ਪੰਜ ਮੰਤਰੀਆਂ ਤੇ ਕੁਝ ਵਿਧਾਇਕਾਂ ਨੇ ਸੋਨੀਆ ਗਾਂਧੀ ਨੂੰ ਲਿਖੀ ਚਿੱਠੀ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਕਾਂਗਰਸ ’ਚ ਪੈਦਾ ਹੋਇਆ ਕਲੇਸ਼ ਖਤਮ ਹੁੰਦਾ ਨਜ਼ਰ ਨਹੀਂ ਆ ਰਿਹਾ। ਨਵਜੋਤ ਸਿੱਧੂ ਦੇ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਤੋਂ ਬਾਅਦ ਪਾਰਟੀ ’ਚ ਧੜੇਬੰਦੀ ਹੋਰ ਵਧਣ ਲੱਗੀ ਹੈ। ਸੋਨੀਆ ਗਾਂਧੀ ਅਤੇ ਕੈਪਟਨ ਅਮਰਿੰਦਰ ਸਿੰਘ ਦਰਮਿਆਨ ਹੋਣ ਵਾਲੀ ਮੀਟਿੰਗ ਤੋਂ ਪਹਿਲਾਂ ਪੰਜਾਬ ਦੇ ਪੰਜ ਮੰਤਰੀਆਂ ਤੇ ਕੁਝ ਵਿਧਾਇਕਾਂ ਨੇ ਸੋਨੀਆ ਗਾਂਧੀ ਨੂੰ ਇਕ ਚਿੱਠੀ ਲਿਖੀ ਹੈ। ਇਸ ਚਿੱਠੀ ਰਾਹੀਂ ਮੰਤਰੀਆਂ ਅਤੇ ਵਿਧਾਇਕਾਂ ਨੇ ਮਿਲਣ ਲਈ ਸੋਨੀਆ ਗਾਂਧੀ ਤੋਂ ਸਮਾਂ ਮੰਗਿਆ ਹੈ। ਇਸ ਦੇ ਨਾਲ ਉਨ੍ਹਾਂ ਚਿੱਠੀ ਵਿਚ ਆਪਣੀ ਹੀ ਸਰਕਾਰ ਨੂੰ ਨਿਸ਼ਾਨੇ ’ਤੇ ਵੀ ਲਿਆ ਹੈ।
ਸੋਨੀਆ ਗਾਂਧੀ ਨੂੰ ਲਿਖੀ ਚਿੱਠੀ ’ਤੇ ਪੰਜਾਬ ਦੇ ਪੰਜ ਕੈਬਨਿਟ ਮੰਤਰੀਆਂ ਦੇ ਦਸਤਖਤ ਵੀ ਕੀਤੇ ਹੋਏ ਹਨ। ਇਨ੍ਹਾਂ ’ਚ ਤਿ੍ਰਪਤ ਰਜਿੰਦਰ ਸਿੰਘ ਬਾਜਵਾ, ਸੁਖਬਿੰਦਰ ਸਿੰਘ ਸਰਕਾਰੀਆ, ਸੁਖਜਿੰਦਰ ਸਿੰਘ ਰੰਧਾਵਾ, ਚਰਨਜੀਤ ਸਿੰਘ ਚੰਨੀ ਤੇ ਰਜੀਆ ਸੁਲਤਾਨਾ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਕਾਂਗਰਸੀ ਵਿਧਾਇਕਾਂ ’ਚ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਸੰਗਤ ਸਿੰਘ ਗਿਲਜੀਆਂ, ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਕੁਸ਼ਲਦੀਪ ਸਿੰਘ ਢਿੱਲੋਂ ਦੇ ਵੀ ਦਸਤਖ਼ਤ ਕੀਤੇ ਹੋਏ ਹਨ।
ਚਿੱਠੀ ’ਚ ਮੰਤਰੀਆਂ ਤੇ ਵਿਧਾਇਕਾਂ ਨੇ ਕੈਪਟਨ ਅਮਰਿੰਦਰ ਸਿੰਘ ਖਿਲਾਫ਼ ਹਾਈ ਕਮਾਂਡ ਨੂੰ ਸ਼ਿਕਾਇਤ ਵੀ ਕੀਤੀ ਹੈ। ਉਨ੍ਹਾਂ ਲਿਖਿਆ ਹੈ ਕਿ ਹਾਈ ਕਮਾਂਡ ਵੱਲੋਂ ਦਿੱਤੇ ਗਏ 18 ਨੁਕਾਤੀ ਪ੍ਰੋਗਰਾਮ ’ਤੇ ਕੈਪਟਨ ਅਮਰਿੰਦਰ ਸਿੰਘ ਬਿਲਕੁਲ ਵੀ ਕੰਮ ਨਹੀਂ ਕਰ ਰਹੇ। ਪ੍ਰਾਪਤ ਹੋਈ ਜਾਣਕਾਰੀ ’ਚ ਇਹ ਵੀ ਪਤਾ ਲੱਗਿਆ ਹੈ ਕਿ ਇਸ ਚਿੱਠੀ ’ਤੇ 50 ਵਿਧਾਇਕਾਂ ਦੇ ਦਸਤਖ਼ਤ ਕਰਵਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਪ੍ਰੰਤੂ ਸਾਰੇ ਵਿਧਾਇਕਾਂ ਦੇ ਚੰਡੀਗੜ੍ਹ ’ਚ ਮੌਜੂਦ ਨਾ ਹੋਣ ਕਰਕੇ ਅਜਿਹਾ ਸੰਭਵ ਨਹੀਂ ਹੋ ਸਕਿਆ।
Check Also
ਮੁੱਖ ਮੰਤਰੀ ਭਗਵੰਤ ਮਾਨ ਨੇ ਮੰਚ ਤੋਂ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਕੀਤੀ ਤਾਰੀਫ਼
ਕਿਹਾ : ਰਾਜਪਾਲ ਦੇ ਚੰਗੇ ਤਜ਼ਰਬੇ ਦਾ ਸਾਡੀ ਸਰਕਾਰ ਨੂੰ ਮਿਲ ਰਿਹਾ ਹੈ ਫਾਇਦਾ ਚੰਡੀਗੜ੍ਹ/ਬਿਊਰੋ …