ਕਿਹਾ : ਰਾਜਨੀਤੀ ਵਿਚ ਅਜਿਹੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਹਨ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਧਾਨ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਬਹੁਤ ਵੱਡੀ ਹਾਰ ਹੋਈ ਹੈ ਅਤੇ ਪਾਰਟੀ ਸਿਰਫ ਤਿੰਨ ਸੀਟਾਂ ‘ਤੇ ਹੀ ਸਿਮਟ ਗਈ ਹੈ। ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਉਹ ਪੰਜਾਬ ਦੇ ਲੋਕਾਂ ਦੇ ਫਤਵੇ ਅੱਗੇ ਸਿਰ ਝੁਕਾਉਂਦੇ ਹਨ।
ਉਨ੍ਹਾਂ ਇਹ ਵੀ ਕਿਹਾ ਕਿ ਐਮਰਜੈਂਸੀ ਤੋਂ ਬਾਅਦ ਅਸੀਂ ਸਾਰੀਆਂ ਸੀਟਾਂ ਜਿੱਤੀਆਂ ਸਨ।
ਉਨ੍ਹਾਂ ਦਾ ਕਹਿਣਾ ਸੀ ਕਿ ਰਾਜਨੀਤੀ ਵਿਚ ਅਜਿਹੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਹਨ ਅਤੇ ਅਸੀਂ ਪੰਜਾਬ ਅਤੇ ਦੇਸ਼ ਲਈ ਲੜਦੇ ਰਹਾਂਗੇ। ਪਰਕਾਸ਼ ਸਿੰਘ ਬਾਦਲ ਦਾ ਕਹਿਣਾ ਸੀ ਕਿ ਅਜਿਹੇ ਸਿਆਸੀ ਤੂਫਾਨ ਪਹਿਲਾਂ ਵੀ ਆਉਂਦੇ ਰਹੇ ਹਨ ਅਤੇ ਸਿਆਸਤ ਵਿਚ ਜਿੱਤ-ਹਾਰ ਚੱਲਦੀ ਰਹਿੰਦੀ ਹੈ। ਧਿਆਨ ਰਹੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੂੰ ਵੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਹਰਾ ਦਿੱਤਾ ਸੀ। ਜ਼ਿਕਰਯੋਗ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਨੂੰ ਵੱਡੀ ਜਿੱਤ ਮਿਲੀ ਹੈ। ਇਸੇ ਦੌਰਾਨ ਪੰਜਾਬ ਵਿਧਾਨ ਸਭਾ ਚੋਣਾਂ ‘ਚ ਨਮੋਸ਼ੀਜਨਕ ਹਾਰ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਚੰਡੀਗੜ੍ਹ ਵਿਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ‘ਚ ਬੈਠਕ ਹੋਈ।
ਮੀਟਿੰਗ ਦੌਰਾਨ ਵਿਧਾਨ ਸਭਾ ਚੋਣਾਂ ਦੀ ਸਮੀਖਿਆ ਕੀਤੀ ਗਈ ਅਤੇ ਅਕਾਲੀ ਦਲ ਦੇ ਕੌਮੀ ਪੱਧਰ ‘ਤੇ ਅਲੱਗ-ਥਲੱਗ ਪੈਣ, ਪਾਰਟੀ ਦੀ ਪੰਥਕ ਤੇ ਜਮਹੂਰੀ ਹੱਕਾਂ ਲਈ ਲੜਨ ਵਾਲੀ ਅਤੇ ਪੰਜਾਬ ਦੇ ਹੱਕਾਂ ਦੀ ਰਖਵਾਲੀ ਸਮਝੀ ਜਾਂਦੀ ਜਮਾਤ ਦੀ ਪਹਿਚਾਣ ਨੂੰ ਲੱਗੇ ਖੋਰੇ ਵਰਗੇ ਮੁੱਦਿਆਂ ‘ਤੇ ਗੰਭੀਰ ਵਿਚਾਰ-ਵਟਾਂਦਰਾ ਕਰਨ ਦੀ ਮੰਗ ਉਠਾਈ ਗਈ। ਮੀਟਿੰਗ ਵਿਚ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ ਪਾਰਟੀ ਦੇ ਸਰਪ੍ਰਸਤ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਜੇਕਰ ਪਾਰਟੀ ਚਾਹੁੰਦੀ ਹੈ ਤਾਂ ਸੁਖਬੀਰ ਸਿੰਘ ਬਾਦਲ ਪਾਰਟੀ ਦੀ ਸੇਵਾ ਕਰਦੇ ਰਹਿਣਗੇ ਤੇ ਜੇ ਪਾਰਟੀ ਅਜਿਹਾ ਨਹੀਂ ਚਾਹੇਗੀ ਤਾਂ ਉਹ ਵੀ ਠੀਕ ਹੈ।
ਇਸੇ ਪੇਸ਼ਕਸ਼ ਨੂੰ ਸੁਖਬੀਰ ਵਲੋਂ ਵੀ ਬਾਅਦ ਵਿਚ ਦੁਬਾਰਾ ਬਿਆਨ ਕੀਤਾ ਗਿਆ। ਪਰ ਪਾਰਟੀ ਦੇ ਸੀਨੀਅਰ ਆਗੂਆਂ ਪ੍ਰੇਮ ਸਿੰਘ ਚੰਦੂਮਾਜਰਾ, ਸਿਕੰਦਰ ਸਿੰਘ ਮਲੂਕਾ, ਬਲਦੇਵ ਸਿੰਘ ਮਾਨ, ਜਗਮੀਤ ਸਿੰਘ ਬਰਾੜ ਤੇ ਚਰਨਜੀਤ ਸਿੰਘ ਅਟਵਾਲ ਆਦਿ ਵਲੋਂ ਪਾਰਟੀ ਦੀ ਮਗਰਲੇ ਸਮੇਂ ਦੀ ਰਹੀ ਕਾਰਗੁਜ਼ਾਰੀ ਦੀ ਹੋਈ ਤਿੱਖੀ ਨੁਕਤਾਚੀਨੀ ‘ਤੇ ਵਿਚਾਰ ਲਈ ਅਤੇ ਪਾਰਟੀ ਦੇ ਅਕਸ ‘ਤੇ ਪਏ ਪ੍ਰਭਾਵ ਦੇ ਕਾਰਨ ਜਾਣਨ ਲਈ ਇਕ ਕਮੇਟੀ ਬਣਾਉਣ ਦਾ ਫੈਸਲਾ ਵੀ ਲਿਆ ਗਿਆ, ਜਿਸ ਦਾ ਅਧਿਕਾਰ ਸੁਖਬੀਰ ਸਿੰਘ ਬਾਦਲ ਨੂੰ ਦਿੱਤਾ ਗਿਆ।