Breaking News
Home / ਭਾਰਤ / ਬਿਹਾਰ ‘ਚ ਦਾਨ ਨਾ ਦੇਣ ‘ਤੇ ਸਿੱਖ ਸ਼ਰਧਾਲੂਆਂ ਉੱਤੇ ਪਥਰਾਅ

ਬਿਹਾਰ ‘ਚ ਦਾਨ ਨਾ ਦੇਣ ‘ਤੇ ਸਿੱਖ ਸ਼ਰਧਾਲੂਆਂ ਉੱਤੇ ਪਥਰਾਅ

ਛੇ ਸ਼ਰਧਾਲੂ ਜ਼ਖ਼ਮੀ; ਪਟਨਾ ਸਾਹਿਬ ਤੋਂ ਮੁਹਾਲੀ ਪਰਤ ਰਹੇ ਸਨ ਸ਼ਰਧਾਲੂ
ਨਵੀਂ ਦਿੱਲੀ/ਬਿਊਰੋ ਨਿਊਜ਼ : ਬਿਹਾਰ ਦੇ ਭੋਜਪੁਰ ਜ਼ਿਲ੍ਹੇ ‘ਚ ਸਿੱਖ ਸ਼ਰਧਾਲੂਆਂ ਦੇ ਵਾਹਨ ‘ਤੇ ਭੀੜ ਨੇ ਪਥਰਾਅ ਕਰ ਦਿੱਤਾ ਜਿਸ ‘ਚ ਛੇ ਵਿਅਕਤੀ ਜ਼ਖ਼ਮੀ ਹੋ ਗਏ। ਸਬ ਡਿਵੀਜ਼ਨਲ ਪੁਲਿਸ ਅਧਿਕਾਰੀ ਰਾਹੁਲ ਸਿੰਘ ਨੇ ਦੱਸਿਆ ਕਿ ਇਹ ਹਮਲਾ ਉਸ ਵੇਲੇ ਹੋਇਆ ਜਦੋਂ ਸਿੱਖ ਸ਼ਰਧਾਲੂ ਪਟਨਾ ਸਾਹਿਬ ਤੋਂ ਆਪਣੇ ਘਰ ਮੁਹਾਲੀ ਪਰਤ ਰਹੇ ਸਨ। ਉਨ੍ਹਾਂ ਕਿਹਾ, ”ਭੋਜਪੁਰ ਦੇ ਚਾਰਪੋਖਰੀ ‘ਚ ਧਾਰਮਿਕ ਪ੍ਰੋਗਰਾਮ ਅਤੇ ਅਸਥਾਨ ਦੀ ਉਸਾਰੀ ਲਈ ਦਾਨ ਨਾ ਦੇਣ ‘ਤੇ ਭੀੜ ਨੇ ਉਨ੍ਹਾਂ ਦੇ ਵਾਹਨ ‘ਤੇ ਹਮਲਾ ਕਰ ਦਿੱਤਾ।
ਪਥਰਾਅ ‘ਚ ਛੇ ਸਿੱਖ ਸ਼ਰਧਾਲੂ ਜ਼ਖ਼ਮੀ ਹੋਏ ਹਨ।” ਸਿੱਖ ਸ਼ਰਧਾਲੂ ਪਟਨਾ ਸਾਹਿਬ ‘ਚ ਤਖ਼ਤ ਸ੍ਰੀ ਹਰਿਮੰਦਰ ਸਾਹਿਬ ‘ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਗਏ ਹੋਏ ਸਨ। ਪੁਲਿਸ ਅਧਿਕਾਰੀ ਨੇ ਕਿਹਾ ਕਿ ਲੋਕਾਂ ਨੇ ਧਾਰਮਿਕ ਅਸਥਾਨ ਦੀ ਉਸਾਰੀ ਲਈ ਪੈਸੇ ਮੰਗੇ ਸਨ ਅਤੇ ਸ਼ਰਧਾਲੂਆਂ ਵੱਲੋਂ ਇਨਕਾਰ ਕੀਤੇ ਜਾਣ ‘ਤੇ ਉਨ੍ਹਾਂ ਟਰੱਕ ਦੇ ਡਰਾਈਵਰ ਨੂੰ ਬਾਹਰ ਧੂਹ ਕੇ ਕੁੱਟ ਦਿੱਤਾ। ‘ਇਸ ਮਗਰੋਂ ਸ਼ਰਧਾਲੂ ਟਰੱਕ ਡਰਾਈਵਰ ਦੇ ਬਚਾਅ ਲਈ ਆਏ। ਜਦੋਂ ਤਲਖ਼ੀ ਵਧ ਗਈ ਤਾਂ ਭੀੜ ਨੇ ਸਿੱਖਾਂ ‘ਤੇ ਪਥਰਾਅ ਕਰ ਦਿੱਤਾ ਜਿਸ ‘ਚ ਕਈ ਵਿਅਕਤੀ ਜ਼ਖ਼ਮੀ ਹੋ ਗਏ।’ ਜ਼ਖ਼ਮੀ ਹੋਏ ਵਿਅਕਤੀਆਂ ਦਾ ਚਾਰਪੋਖਰੀ ਜਨ ਸਹਿਤ ਕੇਂਦਰ ‘ਤੇ ਇਲਾਜ ਚੱਲ ਰਿਹਾ ਹੈ।
ਪੁਲਿਸ ਅਧਿਕਾਰੀ ਨੇ ਕਿਹਾ ਕਿ ਇਸ ਮਾਮਲੇ ‘ਚ ਪੁੱਛ-ਪੜਤਾਲ ਲਈ ਪੰਜ ਵਿਅਕਤੀਆਂ ਨੂੰ ਹਿਰਾਸਤ ‘ਚ ਲਿਆ ਗਿਆ ਹੈ। ਇਕ ਸ਼ਰਧਾਲੂ ਨੇ ਦੱਸਿਆ ਕਿ ਟਰੱਕ ‘ਚ 58 ਵਿਅਕਤੀ ਸਵਾਰ ਸਨ। ਇਕ ਹੋਰ ਨੇ ਕਿਹਾ ਕਿ ਜਦੋਂ ਜਬਰੀ ਵਸੂਲੀ ਤੋਂ ਇਨਕਾਰ ਕੀਤਾ ਗਿਆ ਤਾਂ ਭੀੜ ਨੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ ਅਤੇ ਛੇ ਤੋਂ ਸੱਤ ਸ਼ਰਧਾਲੂ ਜ਼ਖ਼ਮੀ ਹੋਏ ਹਨ।ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਘਟਨਾ ਦੀ ਸਖ਼ਤ ਨਿੰਦਾ ਕੀਤੀ ਹੈ।

Check Also

ਨੀਟ ਪੇਪਰ ਲੀਕ ਮਾਮਲੇ ’ਚ ਸੀਬੀਆਈ ਨੇ ਦੋ ਵਿਅਕਤੀਆਂ ਨੂੰ ਕੀਤਾ ਗਿ੍ਰਫ਼ਤਾਰ

ਮਨੀਸ਼ ਅਤੇ ਆਸ਼ੂਤੋਸ਼ ਨੇ ਹੀ ਪਟਨਾ ਦੇ ਸਕੂਲ ’ਚ ਵਿਦਿਆਰਥੀਆਂ ਨੂੰ ਦੱਸੇ ਸਨ ਉਤਰ ਨਵੀਂ …