Breaking News
Home / ਪੰਜਾਬ / ਐਨ ਆਰ ਆਈ ਰੂਬੀ ਢੱਲਾ ਵੀ ਪੰਜਾਬ ‘ਚ ਕਰ ਰਹੀ ਹੈ ਜੰਮ ਕੇ ਚੋਣ ਪ੍ਰਚਾਰ

ਐਨ ਆਰ ਆਈ ਰੂਬੀ ਢੱਲਾ ਵੀ ਪੰਜਾਬ ‘ਚ ਕਰ ਰਹੀ ਹੈ ਜੰਮ ਕੇ ਚੋਣ ਪ੍ਰਚਾਰ

Rubby Dhallah copy copyਅਕਾਲੀ ਦਲ ਦੀਆਂ ਰੈਲੀਆਂ, ਬੈਠਕਾਂ, ਰੋਡ ਸ਼ੋਅਜ਼ ਦਾ ਬਣੀ ਹਿੱਸਾ
ਚੰਡੀਗੜ੍ਹ/ਬਿਊਰੋ ਨਿਊਜ਼
ਕੈਨੇਡਾ ਦੀ ਸਾਬਕਾ ਸੰਸਦ ਮੈਂਬਰ ਡਾ.ਰੂਬੀ ਢੱਲਾ ਸ਼੍ਰੋਮਣੀ ਅਕਾਲੀ ਦਲ ਦੇ ਐਨ ਆਰ ਆਈ ਵਿੰਗ ਦਾ ਸਭ ਤੋਂ ਪ੍ਰਮੁੱਖ ਚਿਹਰਾ ਹੈ। ਸਿਰਫ 30 ਸਾਲ ਦੀ ਉਮਰ ਵਿਚ ਬਰੈਂਪਟਨ-ਸਪਰਿੰਗਡੇਲ ਹਲਕੇ ਤੋਂ 2004 ਵਿਚ ਬਣੀ ਸਿੱਖ ਪਿਛੋਕੜ ਦੀ ਪਹਿਲੀ ਇੰਡੋ-ਕੈਨੇਡੀਅਨ ਐਮ ਪੀ ਡਾ. ਰੂਬੀ ਢੱਲਾ ਨੇ ਇਕ ਨਵਾਂ ਇਤਿਹਾਸ ਰਚਿਆ ਸੀ। ਕੈਨੇਡਾ ਦੀ ਲਿਬਰਲ ਪਾਰਟੀ ਦੇ ਮੈਂਬਰ ਵਜੋਂ ਉਹ 2004 ਤੋਂ 2011 ਤੱਕ ਹਾਊਸ ਆਫ ਕਾਮਨਜ਼ ਦੀ ਸੰਸਦ ਮੈਂਬਰ ਰਹੀ। ਕੈਨੇਡਾ ਦੀ ਸਿਆਸਤ ਨਾਲ ਲੰਬੇ ਸਮੇਂ ਤੋਂ ਜੁੜੀ ਰਹਿਣ ਕਾਰਨ ਡਾ. ਢੱਲਾ ਰਾਜਨੀਤੀ ਦੇ ਉਤਰਾਅ ਚੜ੍ਹਾਅ ਅਤੇ ਇਸ ਦੇ ਭਲੇ-ਬੁਰੇ ਪਹਿਲੂਆਂ ਤੋਂ ਪੂਰੀ ਤਰ੍ਹਾਂ ਵਾਕਿਫ ਹਨ। ਇਸ ਲਈ ਪੰਜਾਬ ਵਿਚ ਹੁਣ ਤੱਕ ਚੋਣ ਪ੍ਰਚਾਰ ਕਰਨਾ ਉਨ੍ਹਾਂ ਲਈ ਕੋਈ ਮੁਸ਼ਕਲ ਵਾਲੀ ਗੱਲ ਲਹੀਂ ਹੈ। ਡਾ. ਢੱਲਾ ਅੱਜ ਕੱਲ੍ਹ ਅਕਾਲੀ ਦਲ ਦੇ ਵਿਸ਼ਵ ਭਰ ਤੋਂ ਆਏ ਐਨ ਆਰ ਆਈਜ਼ ਦੇ ਜਥੇ ਦੇ ਹਿੱਸੇ ਵਜੋਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਸੱਤਾ ਧਿਰ ਅਕਾਲੀ-ਭਾਜਪਾ ਗਠਜੋੜ ਦੇ ਪੱਖ ਵਿਚ ਜੰਮ ਕੇ ਪ੍ਰਚਾਰ ਕਰ ਰਹੀ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਪੰਜਾਬ ਭਾਜਪਾ ਪ੍ਰਧਾਨ ਅਤੇ ਕਈ ਹੋਰਨਾਂ ਮੰਤਰੀਆਂ ਨਾਲ ਉਨ੍ਹਾਂ ਨੇ ਸੂਬੇ ਦੇ ਲਗਭਗ 20 ਹਲਕਿਆਂ ਦਾ ਦੌਰਾ ਕੀਤਾ, ਜਿੱਥੇ ਉਹਨਾਂ ਪਾਰਟੀ ਦੀਆਂ ਰੈਲੀਆਂ, ਨੁੱਕੜ ਬੈਠਕਾਂ, ਰੋਅ ਸ਼ੋਅ ਆਦਿ ਵਿਚ ਭਾਗ ਲਿਆ। ਆਪਣੇ ਚੋਣ ਪ੍ਰਚਾਰ ਦੌਰਾਨ ਉਹ ਕਈ ਵਾਰ ਨੀਲੇ ਰੰਗ ਦੀ ਟੀ ਸ਼ਰਟ ਪਹਿਨੀ ਰੱਖਦੀ ਹੈ, ਜਿਸ ਉਤੇ ‘ਅਕਾਲੀ-ਭਾਜਪਾ ਸਰਕਾਰ, ਤੀਜੀ ਵਾਰ’ ਲਿਖਿਆ ਹੈ।
ਵਿਕਾਸ ਦਾ ਮੁੱਦਾ : ਉਨ੍ਹਾਂ ਦੱਸਿਆ ਕਿ ਲੰਘੇ 10 ਸਾਲਾਂ ਵਿਚ ਅਕਾਲੀ-ਭਾਜਪਾ ਸਰਕਾਰ ਨੇ ਪੰਜਾਬ ਦਾ ਜੰਮ ਕੇ ਵਿਕਾਸ ਕੀਤਾ ਹੈ ਅਤੇ ਜੇਕਰ ਵਿਕਾਸ ਦੀ ਇਸ ਗਤੀ ਨੂੰ ਜਾਰੀ ਰੱਖਣਾ ਹੈ ਤਾਂ ਇਸ ਸਰਕਾਰ ਦਾ ਤੀਜੀ ਵਾਰ ਬਣਨਾ ਬਹੁਤ ਜ਼ਰੂਰੀ ਹੈ। ਆਪਣੀਆਂ ਬੈਠਕਾਂ ਵਿਚ ਡਾ. ਢੱਲਾ ਔਰਤਾਂ ਅਤੇ ਨੌਜਵਾਨਾਂ ਨਾਲ ਕੁਨੈਕਟ ਹੋਣ ਦਾ ਵਿਸ਼ੇਸ਼ ਯਤਨ ਕਰਦੀ ਹੈ।
ਅਨੋਖੀ ਪਛਾਣ : ਡਾ. ਢੱਲਾ ਨੇ ਕਿਹਾ ਕਿ ਦੁਨੀਆ ਭਰ ਵਿਚ ਸਿੱਖਾਂ ਦੀ ਪਛਾਣ ਅਨੋਖੀ ਹੈ। ਹਾਲ ਹੀ ਉਹਨਾਂ ਨੂੰ ਪਟਨਾ ਸਾਹਿਬ ਜਾਣ ਦਾ ਮੌਕਾ ਮਿਲਿਆ। ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਦੇ ਬੇਟੇ ਹਨ, ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਜਦੋਂ ਸਾਡੀਆਂ ਕੁੜੀਆਂ ਸਿੱਖਾਂ ਦੇ ਨਾਲ ਹੁੰਦੀਆਂ ਹਨ ਤਾਂ ਸਾਨੂੰ ਉਨ੍ਹਾਂ ਦੀ ਸੁਰੱਖਿਆ ਦੀ ਕੋਈ ਚਿੰਤਾ ਨਹੀਂ ਰਹਿੰਦੀ। ਇਹ ਹੈ ਪੰਜਾਬ ਦੇ ਸਿੱਖਾਂ ਦੀ ਪਛਾਣ। ਡਾ. ਢੱਲਾ ਨੇ ਕਿਹਾ ਕਿ ਇਸ ਵਾਰ ਚੋਣਾਂ ‘ਚ ਸੋਸ਼ਲ ਮੀਡੀਆ ਇਕ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਅ ਰਿਹਾ ਹੈ, ਪਰ ‘ਆਪ’ ਦੇ ਕੁਝ ਲੋਕ ਇਸ ਦੀ ਦੁਰਵਰਤੋਂ ਕਰ ਰਹੇ ਹਨ ਅਤੇ ਵਿਰੋਧੀਆਂ ਨੂੰ ਫੇਸਬੁੱਕ, ਵਟਸਐਪ ਜ਼ਰੀਏ ਬੁਰਾ-ਭਲਾ ਕਹਿ ਰਹੇ ਹਨ। ਉਨ੍ਹਾਂ ਕਿਹਾ ਕਿ ਮੈਨੂੰ ਖੁਦ ਇਕ ‘ਆਪ’ ਵਰਕਰ ਦੀਆਂ ਘਟੀਆ ਟਿੱਪਣੀਆਂ ਦਾ ਸ਼ਿਕਾਰ ਹੋਣਾ ਪਿਆ। ਅਖੀਰ ਮੈਨੂੰ ਉਸ ਨੂੂੰ ਝਾੜਨਾ ਪਿਆ ਅਤੇ ਮੈਨਰਜ਼ ਸਿੱਖਣ ਦੀ ਸਲਾਹ ਦੇਣੀ ਪਈ।
ਅਕਾਲੀ ਪਿਛੋਕੜ : ਡਾ. ਢੱਲਾ ਨੇ ਕਿਹਾ ਕਿ ਮੈਂ ਆਪਣੀਆਂ ਬੈਠਕਾਂ ਵਿਚ ਇਹ ਕਹਿਣਾ ਨਹੀਂ ਭੁੱਲਦੀ ਕਿ ਮੇਰਾ ਪਰਿਵਾਰ ਅਕਾਲੀ ਦਲ ਨਾਲ ਬੜੇ ਲੰਬੇ ਅਰਸੇ ਤੋਂ ਜੁੜਿਆ ਹੋਇਆ ਹੈ ਅਤੇ ਮੇਰੇ ਨਾਨਾ ਗਿਆਨੀ ਅਜਾਇਬ ਸਿੰਘ ਨੇ ਪੰਜਾਬ ਸੂਬਾ ਅੰਦੋਲਨ ਵਿਚ ਭਾਗ ਵੀ ਲਿਆ ਸੀ ਅਤੇ ਜੇਲ੍ਹ ਵੀ ਕੱਟੀ ਸੀ। ਆਪਣੇ ਭਾਸ਼ਣ ਵਿਚ ਡਾ. ਰੂਬੀ ਢੱਲਾ ਕੈਨੇਡਾ ਦਾ ਵੀ ਜ਼ਿਕਰ ਕਰਦੀ ਹੈ। ਉਹਨਾਂ ਦਾ ਕਹਿਣਾ ਹੈ ਕਿ ਦੁਨੀਆ ਭਰ ਵਿਚ ਪੰਜਾਬੀ ਸਿੱਖਾਂ ਦਾ ਬੋਲਬਾਲਾ ਹੈ।
ਗੋਰਿਆਂ ‘ਤੇ ਰਾਜ : ਡਾ. ਢੱਲਾ ਦਾ ਕਹਿਣਾ ਹੈ ਕਿ ਅਸੀਂ ਹੁਣ ਗੋਰਿਆਂ ‘ਤੇ ਵੀ ਰਾਜ ਕਰਨਾ ਸ਼ੁਰੂ ਕਰ ਦਿੱਤਾ ਹੈ। ਕੈਨੇਡਾ ਸਰਕਾਰ ‘ਚ ਕਈ ਸਿੱਖ ਮੰਤਰੀ ਹਨ। ਜੇਕਰ ਅਸੀਂ ਵਿਦੇਸ਼ਾਂ ਵਿਚ ਗੋਰਿਆਂ ‘ਤੇ ਰਾਜ ਕਰ ਸਕਦੇ ਹਾਂ ਤਾਂ ਕੀ ਪੰਜਾਬ ਦੀ ਸੱਤਾ ਕਿਸੇ ਗੈਰ ਪੰਜਾਬੀ ਦੇ ਹਵਾਲੇ ਕਰ ਦੇਵਾਂਗੇ।
ਕੀ ਅਸੀਂ ਇੰਨੇ ਗਏ-ਗੁਜ਼ਰੇ ਹਾਂ ਕਿ ਅਸੀਂ ਆਪਣੇ ਹੀ ਸੂਬੇ ਵਿਚ ਰਾਜ ਨਹੀਂ ਕਰ ਸਕਦੇ। ਕੀ ਪੰਜਾਬ ਦੀ ਵਾਗਡੋਰ ਬਾਹਰ ਦੇ ਲੋਕਾਂ ਦੇ ਹੱਥ ਫੜਾਵਾਂਗੇ?

Check Also

ਡੱਲੇਵਾਲ ਦੀ ਗਿ੍ਰਫਤਾਰੀ ’ਚ ਭਗਵੰਤ ਮਾਨ ਸਰਕਾਰ ਦਾ ਹੱਥ : ਰਵਨੀਤ ਬਿੱਟੂ

ਕਿਸਾਨ ਆਗੂ ਡੱਲੇਵਾਲ ਦੀ ਗਿ੍ਰਫਤਾਰੀ ’ਤੇ ਮਘੀ ਸਿਆਸਤ ਚੰਡੀਗੜ੍ਹ/ਬਿਊਰੋ ਨਿਊਜ਼ ਕਿਸਾਨਾਂ ਦੀਆਂ ਮੰਗਾਂ ਨੂੰ ਲੈ …