ਅਹਿਮਦਾਬਾਦ/ਬਿਊਰੋ ਨਿਊਜ਼
ਗੁਜਰਾਤ ਵਿਧਾਨ ਸਭਾ ਚੋਣ ਪਿੜ ਇਸ ਸਮੇਂ ਸਿਖ਼ਰ ‘ਤੇ ਹੈ। ਕਾਂਗਰਸ ਕੋਲ ਗੁਜਰਾਤ ‘ਚ ਗਵਾਉਣ ਲਈ ਕੁੱਝ ਨਹੀਂ ਹੈ ਪਰ ਦੇਸ਼ ‘ਚ ਆਪਣੀ ਸ਼ਾਖ਼ ਖੜ੍ਹੀ ਕਰਨ ਲਈ ਗੁਜਰਾਤ ਚੋਣਾਂ ਉਨ੍ਹਾਂ ਲਈ ਨੱਕ ਦਾ ਸਵਾਲ ਹਨ। ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਦਾ ਮੁੱਖ ਚਿਹਰਾ ਨਰਿੰਦਰ ਮੋਦੀ ਹੀ ਹਨ ਪਰ ਜੀਐਸਟੀ, ਨੋਟਬੰਦੀ ਵਰਗੇ ਕੇਂਦਰ ਦੇ ਸਖ਼ਤ ਫ਼ੈਸਲਿਆਂ ਕਾਰਨ ਮੋਦੀ ਦੀ ਦਿਖ਼ ਨੂੰ ਜਿੱਥੇ ਢਾਹ ਲੱਗੀ ਹੈ ਉੱਥੇ ਸੂਬੇ ਦੀ ਭਾਜਪਾ ਲੀਡਰਸ਼ਿਪ ‘ਚ ਵੀ ਖਿੱਚੋਤਾਣ ਹੈ ਇਸ ਲਈ ਗੁਜਰਾਤ ‘ਚ ਹੁਣ ਇਹ ਚਰਚਾਵਾਂ ਆਮ ਸੁਣੀਆਂ ਜਾਂਦੀਆਂ ਹਨ ਕਿ “ਭਾਈ ਭਾਜਪਾ ‘ਰਾਮ’ ਸਹਾਰੇ ਤੇ ਕਾਂਗਰਸ ਪਟੇਲਾਂ ਦੇ ਆਸਰੇ ਹੀ ਹੈ” ਧਿਆਨ ਰਹੇ ਕਿ ਭਾਜਪਾ ਦੀ ਇਹ ਨੀਤੀ ਰਹੀ ਹੈ ਕਿ ਜਦੋਂ ਵੀ ਉਨ੍ਹਾਂ ਨੂੰ ਲੱਗਦਾ ਹੈ ਕਿ ਸਾਡੀਆਂ ਨੀਤੀਆਂ ਤੇ ਸਾਡੇ ਕੰਮ ਕਮਜ਼ੋਰ ਪੈ ਰਹੇ ਹਨ ਤਦ ਉਹ ਧਰਮ ਦਾ ਪੱਤਾ ਖੇਡਦੀ ਹੈ ਤੇ ਇਸ ਕੰਮ ‘ਚ ਇਸ ਵਾਰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਅਗਵਾਈ ਕਰਨਗੇ।
ਦੂਜੇ ਪਾਸੇ ਗੁਜਰਾਤ ਚੋਣਾਂ ‘ਚ ਭਾਜਪਾ ਨੂੰ ਮਾਤ ਦੇ ਕੇ ਕਾਂਗਰਸ ਦੀ ਅੱਖ 2019 ਦੀਆਂ ਚੋਣਾਂ ‘ਤੇ ਹੈ ਜਿਸਦੇ ਲਈ ਉਸ ਦੀ ਸੂਬੇ ‘ਚ ਸਾਰੀ ਟੇਕ ਪਾਟੀਦਾਰ ਪਟੇਲਾਂ ‘ਤੇ ਹੈ ਇਸਦੇ ਚਲਦਿਆਂ ਕਾਂਗਰਸ ਨੇ ਪਾਟੀਦਾਰ ਪਟੇਲਾਂ ਦੇ ਆਗੂ ਹਾਰਦਿਕ ਪਟੇਲ ਨਾਲ ਸਿਆਸੀ ਸਮਝੌਤਾ ਕਰਦਿਆਂ ਉਸਦੀ ਰਾਖਵਾਂਕਰਨ ਦੀ ਮੰਗ ਨੂੰ ਮੰਨ ਲਿਆ ਹੈ । ਦੇਸ਼ ਦੇ ਸਿਆਸੀ ਮਾਹਿਰਾਂ ਦੀ ਵੀ ਨਜ਼ਰ ਗੁਜਰਾਤ ‘ਤੇ ਟਿਕ ਗਈ ਹੈ ਉਹ ਇਹ ਮੰਨ ਕੇ ਚੱਲ ਰਹੇ ਹਨ ਕਿ ਜੋ ਗੁਜਰਾਤ ਦਾ ਮੈਦਾਨ ਜਿੱਤੇਗਾ ਉਸਦੇ ਲਈ ਦੇਸ਼ ਦੀ ਸੱਤਾ ‘ਤੇ ਕਾਬਜ਼ ਹੋਣ ਦਾ ਰਾਹ ਸੁਖ਼ਾਲਾ ਹੋ ਜਾਵੇਗਾ। ਜ਼ਿਕਰਯੋਗ ਹੈ ਕਿ ਗੁਜਰਾਤ ‘ਚ ਕੁੱਲ 182 ਸੀਟਾਂ ਹਨ ਜਿਨ੍ਹਾਂ ਚੋਂ 120 ਭਾਜਪਾ ਕੋਲ ਹਨ ਤੇ 47 ਸੀਟਾਂ ‘ਤੇ ਕਾਂਗਰਸ ਪਾਰਟੀ ਕਾਬਜ਼ ਹੈ।
2012 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਕੇਸ਼ੂ ਭਾਈ ਪਟੇਲ ਭਾਜਪਾ ਨਾਲ ਨਹੀਂ ਸਨ ਪਰ ਪਟੇਲਾਂ ਨੇ ਭਾਜਪਾ ਦਾ ਸਾਥ ਦਿੱਤਾ ਸੀ।ਪਰ ਇਸ ਵਾਰ ਹਵਾ ਥੋੜ੍ਹੀ ਬਦਲੀ ਹੋਈ ਦਿਖਾਈ ਦੇ ਰਹੀ ਹੈ।
ਜੇਕਰ ਪਾਟੀਦਾਰ ਪਟੇਲਾਂ ਦੀ ਗੱਲ ਕੀਤੀ ਜਾਵੇ ਤਾਂ 80 ਸੀਟਾਂ ‘ਤੇ ਇਨ੍ਹਾਂ ਦਾ ਪ੍ਰਭਾਵ ਹੈ ਤੇ 20 ਸੀਟਾਂ ਅਜਿਹੀਆਂ ਹਨ ਜਿਸ ‘ਤੇ ਪਾਟੀਦਾਰਾਂ ਦੀ ਵੋਟ ਪ੍ਰਤੀਸ਼ਤ 40 ਫ਼ੀਸਦੀ ਤੋਂ ਜ਼ਿਆਦਾ ਹੈ। ਅਜਿਹੇ ‘ਚ ਰਾਜਨੀਤੀਵਾਨਾਂ ਨੂੰ ਕੁੱਝ ਸਮਝ ਨਹੀਂ ਆ ਰਿਹਾ ਕਿ ਲੋਕਾਂ ਦਾ ਮਨ ਕੀ ਕਹਿ ਰਿਹਾ ਹੈ। ਗੁਜਰਾਤ ‘ਚ 88 ਫ਼ੀਸਦੀ ਦੇ ਲਗਭਗ ਹਿੰਦੂ ਵੋਟਰ ਹਨ ਜਿਸ ਕਾਰਨ ਭਾਜਪਾ ਧਰਮ ਦਾ ਪੱਤਾ ਖੇਡ ਕੇ ਬਾਜ਼ੀ ਜਿੱਤਣ ਦੀ ਤਾਕ ‘ਚ ਜਾਪ ਰਹੀ ਹੈ।
Check Also
1984 ਸਿੱਖ ਕਤਲੇਆਮ ਮਾਮਲੇ ’ਚ ਸੱਜਣ ਕੁਮਾਰ ਖਿਲਾਫ਼ ਫੈਸਲਾ ਟਲਿਆ
ਅਗਲੀ ਸੁਣਵਾਈ ਦੌਰਾਨ ਅਦਾਲਤ 16 ਦਸੰਬਰ ਨੂੰ ਸੁਣਾਏਗੀ ਫੈਸਲਾ ਨਵੀਂ ਦਿੱਲੀ/ਬਿਊਰੋ ਨਿਊਜ਼ : 1984 ਸਿੱਖ …