ਪੀੜਤ ਪਰਿਵਾਰਾਂ ਨੇ ਹਸਪਤਾਲ ਦੇ ਬਾਹਰ ਕੀਤਾ ਰੋਸ ਪ੍ਰਦਰਸ਼ਨ
ਬੰਗਲੂਰੂ/ਬਿਊਰੋ ਨਿਊਜ਼
ਕਰਨਾਟਕ ਦੇ ਚਾਮਰਾਜ ਨਗਰ ਵਿੱਚ ਪਿਛਲੇ 24 ਘੰਟਿਆਂ ਦੌਰਾਨ ਜ਼ਿਲ੍ਹਾ ਹਸਪਤਾਲ ਵਿੱਚ ਕਥਿਤ ਆਕਸੀਜਨ ਦੀ ਕਮੀ ਕਰਕੇ 24 ਮਰੀਜ਼ਾਂ ਦੀ ਮੌਤ ਹੋ ਗਈ ਹੈ। ਇਸ ਦੌਰਾਨ ਪੀੜਤ ਪਰਿਵਾਰਾਂ ਨੇ ਹਸਪਤਾਲ ਵਿੱਚ ਰੋਸ ਪ੍ਰਦਰਸ਼ਨ ਕੀਤਾ ਤੇ ਨਾਅਰੇਬਾਜ਼ੀ ਵੀ ਕੀਤੀ। ਜ਼ਿਲ੍ਹਾ ਪ੍ਰਸ਼ਾਸਨ ਨੇ ਘਟਨਾ ਦੀ ਜਾਂਚ ਲਈ ਕਹਿ ਦਿੱਤਾ ਹੈ। ਕਰਨਾਟਕ ਦੇ ਸਿੱਖਿਆ ਮੰਤਰੀ ਐੱਸ.ਸੁਰੇਸ਼ ਕੁਮਾਰ ਨੇ ਕਿਹਾ ਕਿ ਸਾਰੀਆਂ ਮੌਤਾਂ ਆਕਸੀਜਨ ਦੀ ਕਿੱਲਤ ਕਾਰਨ ਨਹੀਂ ਹੋਈਆਂ। ਮੁੱਖ ਮੰਤਰੀ ਬੀ.ਐੱਸ.ਯੇਦੀਯੁਰੱਪਾ ਨੇ ਮਾਮਲੇ ਦੀ ਪੂਰੀ ਜਾਣਕਾਰੀ ਹਾਸਲ ਕੀਤੀ ਹੈ। ਧਿਆਨ ਰਹੇ ਕਿ ਮਰਨ ਵਾਲੇ 24 ਵਿਅਕਤੀਆਂ ਵਿਚੋਂ 23 ਵਿਅਕਤੀ ਕਰੋਨਾ ਤੋਂ ਪੀੜਤ ਦੱਸੇ ਜਾ ਰਹੇ ਹਨ। ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਭਾਰਤ ਕਰੋਨਾ ਵਾਇਰਸ ਦੀ ਦੂਜੀ ਲਹਿਰ ਨਾਲ ਜੂਝ ਰਿਹਾ ਹੈ ਅਤੇ ਕਰੋਨਾ ਮਰੀਜ਼ਾਂ ਦੀ ਗਿਣਤੀ ਵਿਚ ਵੱਡਾ ਵਾਧਾ ਹੋ ਰਿਹਾ ਹੈ।