Breaking News
Home / ਭਾਰਤ / ਰਾਸ਼ਟਰਪਤੀ ਵਲੋਂ ਡਾ. ਗੁਰਨਾਮ ਸਿੰਘ ਤੇ ਸਰਵਜੀਤ ਕੌਰ ਦਾ ਸੰਗੀਤ ਨਾਟਕ ਅਕਾਦਮੀ ਐਵਾਰਡ ਨਾਲ ਸਨਮਾਨ

ਰਾਸ਼ਟਰਪਤੀ ਵਲੋਂ ਡਾ. ਗੁਰਨਾਮ ਸਿੰਘ ਤੇ ਸਰਵਜੀਤ ਕੌਰ ਦਾ ਸੰਗੀਤ ਨਾਟਕ ਅਕਾਦਮੀ ਐਵਾਰਡ ਨਾਲ ਸਨਮਾਨ

ਨਵੀਂ ਦਿੱਲੀ/ਬਿਊਰੋ ਨਿਊਜ਼: ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵਲੋਂ ਬੁੱਧਵਾਰ ਨੂੰ ਡਾ. ਗੁਰਨਾਮ ਸਿੰਘ ਨੂੰ ਗੁਰਮਤਿ ਸੰਗੀਤ ਦੇ ਖੇਤਰ ਵਿਚ ਪਾਏ ਵੱਡਮੁੱਲੇ ਯੋਗਦਾਨ ਲਈ ਅਤੇ ਪੰਜਾਬੀ ਲੋਕ ਗਾਇਕਾ ਸਰਵਜੀਤ ਕੌਰ ਨੂੰ ਸੰਗੀਤ ਨਾਟਕ ਅਕਾਦਮੀ ਪੁਰਸਕਾਰ ਪ੍ਰਦਾਨ ਕੀਤਾ ਗਿਆ। ਰਾਸ਼ਟਰਪਤੀ ਭਵਨ ਵਿਖੇ ਕਰਵਾਏ ਸਮਾਗਮ ਦੌਰਾਨ ਸਾਲ 2017 ਲਈ 42 ਕਲਾਕਾਰਾਂ ਨੂੰ ਸੰਗੀਤ ਨਾਟਕ ਅਕਾਦਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਗੁਰਮਤਿ ਸੰਗੀਤ ਵਿਚ ਕੀਤੀਆਂ ਇਤਿਹਾਸਕ ਪ੍ਰਾਪਤੀਆਂ ਲਈ ਡਾ. ਗੁਰਨਾਮ ਸਿੰਘ ਨੂੰ ਮਿਲੇ ਐਵਾਰਡ ਨਾਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਨਾਂ ਕੌਮੀ-ਕੌਮਾਂਤਰੀ ਪੱਧਰ ‘ਤੇ ਚਮਕਿਆ ਹੈ। ਡਾ.ਗੁਰਨਾਮ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਦੇ ਸੰਪੂਰਨ ਰਾਗਾਂ ਉੱਤੇ ਕਈ ਵਰ੍ਹਿਆਂ ਦੀ ਨਿਰੰਤਰ ਖੋਜ ਕਰਕੇ ਸ਼ਬਦ ਕੀਰਤਨ ਰਚਨਾਵਾਂ ਬਣਾਈਆਂ ਅਤੇ ਵਿਸ਼ਵ ਵਿੱਚ ਪਹਿਲੀ ਵਾਰ ਇਨ੍ਹਾਂ ਰਚਨਾਵਾਂ ਨੂੰ ਸੁਰ-ਲਿੱਪੀਬੱਧ ਕਰਕੇ ਇਨ੍ਹਾਂ ਦੀਆਂ ਰਿਕਾਰਡਿੰਗਜ਼ ਕਰਵਾਈਆਂ। ਡਾ. ਗੁਰਨਾਮ ਸਿੰਘ ਵਲੋਂ ਗੁਰਮਤਿ ਸੰਗੀਤ ਨੂੰ ਅਕਾਦਮਿਕ ਵਿਸ਼ੇ ਵਜੋਂ ਆਪਣੀ ਖੋਜ, ਅਧਿਐਨ, ਅਧਿਆਪਨ ਨਾਲ ਵਿਕਸਿਤ ਕਰਦਿਆਂ ਵਿਸ਼ਵ ਭਰ ਦੀਆਂ ਯੂਨੀਵਰਸਿਟੀਆਂ ‘ਤੇ ਅਦਾਰਿਆਂ ਵਿਚ ਲਾਗੂ ਕਰਵਾਇਆਂ। ਸ੍ਰੀ ਦਰਬਾਰ ਸਾਹਿਬ ਵਿਚ ਰਾਗ ਅਤੇ ਤੰਤੀ ਸਾਜ਼ ਪ੍ਰੰਪਰਾ ਦੀ ਪੁਨਰ ਸੁਰਜੀਤੀ ਵਿਚ ਉਨ੍ਹਾਂ ਦਾ ਮਹੱਤਵਪੂਰਨ ਰੋਲ ਹੈ। ਉਨ੍ਹਾਂ ਸੰਗੀਤ ਅਤੇ ਗੁਰਮਤਿ ਸੰਗੀਤ ਦੇ ਖੇਤਰ ਵਿਚ ਡਿਕਸ਼ਨਰੀਆਂ ਤੋਂ ਇਲਾਵਾ 18 ਪੁਸਤਕਾਂ, 123 ਖੋਜ ਪੱਤਰ ਅਤੇ 200 ਤੋਂ ਵੱਧ ਖੋਜ ਲੇਖ ਲਿਖੇ ਹਨ। ਉਹ ਪਿਛਲੇ ਤਿੰਨ ਦਹਾਕਿਆਂ ਤੋਂ ਵੱਧ ਸਮਾਂ ਪੰਜਾਬ ਦੀਆਂ ਵੱਖ ਵੱਖ ਯੂਨੀਵਰਸਿਟੀਆਂ ਵਿਚ ਬਤੌਰ ਪ੍ਰੋਫੈਸਰ ਕਾਰਜਸ਼ੀਲ ਰਹੇ ਹਨ।ਪੰਜਾਬ ਸਰਕਾਰ ਵਲੋਂ ਡਾ. ਗੁਰਨਾਮ ਸਿੰਘ ਨੂੰ ਸ਼੍ਰੋਮਣੀ ਰਾਗੀ ਐਵਾਰਡ, ਸੰਗੀਤ ਨਾਟਕ ਅਕੈਡਮੀ ਵਲੋਂ ਸੀਨੀਅਰ ਫੈਲੋਸ਼ਿਪ, ਪੰਜਾਬ ਸਰਕਾਰ ਵਲੋਂ ਸਟੇਟ ਐਵਾਰਡ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ਼੍ਰੋਮਣੀ ਰਾਗੀ ਐਵਾਰਡ ਸਣੇ ਕਈ ਹੋਰ ਮਾਣ ਸਨਮਾਨ ਮਿਲ ਚੁੱਕੇ ਹਨ।

Check Also

ਮੁੰਬਈ ’ਚ ਹਨ੍ਹੇਰੀ ਕਾਰਨ ਡਿੱਗਿਆ ਹੋਰਡਿੰਗ; 14 ਮੌਤਾਂ

ਪੈਟਰੋਲ ਪੰਪ ’ਤੇ ਡਿੱਗ ਗਿਆ ਸੀ  ਇਹ ਹੋਰਡਿੰਗ ਮੁੰਬਈ/ਬਿਊਰੋ ਨਿਊਜ਼ ਮੁੰਬਈ ਵਿਚ ਲੰਘੇ ਕੱਲ੍ਹ ਸੋਮਵਾਰ …