ਫ਼ਿਲਮ ਤੇ ਟੀਵੀ ਆਰਟਿਸਟ ਐਸੋਸੀਏਸ਼ਨ ਗੁਰਨਾਮ ਭੁੱਲਰ ਦੀ ਪਿੱਠ ‘ਤੇ ਆਈ
ਰਾਜਪੁਰਾ : ਰਾਜਪੁਰਾ ਦੇ ਇੱਕ ਮਾਲ ਵਿੱਚ ਬਿਨਾ ਮਨਜ਼ੂਰੀ ਗੀਤ ਦੀ ਸ਼ੂਟਿੰਗ ਕਰਕੇ ਕੋਵਿਡ-19 ਨੇਮਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਥਾਣਾ ਸਦਰ ਦੀ ਪੁਲਿਸ ਨੇ ਗਾਇਕ ਪੰਜਾਬੀ ਗੁਰਨਾਮ ਭੁੱਲਰ, ਵੀਡੀਓ ਡਾਇਰੈਕਟਰ ਖੁਸ਼ਪਾਲ ਸਿੰਘ ਅਤੇ ਪ੍ਰਾਇਮ ਮਾਲ ਦੇ ਮਾਲਕ ਅਸ਼ਵਿਨ ਸੂਰੀ ਸਮੇਤ 41 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਦੀ ਪੁਸ਼ਟੀ ਕਰਦਿਆਂ ਐੱਸਐੱਸਪੀ ਪਟਿਆਲਾ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਇੱਕ ਸੂਚਨਾ ਦੇ ਆਧਾਰ ‘ਤੇ ਜਦੋਂ ਪੁਲਿਸ ਨੇ ਪ੍ਰਾਇਮ ਸਿਨੇਮਾ ਦਾ ਮੌਕੇ ‘ਤੇ ਜਾ ਕੇ ਮੁਆਇਨਾ ਕੀਤਾ ਤਾਂ ਉਥੇ ਸ਼ੂਟਿੰਗ ਚੱਲ ਰਹੀ ਸੀ। ਗਾਇਕ ਗੁਰਨਾਮ ਭੁੱਲਰ ਅਤੇ ਡਾਇਰੈਕਟਰ ਖੁਸ਼ਪਾਲ ਸਿੰਘ ਕੋਲ ਇਸ ਸ਼ੂਟਿੰਗ ਦੀ ਕੋਈ ਪ੍ਰਵਾਨਗੀ ਨਹੀਂ ਸੀ। ਪੁਲਿਸ ਨੇ ਸ਼ੂਟਿੰਗ ਬੰਦ ਕਰਵਾ ਕੇ ਸਾਰਾ ਸਾਜ਼ੋ-ਸਾਮਾਨ ਵੀ ਆਪਣੇ ਕਬਜ਼ੇ ਵਿੱਚ ਲੈ ਲਿਆ। ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਥਾਣਾ ਸਦਰ ਵਿੱਚ ਆਈਪੀਸੀ ਦੀ ਧਾਰਾ-188, ਡਿਜਾਸਟਰ ਮੈਨੇਜਮੈਂਟ ਦੀ ਧਾਰਾ-51 ਐਪੀਡੈਮਿਕ ਐਕਟ 1897 ਦੀ ਧਾਰਾ-3 ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਗੁਰਨਾਮ ਭੁੱਲਰ ਅਤੇ ਸਹਿਯੋਗੀ ਕਲਾਕਾਰਾਂ ਨੂੰ ਜ਼ਮਾਨਤ ਵੀ ਮਿਲ ਗਈ ਹੈ। ਇਸੇ ਦੌਰਾਨ ਗਾਇਕ ਗੁਰਨਾਮ ਭੁੱਲਰ ਅਤੇ ਸਹਿਯੋਗੀ ਕਲਾਕਾਰਾਂ ‘ਤੇ ਦਰਜ ਹੋਏ ਕੇਸ ਦਾ ਨਾਰਥ ਜ਼ੋਨ ਫ਼ਿਲਮ ਐਂਡ ਟੀਵੀ ਆਰਟਿਸਟ ਐਸੋਸੀਏਸ਼ਨ ਨੇ ਸਖ਼ਤ ਨੋਟਿਸ ਲਿਆ ਹੈ। ਮੁਹਾਲੀ ਵਿਚ ਸੰਸਥਾ ਦੇ ਪ੍ਰਧਾਨ ਗੁਰਪ੍ਰੀਤ ਘੁੱਗੀ ਦੀ ਅਗਵਾਈ ਹੇਠ ਮੀਟਿੰਗ ਕਰਕੇ ਸਾਰੇ ਮਾਮਲੇ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਦਖਲ ਦੀ ਮੰਗ ਕਰਦਿਆਂ ਦਰਜ ਕੀਤੇ ਕੇਸ ਰੱਦ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਕਲਾਕਾਰ ਕਰਮਜੀਤ ਅਨਮੋਲ, ਸ਼ਵਿੰਦਰ ਮਾਹਲ, ਸਤਵੰਤ ਕੌਰ, ਡਾ. ਰਣਜੀਤ ਸ਼ਰਮਾ, ਦਲਜੀਤ ਅਰੋੜਾ ਅਤੇ ਪਰਮਵੀਰ ਸਿੰਘ ਵੀ ਹਾਜ਼ਿਰ ਸਨ।
Check Also
ਪੰਜਾਬ ਭਾਜਪਾ ਨੇ ਚੋਣ ਕਮਿਸ਼ਨ ਨੂੰ ਲਿਖਿਆ ਪੱਤਰ
ਨਗਰ ਨਿਗਮ ਚੋਣਾਂ ਜਨਵਰੀ ’ਚ ਕਰਵਾਉਣ ਦੀ ਦਿੱਤੀ ਸਲਾਹ ਚੰਡੀਗੜ੍ਹ/ਬਿਊਰੋ ਨਿਊਜ਼ : ਸੂਬੇ ਦੇ ਚੋਣ …