ਮੋਦੀ ਨੇ ਨੀਰਜ਼ ਚੋਪੜਾ ਨਾਲ ਚੂਰਮੇ ਦਾ ਲਿਆ ਲੁਤਫ
ਨਵੀਂ ਦਿੱਲੀ/ਬਿਊਰੋ ਨਿਊਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸੋਮਵਾਰ ਨੂੰ ਟੋਕੀਓ ਉਲੰਪਿਕ ਵਿਚ ਹਿੱਸਾ ਲੈਣ ਵਾਲੇ ਸਾਰੇ ਖਿਡਾਰੀਆਂ ਨਾਲ ਆਪਣੀ ਰਿਹਾਇਸ਼ ’ਤੇ ਮੁਲਾਕਾਤ ਕੀਤੀੇ। ਇਸ ਮੌਕੇ ਪ੍ਰਧਾਨ ਮੰਤਰੀ ਨੇ ਖਿਡਾਰੀਆਂ ਦਾ ਸਨਮਾਨ ਵੀ ਕੀਤਾ ਅਤੇ ਉਨ੍ਹਾਂ ਨਾਲ ਬਰੇਕ ਫਾਸਟ ਵੀ ਕੀਤਾ। ਪ੍ਰਧਾਨ ਮੰਤਰੀ ਨੇ ਕਾਂਸੇ ਦਾ ਮੈਡਲ ਜਿੱਤਣ ਵਾਲੀ ਪੀਵੀ ਸਿੰਧੂ ਨਾਲ ਆਈਸ ਕਰੀਮ ਖਾਣ ਦਾ ਵਾਅਦਾ ਵੀ ਨਿਭਾਇਆ। ਭਾਰਤੀ ਹਾਕੀ ਟੀਮ ਨੇ ਪ੍ਰਧਾਨ ਮੰਤਰੀ ਨੂੰ ਆਟੋਗਰਾਫ ਕੀਤੀ ਗਈ ਹਾਕੀ ਦੀ ਸਟਿੱਕ ਵੀ ਭੇਟ ਕੀਤੀ।
ਧਿਆਨ ਰਹੇ ਕਿ ਜਦੋਂ ਉਲੰਪਿਕ ਲਈ ਖਿਡਾਰੀ ਰਵਾਨਾ ਹੋਏ ਸਨ ਤਦ ਮੋਦੀ ਨੇ ਪੀਵੀ ਸਿੰਧੂ ਨਾਲ ਵਾਅਦਾ ਕੀਤਾ ਸੀ ਕਿ ਜਦ ਤੁਸੀਂ ਭਾਰਤ ਵਾਪਸ ਪਰਤੋਗੇ ਤਾਂ ਤੁਹਾਨੂੰ ਆਈਸ ਕਰੀਮ ਖੁਆਵਾਂਗੇ। ਅੱਜ ਪ੍ਰਧਾਨ ਮੰਤਰੀ ਨੇ ਆਪਣਾ ਵਾਅਦਾ ਨਿਭਾਉੂਂਦੇ ਹੋਏ ਸਿੰਧੂ ਨਾਲ ਬਟਰ ਸਕੌਚ ਆਈਸ ਕਰੀਮ ਖਾਧੀ। ਨਾਲ ਹੀ ਖੇਡ ਮੰਤਰੀ ਅਨੁਰਾਗ ਠਾਕਰ ਨੇ ਵੀ ਨੀਰਜ ਚੋਪੜਾ ਨਾਲ ਵਾਅਦਾ ਕੀਤਾ ਸੀ ਕਿ ਜਦ ਉਹ ਵਾਪਸ ਪਰਤਣੇ ਤਾਂ ਪ੍ਰਧਾਨ ਮੰਤਰੀ ਉਨ੍ਹਾਂ ਨੂੰ ਚੂਰਮਾ ਖੁਆਉਣਗੇ। ਪ੍ਰਧਾਨ ਮੰਤਰੀ ਨੇ ਦੋਵਾਂ ਵਾਅਦਿਆਂ ਨੂੰ ਪੂਰਾ ਕੀਤਾ।
ਜ਼ਿਕਰਯੋਗ ਹੈ ਕਿ ਕੱਲ੍ਹ 15 ਅਗਸਤ ਦੇ ਮੌਕੇ ’ਤੇ ਵੀ ਲਾਲ ਕਿਲ੍ਹੇ ’ਤੇ ਝੰਡਾ ਫਹਿਰਾਉਣ ਤੋਂ ਬਾਅਦ ਨਰਿੰਦਰ ਮੋਦੀ ਨੇ ਟੋਕੀਓ ਉਲੰਪਿਕ ਵਿਚ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਲੈ ਕੇ ਕਿਹਾ ਸੀ ਕਿ ਅਥਲੀਟਾਂ ’ਤੇ ਵਿਸ਼ੇਸ਼ ਤੌਰ ’ਤੇ ਅਸੀਂ ਮਾਣ ਕਰ ਸਕਦੇ ਹਾਂ ਕਿ ਉਨ੍ਹਾਂ ਨੇ ਕੇਵਲ ਦਿਲ ਹੀ ਨਹੀਂ ਜਿੱਤਿਆ ਬਲਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਪ੍ਰੇਰਿਤ ਕਰਨ ਦਾ ਬਹੁਤ ਵੱਡਾ ਕੰਮ ਕੀਤਾ। ਧਿਆਨ ਰਹੇ ਕਿ ਟੋਕੀਓ ਉਲੰਪਿਕ ਵਿਚ ਭਾਰਤ ਨੂੰ 7 ਮੈਡਲ ਮਿਲੇ ਸਨ, ਜਿਨ੍ਹਾਂ ਵਿਚ ਇਕ ਸੋਨਾ, ਦੋ ਚਾਂਦੀ ਅਤੇ ਚਾਰ ਕਾਂਸੇ ਦੇ ਮੈਡਲ ਸ਼ਾਮਲ ਹਨ।