ਸੋਸ਼ਲ ਮੀਡੀਆ ਦੀ ਦੁਰਵਰਤੋਂ ਕਰਨ ਵਾਲੇ ਜਵਾਨਾਂ ਨੂੰ ਹੋ ਸਕਦੀ ਹੈ ਸਜ਼ਾ
ਨਵੀਂ ਦਿੱਲੀ : ਥਲ ਸੈਨਾ ਮੁਖੀ ਜਨਰਲ ਬਿਪਿਨ ਰਾਵਤ ਨੇ ਕਿਹਾ ਕਿ ਆਪਣੀਆਂ ਸ਼ਿਕਾਇਤਾਂ ਦੱਸਣ ਲਈ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਵਾਲੇ ਜਵਾਨਾਂ ਨੂੰ ਸਜ਼ਾ ਦਿੱਤੀ ਜਾ ਸਕਦੀ ਹੈ ਕਿਉਂਕਿ ਉਨ੍ਹਾਂ ਦੇ ਕਾਰੇ ਨਾਲ ਦੇਸ਼ ਦੀਆਂ ਸਰਹੱਦਾਂ ਦੀ ਰੱਖਿਆ ਕਰਨ ਵਾਲਿਆਂ ਦਾ ਮਨੋਬਲ ਡਿੱਗਦਾ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ”ਪਾਕਿਸਤਾਨ ਵੱਲੋਂ ਭਾਰਤ ਵਿਰੁੱਧ ਲਗਾਤਾਰ ਅਸਿੱਧੀ ਜੰਗ ਜਾਰੀ ਰੱਖਣ ਦੇ ਬਾਵਜੂਦ ਅਸੀਂ ਕੰਟਰੋਲ ਰੇਖਾ ਉਤੇ ਸ਼ਾਂਤੀ ਬਰਕਰਾਰ ਰੱਖਣਾ ਚਾਹੁੰਦੇ ਹਾਂ ਪਰ ਗੋਲੀਬੰਦੀ ਦੀ ਉਲੰਘਣਾ ਦੀ ਕਿਸੇ ਵੀ ਘਟਨਾ ਦਾ ਅਸੀਂ ਢੁੱਕਵਾਂ ਜਵਾਬ ਦੇਣ ਤੋਂ ਵੀ ਨਹੀਂ ਝਿਜਕਾਂਗੇ।” ਥਲ ਸੈਨਾ ਮੁਖੀ ‘ਆਰਮੀ ਡੇਅ’ ਜਸ਼ਨਾਂ ਦੌਰਾਨ ਸੰਬੋਧਨ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਡਿਊਟੀ ਦੌਰਾਨ ਆਸਾਧਾਰਨ ਸਾਹਸ ਦਿਖਾਉਣ ਵਾਲੇ ਸੈਨਿਕਾਂ ਨੂੰ ਬਹਾਦਰੀ ਐਵਾਰਡ ਵੀ ਦਿੱਤੇ। ਉਨ੍ਹਾਂ ਕਿਹਾ ਕਿ ਜੇ ਕਿਸੇ ਜਵਾਨ ਨੂੰ ਕੋਈ ਸ਼ਿਕਾਇਤ ਹੈ ਤਾਂ ਉਸ ਦੀ ਸ਼ਿਕਾਇਤ ਦੂਰ ਕਰਨ ਅਤੇ ਤਵਾਜ਼ਨ ਬਰਕਰਾਰ ਰੱਖਣ ਲਈ ਢੁਕਵੀਂ ਫੋਰਮ ਮੌਜੂਦ ਹੈ। ਜੇ ਜਵਾਨ ਫਿਰ ਵੀ ਸੰਤੁਸ਼ਟ ਨਹੀਂ ਤਾਂ ਉਹ ਸਿੱਧੇ ਉਨ੍ਹਾਂ (ਥਲ ਸੈਨਾ ਮੁਖੀ) ਨਾਲ ਸੰਪਰਕ ਕਰ ਸਕਦੇ ਹਨ। ਆਪਣੀਆਂ ਸ਼ਿਕਾਇਤਾਂ ਦੱਸਣ ਲਈ ਜਵਾਨਾਂ ਵੱਲੋਂ ਸੋਸ਼ਲ ਮੀਡੀਆ ਦਾ ਸਹਾਰਾ ਲੈਣ ਦੀਆਂ ਘਟਨਾਵਾਂ ਦਾ ਜ਼ਿਕਰ ਕਰਦਿਆਂ ਜਨਰਲ ਰਾਵਤ ਨੇ ਕਿਹਾ ઠ”ਤੁਸੀਂ ਜੋ ਕਾਰਵਾਈ ਕੀਤੀ, ਉਸ ਲਈ ਤੁਸੀਂ ਦੋਸ਼ੀ ਹੋ ਅਤੇ ਸਜ਼ਾ ਦੇ ਹੱਕਦਾਰ ਹੋ ਸਕਦੇ ਹੋ।” ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਉਤੇ ਸ਼ਿਕਾਇਤਾਂ ਦੱਸਣ ਨਾਲ ਸਰਹੱਦ ਉਤੇ ਦੇਸ਼ ਦੀ ਸੇਵਾ ਕਰ ਰਹੇ ਬਹਾਦਰ ਜਵਾਨਾਂ ‘ਤੇ ਨਾਂਹਪੱਖੀ ਪ੍ਰਭਾਵ ਪਿਆ ਹੈ।