ਵਿੱਚ ਘੁੰਮ ਰਹੇ ਹਾਂ। ਇੱਕ ਨੌਜਵਾਨ ਗਾਇਕਾ ਰੁਪਿੰਦਰ ਕੌਰ ਨੇ ਆਪਣੀ ਜਾਨ ਪਹਿਚਾਨ ਕਰਵਾਈ ਅਤੇ ਕੁਝ ਗਾਣੇ ਸੁਣਾਏ। ਇਸ ਤੋਂ ਉਪਰੰਤ ਮਹਿਫਲ ਨੇ ਹੋਰ ਵੀ ਰੰਗ ਫੜਿਆ ਜਦ ਇਕ ਨੌਜਵਾਨ ਗਾਇਕ ਪ੍ਰੋਫੈਸਰ ਸੁਰਿੰਦਰ ਸਿੰਘ ਹੈਪੀ ਨੇ ਕੁਝ ਗਾਣੇ ਸੁਣਾਏ। ਸਭ ਤੋਂ ਵੱਡੀ ਖੁਸ਼ੀ ਉਸ ਸਮੇਂ ਹੋਈ ਜਦ ਸੰਸਥਾ ਦੇ ਪਹਿਲੇ ਪ੍ਰਧਾਨ ਕਰਨਲ ਅਵਤਾਰ ਸਿੰਘ ਨੇ ਵੀ ਹਾਜਰੀ ਲਗਵਾਈ ਅਤੇ 1996 ਤੋਂ ਸਭਾ ਦੀਆਂ ਗਤੀ ਵਿਧਿਆਂ ਨਾਲ ਜਾਣੂ ਕਰਵਾਇਆ। ਜਨਰਲ ਸਿੱਧੂ ਨੇ ਕਰਨਲ ਅਵਤਾਰ ਸਿੰਘ ਨੂੰ ਦਸਤਾਰ ਦੇ ਕੇ ਨਿਵਾਜਿਆ। ਉਮਰ ਦੇ ਲਿਹਾਜ ਨਾਲ ਸਭ ਤੋਂ ਸੀਨੀਅਰ 104 ਸਾਲਾ ਨਾਇਬ ਸੂਬੇਦਾਰ ਗੁਰਦਿਆਲ ਸਿੰਘ ਦਾ ਵੀ ਸਭ ਨੇ ਤਾੜੀਆਂ ਮਾਰ ਕੇ ਸਵਾਗਤ ਕੀਤਾ। ਕਾਰਗਿਲ ਦੇ ਹੀਰੋ ਮੇਜਰ ਡੀ.ਪੀ.ਸਿੰਘ ਕੁਝ ਦਿਨ ਪਹਿਲਾਂ ਕੈਨੇਡਾ ਫੇਰੀ ‘ਤੇ ਆਏ ਸਨ ਅਤੇ ਪਿਕਨਿਕ ਤੋਂ ਪਹਿਲਾਂ ਵਾਪਿਸ ਚਲੇ ਗਏ। ਉਨ੍ਹਾਂ ਵੀ ਸਨਮਾਨਤ ਕਰਨ ਦਾ ਪ੍ਰੋਗਰਾਮ ਸੀ। ਟੋਰਾਂਟੋ ਵਿੱਚ ਭਾਰਤ ਦੇ ਡਿਪਟੀ ਕੌਂਸਲੇਟ ਜਨਰਲ ਡੀ.ਪੀ.ਸਿੰਘ ਅਤੇ ਜਨਾਬ ਰਮੇਸ਼ਵਰ ਸੰਘਾ ਐਮ.ਪੀ.ਵੀ ਪਹੁੰਚੇ ਸਨ। ਦੁਪਹਿਰ ਦੇ ਖਾਣੇ ਦੀਆਂ ਲਪਟਾਂ ਵੀ ਆਉਣ ਲੱਗੀਆਂ ਅਤੇ ਸਾਰਿਆਂ ਨੇ ਖਾਣੇ ਦਾ ਅਨੰਦ ਮਾਣਿਆ। ਪ੍ਰੋਗਰਾਮ ਚਾਰ ਵਜੇ ਤਕ ਚਲਦਾ ਰਿਹਾ ਅਤੇ ਸਾਰੇ ਪਰਿਵਾਰ ਹੌਲੀ ਹੌਲੀ ਘਰਾਂ ਨੂੰ ਪਰਤਣ ਲੱਗੇ। ਕੁਲ ਮਿਲਾਕੇ ਪ੍ਰੋਗਰਾਮ ਸਫਲ ਰਿਹਾ। ਇਸ ਪ੍ਰੋਗਰਾਮ ਨੂੰ ਸਫਲ ਕਰਨ ਲਈ ਕੈਪਟਨ ਰਾਜਿੰਦਰ ਸ਼ਿੰਘ, ਕੈਪਟਨ ਸੁਖਦੇਵ ਸਿੰਘ ਸੇਖੋਂ, ਸੂਬੇਦਾਰ ਮੇਜਰ ਮੋਹਨ ਸਿੰਘ ਪੰਨੂੰ ਅਤੇ J W ਅਰਜਨ ਸਿੰਘ ਕੈਂਥ ਨੇ ਵੀ ਯੋਗਦਾਨ ਪਾਇਆ। ਲੈ.ਕ.ਨਰਵੰਤ ਸਿੰਘ ਸੋਹੀ 905-741-2666.
Check Also
ਸਮੂਹ ਕੈਨੇਡਾ-ਵਾਸੀਆਂ ਦੀਆਂ ਜੇਬਾਂ ‘ ਚ ਡਾਲਰ ਪਾਉਣ ਲਈ ਸਰਕਾਰ ਨੇ ਦਿੱਤੀਆਂ ਟੈਕਸ ਰਿਆਇਤਾਂ : ਸੋਨੀਆ ਸਿੱਧੂ
ਬਰੈਂਪਟਨ : ਪਿਛਲੇ ਕੁਝ ਸਾਲ ਲੋਕਾਂ ਲਈ ਚੁਣੌਤੀਆਂ ਭਰਪੂਰ ਰਹੇ ਹਨ ਅਤੇ ਇੰਜ ਲੱਗਦਾ ਹੈ, …