ਕੇਂਦਰ ਦੇ ਆਰਡੀਨੈਂਸ ਖਿਲਾਫ ਅਰਵਿੰਦ ਕੇਜਰੀਵਾਲ ਮੰਗ ਰਹੇ ਹਨ ਸਮਰਥਨ
ਨਵੀਂ ਦਿੱਲੀ/ਬਿਊਰੋ ਨਿਊਜ਼
ਕਾਂਗਰਸ ਪਾਰਟੀ ਦੇ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਰਾਹੁਲ ਗਾਂਧੀ ਨੇ ਅੱਜ ਦਿੱਲੀ ਅਤੇ ਪੰਜਾਬ ਦੇ ਕਾਂਗਰਸੀ ਆਗੂਆਂ ਨਾਲ ਬੈਠਕ ਕੀਤੀ। ਇਸ ਬੈਠਕ ਦੌਰਾਨ ਚਰਚਾ ਕੀਤੀ ਗਈ ਕਿ ਕਾਂਗਰਸ ਪਾਰਟੀ ਨੂੰ ਕੇਂਦਰ ਸਰਕਾਰ ਦੇ ਆਰਡੀਨੈਂਸ ਦੇ ਖਿਲਾਫ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਦਾ ਸਮਰਥਨ ਕਰਨਾ ਚਾਹੀਦਾ ਹੈ ਜਾਂ ਨਹੀਂ। ਇਸ ਦੌਰਾਨ ਪੰਜਾਬ ਦੇ ਕਾਂਗਰਸੀ ਆਗੂਆਂ ਨੇ ਸੁਝਾਅ ਦਿੱਤਾ ਕਿ ਆਮ ਆਦਮੀ ਪਾਰਟੀ ਨਾਲ ਕੋਈ ਸਮਝੌਤਾ ਨਹੀਂ ਹੋਣਾ ਚਾਹੀਦਾ। ਬੈਠਕ ਵਿਚ ਦਿੱਲੀ ਦੇ ਆਗੂਆਂ ਨੇ ਵੀ ਕਿਹਾ ਕਿ ਦਿੱਲੀ ’ਚ ਆਮ ਆਦਮੀ ਪਾਰਟੀ ਦੇ ਨਾਲ ਕੋਈ ਗਠਜੋੜ ਨਹੀਂ ਹੋਣਾ ਚਾਹੀਦਾ। ਨਾਲ ਹੀ ਆਗੂਆਂ ਨੇ ਦਿੱਲੀ ਦੇ ਅਧਿਕਾਰੀਆਂ ਦੀ ਟਰਾਂਸਫਰ ਅਤੇ ਪੋਸਟਿੰਗ ਨੂੰ ਲੈ ਕੇ ਕੇਂਦਰ ਦੇ ਆਰਡੀਨੈਂਸ ਖਿਲਾਫ ‘ਆਪ’ ਦਾ ਸਮਰਥਨ ਕਰਨ ਤੋਂ ਮਨਾ ਕੀਤਾ। ਹਾਲਾਂਕਿ ਆਗੂਆਂ ਨੇ ਇਹ ਤੈਅ ਕੀਤਾ ਹੈ ਕਿ ਆਖਰੀ ਫੈਸਲਾ ਕਾਂਗਰਸ ਹਾਈਕਮਾਨ ਹੀ ਲਵੇਗੀ। ਜ਼ਿਕਰਯੋਗ ਹੈ ਕਿ ਲੰਘੀ 20 ਮਈ ਨੂੰ ਕੇਂਦਰ ਸਰਕਾਰ ਨੇ ਦਿੱਲੀ ’ਚ ਅਫਸਰਾਂ ਦੀ ਟਰਾਂਸਫਰ ਅਤੇ ਪੋਸਟਿੰਗ ਨੂੰ ਲੈ ਕੇ ਆਰਡੀਨੈਂਸ ਜਾਰੀ ਕੀਤਾ ਸੀ। ਕੇਜਰੀਵਾਲ ਇਸਦਾ ਵਿਰੋਧ ਕਰ ਰਹੇ ਹਨ ਅਤੇ ਉਨ੍ਹਾਂ ਨੇ ਕਾਂਗਰਸ ਸਣੇ ਹੋਰ ਵਿਰੋਧੀ ਪਾਰਟੀਆਂ ਕੋਲੋਂ ਇਸ ਲਈ ਸਮਰਥਨ ਮੰਗਿਆ ਹੈ, ਪਰ ਕਾਂਗਰਸ ਪਾਰਟੀ ਦੇ ਆਗੂ ਕੇਜਰੀਵਾਲ ਦੇ ਸਮਰਥਨ ਨੂੰ ਲੈ ਕੇ ਇਕਮੱਤ ਨਹੀਂ ਹਨ।