ਪੰਜਾਬ ਕਾਂਗਰਸ ਨੂੰ ‘ਆਪ’ ਨਾਲ ਗੱਠਜੋੜ ਮਨਜ਼ੂਰ ਨਹੀਂ
ਜਗਰਾਓਂ ਰੈਲੀ ਰਾਹੀਂ ਕਾਂਗਰਸੀ ਆਗੂਆਂ ਨੇ ਹਾਈ ਕਮਾਂਡ ਅੱਗੇ ਰੱਖੀ ਮੰਗ
ਜਗਰਾਉਂ/ਬਿਊਰੋ ਨਿਊਜ਼ :
ਪੰਜਾਬ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਅੱਜ ਜਗਰਾਉਂ ’ਚ ਇਕ ਵੱਡੀ ਰੈਲੀ ਕੀਤੀ ਗਈ। ਇਸ ਰੈਲੀ ਦੌਰਾਨ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਗੱਠਜੋੜ ਦਾ ਖੁੱਲ੍ਹ ਕੇ ਵਿਰੋਧ ਕੀਤਾ ਗਿਆ। ਮੰਚ ਤੋਂ ਕਾਂਗਰਸੀ ਆਗੂਆਂ ਵੱਲੋਂ ਕਿਹਾ ਗਿਆ ਕਿ ਆਮ ਆਦਮੀ ਪਾਰਟੀ ਦੇ ਨਾਲ ਗੱਠਜੋੜ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਨੂੰ ਕਿਸੇ ਕੀਮਤ ’ਤੇ ਵੀ ਮਨਜ਼ੂਰ ਨਹੀਂ। ਇਸ ਮੌਕੇ ਰਾਜ ਕੁਮਾਰ ਚੱਬੇਵਾਲ, ਪ੍ਰਤਾਪ ਸਿੰਘ ਬਾਜਵਾ ਅਤੇ ਪਰਗਟ ਸਿੰਘ ਵੱਲੋਂ ਕਿਹਾ ਗਿਆ ਕਿ ਗੱਠਜੋੜ ਸਬੰਧੀ ਅਸੀਂ ਆਪਣੀ ਮੰਗ ਕਾਂਗਰਸ ਹਾਈ ਕਮਾਂਡ ਅੱਗੇ ਰੱਖ ਦਿੱਤੀ ਹੈ। ਇਸ ਮੌਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਪੰਜਾਬ ਦੀ ਵਿਗੜਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਪੰਜਾਬ ਦੀ ਭਗਵੰਤ ਮਾਨ ਸਰਕਾਰ ’ਤੇ ਤਿੱਖੇ ਹਮਲੇ ਕੀਤੇ ਗਏ। ਉਨ੍ਹਾਂ ਨਵਜੋਤ ਸਿੰਘ ਸਿੱਧੂ ਨੂੰ ਵੀ ਜਾਬਤੇ ਵਿਚ ਰਹਿਣ ਦੀ ਅਪੀਲ ਕੀਤੀ ਗਈ। ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਫਿਰੋਤੀਆਂ ਤੇ ਗੈਂਗਸਟਰਾਂ ਦਾ ਦੌਰ ਚੱਲ ਪਿਆ ਹੈ। ਨਸ਼ਿਆਂ ਨੂੰ ਖਤਮ ਕਰਨ ਦਾ ਦਾਅਵਾ ਕਰਨ ਵਾਲੀ ਸਰਕਾਰ ਦੇ ਰਾਜ ਵਿੱਚ ਆਰਡਰ ਦੇਣ ਦੇ ਪੰਜ ਮਿੰਟਾਂ ਬਾਅਦ ਘਰ ਬੈਠਿਆਂ ਨਸ਼ੇ ਦੀ ਡਿਲੀਵਰੀ ਮਿਲ ਜਾਂਦੀ ਹੈ।