6.2 C
Toronto
Thursday, November 13, 2025
spot_img
Homeਭਾਰਤਕਰਨਾਟਕ ਦੇ ਮੁੱਖ ਮੰਤਰੀ ਵਜੋਂ ਕੁਮਾਰਸਵਾਮੀ ਨੇ ਚੁੱਕੀ ਸਹੁੰ

ਕਰਨਾਟਕ ਦੇ ਮੁੱਖ ਮੰਤਰੀ ਵਜੋਂ ਕੁਮਾਰਸਵਾਮੀ ਨੇ ਚੁੱਕੀ ਸਹੁੰ

ਸ਼ੁੱਕਰਵਾਰ ਨੂੰ ਕਰਨਾ ਪਵੇਗਾ ਬਹੁਮਤ ਸਾਬਤ, ਫਿਰ ਬਣਾਏ ਜਾਣਗੇ ਮੰਤਰੀ
ਬੰਗਲੌਰ/ਬਿਊਰੋ ਨਿਊਜ਼
ਜਨਤਾ ਦਲ (ਐਸ) ਅਤੇ ਕਾਂਗਰਸ ਗੱਠਜੋੜ ਸਰਕਾਰ ਦੇ ਮੁਖੀ ਐਚਡੀ ਕੁਮਾਰਸਵਾਮੀ ਨੇ ਬੁੱਧਵਾਰ ਨੂੰ ਕਰਨਾਟਕ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਬੰਗਲੌਰ ਵਿੱਚ ਹੋਏ ਇਸ ਸਹੁੰ ਚੁੱਕ ਸਮਾਗਮ ਵਿੱਚ ਰਾਜਪਾਲ ਵਜੂਭਾਈ ਵਾਲਾ ਨੇ ਕੁਮਾਰਸਵਾਮੀ ਨੂੰ ਸਹੁੰ ਚੁਕਾਈ। ਰਾਜਪਾਲ ਨੇ ਕਾਂਗਰਸ ਦੇ ਸੂਬਾ ਪ੍ਰਧਾਨ ਜੀ ਪਰਮੇਸ਼ਵਰ ਨੂੰ ਡਿਪਟੀ ਮੁੱਖ ਮੰਤਰੀ ਵਜੋਂ ਸਹੁੰ ਚੁਕਾਈ। ਬਾਕੀ ਮੰਤਰੀਆਂ ਨੂੰ ਕੁਮਾਰਸਵਾਮੀ ਸਰਕਾਰ ਦੇ 25 ਮਈ ਸ਼ੁੱਕਰਵਾਰ ਨੂੰ ਬਹੁਮਤ ਸਾਬਤ ਹੋਣ ਤੋਂ ਬਾਅਦ ਸਹੁੰ ਚੁਕਾਈ ਜਾਵੇਗੀ। ਇਸ ਮੌਕੇ ਕੁਮਾਰਸਵਾਮੀ ਨੇ ਕਿਹਾ ਉਹ ਗੱਠਜੋੜ ਦੀਆਂ ਸੀਮਾਵਾਂ ਦਾ ਪਾਲਣ ਕਰਨਗੇ ਅਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਣਗੇ।
ਇਸ ਸਹੁੰ ਚੁੱਕ ਸਮਾਗਮ ਵਿੱਚ ਭਾਰਤ ਦੀਆਂ ਵੱਖ-ਵੱਖ ਸਿਆਸੀ ਪਾਰਟੀਆਂ ਦੇ ਸਿਖਰਲੇ ਆਗੂ ਜਿਵੇਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਯੂਪੀਏ ਦੀ ਚੇਅਰਪਰਸਨ ਸੋਨੀਆ ਗਾਂਧੀ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਐਨ. ਚੰਦਰਬਾਬੂ ਨਾਇਡੂ, ਪਿਨਾਰਈ ਵਿਜੇਅਨ, ਤੇਜਸਵੀ ਯਾਦਵ, ਕੁਮਾਰੀ ਮਾਇਆਵਤੀ, ਅਖ਼ਿਲੇਸ਼ ਯਾਦਵ, ਸ਼ਰਦ ਯਾਦਵ, ਸੀਤਾਰਾਮ ਯੇਚੁਰੀ ਅਤੇ ਸ਼ਰਦ ਯਾਦਵ ਸਮੇਤ ਹੋਰ ਹਾਜ਼ਰ ਸਨ। ਭਾਜਪਾ ਨੇ ਇਸ ਸਹੁੰ ਚੁੱਕ ਸਮਾਗਮ ਦਾ ਬਾਈਕਾਟ ਕੀਤਾ। ਭਾਜਪਾ ਦੀ ਸੂਬਾਈ ਇਕਾਈ ਨੇ ਗੱਠਜੋੜ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਤੇ ਦੋਵਾਂ ਪਾਰਟੀਆਂ ਨੂੰ ਮੌਕਾਪ੍ਰਸਤ ਕਹਿ ਕੇ ਕੋਸਿਆ।
ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਬਾਅਦ ਕੁਮਾਰਸਵਾਮੀ ਨੇ ਕਿਹਾ ਕਿ ਉਨ੍ਹਾਂ ਦੀ ਭਾਈਵਾਲ ਪਾਰਟੀ ਦੇ ਆਪਣੇ ਮੁੱਦੇ ਹਨ ਅਤੇ ਉਨ੍ਹਾਂ ਆਪਣੇ ਮੈਨੀਫੈਸਟੋ ਵਿੱਚ ਵੱਖਰੇ ਵਾਅਦੇ ਕੀਤੇ ਹਨ ਤੇ ਹੁਣ ਉਹ ਭਾਈਵਾਲ ਪਾਰਟੀ ਨੂੰ ਨਾਲ ਲੈ ਕੇ ਦੋਵਾਂ ਪਾਰਟੀਆਂ ਦੇ ਮੈਨੀਫੈਸਟੋ ਅਨੁਸਾਰ ਕੀਤੇ ਵਾਅਦੇ ਪੂਰੇ ਕਰਨਗੇ।
ਉਨ੍ਹਾਂ ਦੁਹਰਾਇਆ ਕਿ ਸੂਬੇ ਦੀ ਵਿੱਤੀ ਹਾਲਤ ਤੰਦਰੁਸਤ ਹੋਣ ਮਗਰੋਂ ਖੇਤੀ ਕਰਜ਼ੇ ਮੁਆਫ਼ ਕਰਨਗੇ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਉਹ ਉਨ੍ਹਾਂ ਵਿੱਚ ਵਿਸ਼ਵਾਸ ਰੱਖਣ ਉਹ ਮੁੱਖ ਮੰਤਰੀ ਵਜੋਂ ਨਹੀਂ ਬਲਕਿ ਲੋਕਾਂ ਦਾ ਨੌਕਰ ਬਣ ਕੇ ਕੰਮ ਕਰਨਗੇ।ਉਨ੍ਹਾਂ ਕਿਹਾ ਕਿ ਉਹ ਇਕ ਭਾਈਚਾਰੇ ਨਾਲ ਸਬੰਧਤ ਨਹੀਂ ਬਲਕਿ ਸੂਬੇ ਦੀ 6.5 ਕਰੋੜ ਦੀ ਅਬਾਦੀ ਨਾਲ ਸਬੰਧਤ ਹਨ।
ਪ੍ਰਧਾਨ ਮੰਤਰੀ ਨੇ ਕੁਮਾਰਸਵਾਮੀ ਨੂੰ ਦਿੱਤੀ ਵਧਾਈ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਰਨਾਟਕ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ‘ਤੇ ਐਚਡੀ ਕੁਮਾਰਸਵਾਮੀ ਨੂੰ ਵਧਾਈ ਦਿੱਤੀ ਤੇ ਇਸ ਨਵੀਂ ਜ਼ਿੰਮੇਵਾਰੀ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ।

RELATED ARTICLES
POPULAR POSTS