
ਜਾਂਚ ਏਜੰਸੀ ਆਰੋਪੀਆਂ ਖਿਲਾਫ਼ ਸਾਬਿਤ ਨਹੀਂ ਕਰ ਸਕੀਆਂ ਆਰੋਪ
ਮੁੰਬਈ/ਬਿਊਰੋ ਨਿਊਜ਼ : ਮਹਾਰਾਸ਼ਟਰ ਦੇ ਮਾਲੇਗਾਓਂ ਬੰਬ ਧਮਾਕਾ ਮਾਮਲੇ ’ਚ ਐਨਆਈਏ ਦੀ ਸਪੈਸ਼ਲ ਅਦਾਲਤ ਨੇ ਸਾਧਵੀ ਪ੍ਰਗਿਆ ਸਮੇਤ ਸਾਰੇ ਸੱਤ ਆਰੋਪੀਆਂ ਨੂੰ ਬਰੀ ਕਰ ਦਿੱਤਾ ਹੈ। ਇਨ੍ਹਾਂ ਸੱਤ ਆਰੋਪੀਆਂ ’ਚ ਭਾਜਪਾ ਦੀ ਸਾਬਕਾ ਸੰਸਦ ਮੈਂਬਰ ਸਾਧਵੀ ਪ੍ਰਗਿਆ ਠਾਕੁਰ, ਕਰਨਲ ਪ੍ਰਸਾਦ ਪੁਰੋਹਿਤ, ਰਮੇਸ਼ ਉਪਾਧਿਆਏ, ਅਜੇ ਰਾਹਿਰਕਰ, ਸੁਧਾਕਰ ਚਤੁਰਵੇਦੀ, ਸਮੀਰ ਕੁਲਕਰਨੀ ਅਤੇ ਸੁਧਾਕਰ ਧਰ ਦਿਵੇਦੀ ਸ਼ਾਮਲ ਸਨ। ਜ਼ਿਕਰਯੋਗ ਹੈ ਕਿ ਮਹਾਰਾਸ਼ਟਰ ਦੇ ਮਾਲੇਗਾਓਂ ’ਚ 29 ਸਤੰਬਰ 2008 ਨੂੰ ਬੰਬ ਧਮਾਕਾ ਹੋਇਆ ਸੀ ਅਤੇ ਇਸ ਧਮਾਕੇ ਦੌਰਾਨ 6 ਵਿਅਕਤੀਆਂ ਦੀ ਜਾਨ ਚਲੀ ਗਈ ਸੀ ਜਦਕਿ 100 ਦੇ ਕਰੀਬ ਵਿਅਕਤੀ ਗੰਭੀਰ ਜ਼ਖਮੀ ਹੋ ਗਏ ਸਨ। 17 ਸਾਲ ਬਾਅਦ ਸੁਣਾਏ ਗਏ ਫੈਸਲੇ ਦੌਰਾਨ ਜੱਜ ਏ ਕੇ ਲਾਹੋਟੀ ਨੇ ਕਿਹਾ ਕਿ ਜਾਂਚ ਏਜੰਸੀਆਂ ਆਰੋਪੀਆਂ ਖਿਲਾਫ਼ ਆਰੋਪ ਸਾਬਤ ਨਹੀਂ ਕਰ ਸਕੀਆਂ। ਜੱਜ ਨੇ ਕਿਹਾ ਕਿ ਬੰਬ ਧਮਾਕਾ ਹੋਇਆ ਪਰ ਇਹ ਸਾਬਤ ਨਹੀਂ ਹੋ ਸਕਿਆ ਇਹ ਬੰਬ ਮੋਟਰ ਸਾਈਕਲ ’ਚ ਰੱਖਿਆ ਗਿਆ ਸੀ। ਜਾਂਚ ਦੌਰਾਨ ਇਹ ਵੀ ਸਾਬਤ ਨਹੀਂ ਹੋਇਆ ਕਿ ਧਮਾਕੇ ਵਾਲਾ ਮੋਟਰ ਸਾਈਕਲ ਸਾਧਵੀ ਪ੍ਰਗਿਆ ਦੇ ਨਾਮ ਸੀ। ਜਾਂਚ ਏਜੰਸੀਆਂ ਇਹ ਵੀ ਸਾਬਤ ਨਹੀਂ ਕਰ ਸਕੀਆਂ ਕਿ ਬੰਬ ਕਰਨਲ ਪ੍ਰਸਾਦ ਪੁਰੋਹਿਤ ਵੱਲੋਂ ਬਣਾਇਆ ਗਿਆ ਸੀ।

