Breaking News
Home / ਹਫ਼ਤਾਵਾਰੀ ਫੇਰੀ / ਪੰਜਾਬ ਵਿਚ ‘ਆਪ’ ਅਤੇ ਕਾਂਗਰਸ ਦੇ ਹੋਣ ਵਾਲੇ ਗੱਠਜੋੜ ‘ਚ ਪਹਿਲਾਂ ਹੀ ਤਰੇੜਾਂ

ਪੰਜਾਬ ਵਿਚ ‘ਆਪ’ ਅਤੇ ਕਾਂਗਰਸ ਦੇ ਹੋਣ ਵਾਲੇ ਗੱਠਜੋੜ ‘ਚ ਪਹਿਲਾਂ ਹੀ ਤਰੇੜਾਂ

ਇਕੱਲੇ ਚੋਣਾਂ ਲੜਨਾ ਤੇ ਜਿੱਤਣਾ ਜਾਣਦੇ ਹਾਂ : ਭਗਵੰਤ ਮਾਨ
ਅਨਮੋਲ ਗਗਨ ਮਾਨ ਨੇ ਕਿਹਾ : ਪੰਜਾਬ ‘ਚ ਕਾਂਗਰਸ ਨਾਲ ਗਠਜੋੜ ਨਹੀਂ ਕਰਾਂਗੇ
ਚੰਡੀਗੜ੍ਹ/ਬਿਊਰੋ ਨਿਊਜ਼ : ਭਾਰਤ ਵਿਚ ਅਗਾਮੀ ਲੋਕ ਸਭਾ ਚੋਣਾਂ ਨੂੰ ਲੈ ਕੇ ਭਾਜਪਾ ਦੀਆਂ ਕੁਝ ਵਿਰੋਧੀ ਪਾਰਟੀਆਂ ਨੇ ਇਕੱਲੇ ਹੋ ਕੇ ‘ਇੰਡੀਆ’ ਦਾ ਗਠਜੋੜ ਬਣਾਇਆ ਹੈ ਅਤੇ ਇਸ ਗਠਜੋੜ ਵਿਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਵੀ ਸ਼ਾਮਲ ਹੈ।
ਉਧਰ ਦੂਜੇ ਪਾਸੇ ਪੰਜਾਬ ਵਿਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਇਕੱਠੇ ਮਿਲ ਕੇ ਚੋਣਾਂ ਲੜਨ ਲਈ ਤਿਆਰ ਨਹੀਂ ਹੈ ਅਤੇ ਗਠਜੋੜ ਹੋਣ ਤੋਂ ਪਹਿਲਾਂ ਹੀ ਇਸ ਤਰੇੜਾਂ ਪੈਣੀਆਂ ਸ਼ੁਰੂ ਹੋ ਗਈਆਂ ਹਨ। ਇਸਦੇ ਚੱਲਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੁਧਿਆਣਾ ਵਿਚ ਕਿਹਾ ਕਿ ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਚੋਣਾਂ ਆਪਣੇ ਬਲਬੂਤੇ ‘ਤੇ ਲੜੀਆਂ ਹਨ ਅਤੇ ਕੁੱਲ 117 ਸੀਟਾਂ ਵਿਚੋਂ 92 ਸੀਟਾਂ ‘ਤੇ ਜਿੱਤ ਹਾਸਲ ਕੀਤੀ।
ਉਨ੍ਹਾਂ ਕਿਹਾ ਕਿ ਦਿੱਲੀ ਵਿਚ ਆਮ ਆਦਮੀ ਪਾਰਟੀ ਦਾ ਤੀਜਾ ਕਾਰਜਕਾਲ ਹੈ। ਭਗਵੰਤ ਮਾਨ ਨੇ ਕਿਹਾ ਕਿ ਗੁਜਰਾਤ ਵਿਚ ਆਮ ਆਦਮੀ ਪਾਰਟੀ ਨੇ ਆਪਣੇ ਦਮ ‘ਤੇ ਚੋਣਾਂ ਲੜੀਆਂ ਅਤੇ ਉਸ ਨੂੰ 13 ਫੀਸਦੀ ਵੋਟਾਂ ਮਿਲੀਆਂ। ਸੀਐਮ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਇਕੱਲੇ ਚੋਣਾਂ ਲੜਨਾ ਅਤੇ ਇਕੱਲੇ ਜਿੱਤਣਾ ਵੀ ਜਾਣਦੇ ਹਾਂ। ਅਸੀਂ ਆਪਣੇ ਦਮ ‘ਤੇ ਸਰਕਾਰਾਂ ਬਣਾਉਣਾ ਅਤੇ ਚਲਾਉਣਾ ਵੀ ਜਾਣਦੇ ਹਾਂ। ਇਸੇ ਦੌਰਾਨ ਪੰਜਾਬ ਦੀ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਚੰਡੀਗੜ੍ਹ ਵਿਚ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ ‘ਤੇ ਇਕੱਲਿਆਂ ਚੋਣ ਲੜੇਗੀ ਅਤੇ ਕਾਂਗਰਸ ਜਾਂ ਕਿਸੇ ਹੋਰ ਸਿਆਸੀ ਪਾਰਟੀਆਂ ਨਾਲ ਕੋਈ ਗਠਜੋੜ ਨਹੀਂ ਕੀਤਾ ਜਾਵੇਗਾ। ਅਨਮੋਲ ਗਗਨ ਮਾਨ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਪੰਜਾਬ ਵਿਚ ਕਾਂਗਰਸ ਨਾਲ ਕੋਈ ਗਠਜੋੜ ਨਹੀਂ ਕੀਤਾ ਜਾਵੇਗਾ। ਉਨ੍ਹਾਂ ਪੰਜਾਬ ਦੇ ਲੋਕ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਿਆਰ ਕਰਦੇ ਹਨ ਅਤੇ ਲੋਕਾਂ ਨੇ ਇਮਾਨਦਾਰ ਪਾਰਟੀ ਨੂੰ ਪਹਿਲ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਕਈ ਕਾਂਗਰਸੀ ਆਗੂਆਂ ਖਿਲਾਫ ਭ੍ਰਿਸ਼ਟਾਚਾਰ ਦੇ ਕੇਸ ਚੱਲ ਰਹੇ ਹਨ ਅਤੇ ਅਜਿਹੇ ਵਿਚ ਕਾਂਗਰਸ ਨਾਲ ਕੋਈ ਗਠਜੋੜ ਨਹੀਂ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਸੀ ਕਿ ਪੰਜਾਬ ਵਿਚ ਕਾਂਗਰਸ ਪਾਰਟੀ ‘ਆਪ’ ਨਾਲ ਮਿਲ ਕੇ ਚੋਣਾਂ ਲੜਨ ਲਈ ਤਿਆਰ ਨਹੀਂ ਹੈ।

 

Check Also

ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ

ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …