Breaking News
Home / ਹਫ਼ਤਾਵਾਰੀ ਫੇਰੀ / ਦੁਖਾਂਤ : ਮਾਈਨਿੰਗ ਮਾਫੀਆ ਨੇ ਉਲੰਘੀਆਂ ਸਾਰੀਆਂ ਹੱਦਾਂ, ਲੋਕ ਆਪਣੇ ਸਗੇ-ਸਬੰਧੀਆਂ ਦੇ ਫੁੱਲ ਚੁਗਣ ਦੀ ਰਸਮ ਤੋਂ ਵੀ ਹੋ ਰਹੇ ਨੇ ਵਾਂਝੇ

ਦੁਖਾਂਤ : ਮਾਈਨਿੰਗ ਮਾਫੀਆ ਨੇ ਉਲੰਘੀਆਂ ਸਾਰੀਆਂ ਹੱਦਾਂ, ਲੋਕ ਆਪਣੇ ਸਗੇ-ਸਬੰਧੀਆਂ ਦੇ ਫੁੱਲ ਚੁਗਣ ਦੀ ਰਸਮ ਤੋਂ ਵੀ ਹੋ ਰਹੇ ਨੇ ਵਾਂਝੇ

ਸ਼ਮਸ਼ਾਨਘਾਟ ‘ਚ ਬਲਦੀਆਂ ਚਿਖਾਵਾਂ ‘ਤੇ ਵੀ ਚਲਾਇਆ ਪੰਜਾ
ਚੰਡੀਗੜ੍ਹ : ਨਦੀਆਂ, ਪਹਾੜਾਂ ਦੀ ਹਿੱਕ ਚੀਰਨ ਤੋਂ ਬਾਅਦ ਮਾਈਨਿੰਗ ਮਾਫੀਆ ਦਾ ਗੈਰ ਕਾਨੂੰਨੀ ਪੀਲਾ ਪੰਜਾ ਸ਼ਮਸ਼ਾਨ ਘਾਟਾਂ ‘ਤੇ ਵੀ ਚੱਲਣ ਲੱਗ ਪਿਆ ਹੈ। ਇਹ ਮਾਫੀਆ ਏਨਾ ਲਾਪਰਵਾਹ ਹੋ ਗਿਆ ਹੈ ਕਿ ਚਿਖਾ ਅਜੇ ਠੰਡੀ ਵੀ ਨਹੀਂ ਹੁੰਦੀ ਕਿ ਮਾਈਨਿੰਗ ਕਰਨ ਵਾਲੇ ਅੰਗੀਠੇ ਸਮੇਤ ਉਥੋਂ ਮਿੱਟੀ ਪੁੱਟ ਕੇ ਲੈ ਜਾਂਦੇ ਹਨ। ਪਰਿਵਾਰ ਆਪਣੇ ਵਿਛੋੜਾ ਦੇ ਚੁੱਕੇ ਜੀਅ ਦੀਆਂ ਅਸਥੀਆਂ ਚੁੱਗਣ ਤੇ ਇਸ ਨਮਿੱਤ ਅੰਤਿਮ ਰਸਮਾਂ ਨਿਭਾਉਣ ਤੋਂ ਵੀ ਵਾਂਝਾ ਰਹਿ ਜਾਂਦਾ ਹੈ। ਇਹ ਦਰਦ ਭਰੀ ਕਹਾਣੀ ਮੋਹਾਲੀ ਦੇ ਪਿੰਡ ਤੀੜਾ ਦੇ ਲੋਕਾਂ ਦੀ ਹੈ। ਇਸ ਦੀ ਉਨ੍ਹਾਂ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਕੋਲ ਸ਼ਿਕਾਇਤ ਕੀਤੀ ਹੈ।
ਪਿੰਡ ਦੇ ਇਕ ਦਰਜਨ ਤੋਂ ਵੱਧ ਲੋਕਾਂ ਨੇ ਕਮਿਸ਼ਨ ਨੂੰ ਕੀਤੀ ਸ਼ਿਕਾਇਤ ਵਿਚ ਦੱਸਿਆ ਕਿ ਪਿੰਡ ਵਿਚ ਅਨੁਸੂਚਿਤ ਜਾਤੀ ਦੇ ਸ਼ਮਸ਼ਾਨ ਘਾਟ ਤੇ ਮਰੇ ਹੋਏ ਜਾਨਵਰਾਂ ਨੂੰ ਸਾਂਭਣ ਲਈ ਬਣਾਈ ਹੱਡਾ ਰੋੜੀ ਲਈ ਰਾਖਵੀਂ ਥਾਂ ‘ਤੇ ਮਾਈਨਿੰਗ ਮਾਫੀਆ ਗੈਰਕਾਨੂੰਨੀ ਢੰਗ ਨਾਲ ਮਾਈਨਿੰਗ ਕਰ ਰਿਹਾ ਹੈ। ਹਾਲਤ ਇਹ ਹੈ ਕਿ ਗਰੀਬ ਦਲਿਤ ਪਰਿਵਾਰਾਂ ਨੂੰ ਪਹਿਲਾਂ ਤਾਂ ਆਪਣੇ ਵਿੱਛੜ ਚੁੱਕੇ ਸਾਕ ਸਬੰਧੀ ਦੇ ਅੰਤਿਮ ਸਸਕਾਰ ਲਈ ਜਗ੍ਹਾ ਵਾਸਤੇ ਵੱਡੀ ਜੱਦੋ ਜਹਿਦ ਕਰਨੀ ਪੈਂਦੀ ਹੈ। ਫਿਰ ਜਦੋਂ ਸਸਕਾਰ ਹੋ ਜਾਂਦਾ ਹੈ ਤਾਂ ਮ੍ਰਿਤਕਾਂ ਦੀਆਂ ਅਸਥੀਆਂ ਸਾਂਭਣ ਦਾ ਵੀ ਮੌਕਾ ਨਹੀਂ ਮਿਲਦਾ। ਕਿਉਂਕਿ ਰਾਤ ਨੂੰ ਨਜਾਇਜ਼ ਮਾਈਨਿੰਗ ਕਰਨ ਵਾਲੇ ਚਿਖਾ ਸਮੇਤ ਮਿੱਟੀ ਪੁੱਟ ਕੇ ਟਿੱਪਰਾਂ ‘ਚ ਭਰ ਕੇ ਲੈ ਜਾਂਦੇ ਹਨ। ਪਰਿਵਾਰਕ ਮੈਂਬਰ ਜਦੋਂ ਸਵੇਰੇ ਅਸਥੀਆਂ ਚੁਗਣ ਜਾਂਦੇ ਹਨ ਤਾਂ ਉਥੇ ਚਿਖਾ ਦਾ ਨਾਮੋ ਨਿਸ਼ਾਨ ਮਿਟ ਚੁੱਕਾ ਹੁੰਦਾ ਹੈ। ਇਸ ਤਰ੍ਹਾਂ ਉਹ ਆਪਣੇ ਵਿੱਛੜ ਗਏ ਪਰਿਵਾਰਕ ਮੈਂਬਰ ਦੀਆਂ ਅਸਥੀਆਂ ਜਲ ਪ੍ਰਵਾਹ ਨਹੀਂ ਕਰ ਸਕਦੇ ਤੇ ਉਨ੍ਹਾਂ ਦੀਆਂ ਅੰਤਿਮ ਰਸਮਾਂ ਅਧੂਰੀਆਂ ਰਹਿ ਜਾਂਦੀਆਂ ਹਨ।
ਪਿੰਡ ਵਾਸੀ ਹਰਮਿੰਦਰ ਸਿੰਘ, ਸੁਰਿੰਦਰ ਸਿੰਘ, ਹਰਦੀਪ ਸਿੰਘ, ਹਰਨੇਕ ਸਿੰਘ, ਕਰਨੈਲ ਸਿੰਘ, ਮੇਜਰ ਸਿੰਘ ਸਮੇਤ ਦਰਜਨਾਂ ਵਿਅਕਤੀਆਂ ਵਲੋਂ ਕੀਤੀ ਗਈ ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਸ਼ਮਸ਼ਾਨ ਘਾਟ ਦਾ ਨਾਮੋ ਨਿਸ਼ਾਨ ਮਿਟਾਉਣ ਲਈ ਰਾਤ ਵੇਲੇ ਉਥੋਂ ਰੇਤ ਤੇ ਮਿੱਟੀ ਕੱਢੀ ਜਾਂਦੀ ਹੈ। ਸ਼ਮਸ਼ਾਨ ਘਾਟ ਦਾ ਨਾਮੋ ਨਿਸ਼ਾਨ ਮਿਟਾਉਣ ਲਈ ਉਥੇ ਸ਼ੈਡ ਤੋੜ ਦਿੱਤਾ ਗਿਆ ਹੈ ਸਿਰਫ ਪਿੱਲਰ ਹੀ ਨਿਸ਼ਾਨੀ ਵਜੋਂ ਬਚੇ ਹਨ।
ਮਾਂ ਦੇ ਫੁੱਲ ਨਹੀਂ ਚੁਗ ਸਕਿਆਂ : ਨਾਜ਼ਰ ਭਗਤ
ਨਾਜ਼ਰ ਭਗਤ ਦਾ ਕਹਿਣਾ ਹੈ ਕਿ ਪਿਛਲੇ ਸਾਲ ਉਸਦੀ ਮਾਤਾ ਸੁਰਜੀਤ ਕੌਰ ਦਾ ਦੇਹਾਂਤ ਹੋ ਗਿਆ ਸੀ। ਜਦੋਂ ਉਹ ਮਾਤਾ ਦਾ ਅੰਗੀਠਾ ਸਾਂਭਣ ਤੇ ਫੁੱਲ ਚੁੱਗਣ ਲਈ ਸ਼ਮਸ਼ਾਨ ਘਾਟ ਪੁੱਜੇ ਤਾਂ ਇਹ ਦੇਖ ਕੇ ਹੈਰਾਨ ਰਹਿ ਗਏ ਕਿ ਜਿਸ ਥਾਂ ‘ਤੇ ਮਾਤਾ ਜੀ ਦਾ ਅੰਤਿਮ ਸਸਕਾਰ ਕੀਤਾ ਸੀ, ਉਥੇ ਕੁਝ ਹੈ ਹੀ ਨਹੀਂ ਸੀ। ਮਾਈਨਿੰਗ ਮਾਫੀਆ ਰਾਤੋ-ਰਾਤ ਮਿੱਟੀ ਤੇ ਰੇਤ ਦੇ ਟਿੱਪਰ ਭਰ ਕੇ ਲੈ ਗਏ ਸਨ। ਪੰਜ ਭਰਾ ਤੇ ਤਿੰਨ ਭੈਣਾਂ ਹੋਣ ਦੇ ਬਾਵਜੂਦ ਉਹ ਆਪਣੀ ਮਾਂ ਦੀਆਂ ਅਸਥੀਆਂ ਜਲ ਪ੍ਰਵਾਹ ਨਹੀਂ ਕਰ ਸਕੇ। ਉਨ੍ਹਾਂ ਨੂੰ ਸਾਰੀ ਜ਼ਿੰਦਗੀ ਦੁੱਖ ਰਹੇਗਾ।
ਕਮਿਸ਼ਨ ਨੇ ਪੂਰੀ ਰਿਪੋਰਟ ਮੰਗੀ ਹੈ : ਪਰਮਜੀਤ ਕੌਰ
ਐਸਸੀ ਕਮਿਸ਼ਨ ਦੀ ਮੈਂਬਰ ਪਰਮਜੀਤ ਕੌਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਮੌਕਾ ਦੇਖਣ ਤੋਂ ਪਤਾ ਲੱਗਿਆ ਕਿ ਸ਼ਮਸ਼ਾਨ ਘਾਟ ਜਾਣ ਲਈ ਰਸਤਾ ਤੱਕ ਨਹੀਂ ਹੈ। ਸ਼ਮਸ਼ਾਨ ਘਾਟ ਤੇ ਉਸਦੇ ਆਲੇ ਦੁਆਲੇ ਜ਼ਮੀਨ ‘ਤੇ ਡੂੰਘੇ ਟੋਏ ਪਏ ਹਨ ਤੇ ਸ਼ੈਡ ਟੁੱਟਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਪੰਚਾਇਤ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਨੂੰ ਸ਼ਮਸ਼ਾਨ ਘਾਟ ਤੇ ਹੱਡਾ ਰੋੜੀ ਵਾਲੀ ਥਾਂ ਦੀ ਨਿਸ਼ਾਨਦੇਹੀ ਕਰਵਾ ਕੇ ਤਾਰ ਲਗਾਉਣ, ਸ਼ੈਡ ਪਾਉਣ, ਨਜਾਇਜ਼ ਮਾਈਨਿੰਗ ਤੇ ਨਾਇਬ ਤਹਿਸੀਲਦਾਰ ਵਲੋਂ ਜ਼ਮੀਨ ਸਬੰਧੀ ਕੀਤੀ ਗਈ ਕਾਰਵਾਈ ਬਾਰੇ ਪੂਰੀ ਰਿਪੋਰਟ 9 ਸਤੰਬਰ ਨੂੰ ਕਮਿਸ਼ਨ ਕੋਲ ਪੇਸ਼ ਕਰਨ ਲਈ ਕਿਹਾ ਗਿਆ ਹੈ। ਰਿਪੋਰਟ ਆਉਣ ਤੋਂ ਬਾਅਦ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

 

 

Check Also

ਭਾਰਤੀ ਵਿਦਿਆਰਥੀਆਂ ਲਈ ਕੈਨੇਡਾ ‘ਚ ਮੁਸ਼ਕਲਾਂ ਵਧੀਆਂ

ਸਟੱਡੀ ਵੀਜ਼ਾ ‘ਚ 50 ਫੀਸਦੀ ਦੀ ਗਿਰਾਵਟ ਓਟਵਾ : ਕੈਨੇਡਾ ਵਿਚ ਸਟੱਡੀ ਦੀ ਚਾਹਤ ਰੱਖਣ …