Breaking News
Home / ਭਾਰਤ / ਕਰਤਾਰਪੁਰ ਲਾਂਘੇ ਲਈ ਪਾਕਿ ਨੇ ਲਗਾਈਆਂ ਸ਼ਰਤਾਂ, ਭਾਰਤ ਦੀਆਂ ਪੇਸ਼ਕਸ਼ਾਂ ਦਾ ਕੀਤਾ ਵਿਰੋਧ

ਕਰਤਾਰਪੁਰ ਲਾਂਘੇ ਲਈ ਪਾਕਿ ਨੇ ਲਗਾਈਆਂ ਸ਼ਰਤਾਂ, ਭਾਰਤ ਦੀਆਂ ਪੇਸ਼ਕਸ਼ਾਂ ਦਾ ਕੀਤਾ ਵਿਰੋਧ

700 ਸ਼ਰਧਾਲੂ ਕਰ ਸਕਣਗੇ ਇਕ ਦਿਨ ‘ਚ ਗੁਰਦੁਆਰਾ ਸਾਹਿਬ ਦੇ ਦਰਸ਼ਨ

ਨਵੀਂ ਦਿੱਲੀ : ਪਾਕਿਸਤਾਨ ਨੇ ਕਰਤਾਰਪੁਰ ਲਾਂਘਾ ਚਾਲੂ ਕਰਨ ਲਈ ਕਈ ਸ਼ਰਤਾਂ ਲਾ ਦਿੱਤੀਆਂ ਹਨ ਅਤੇ ਭਾਰਤ ਵੱਲੋਂ ਪੇਸ਼ ਕੀਤੀਆਂ ਸਾਰੀਆਂ ਪੇਸ਼ਕਸ਼ਾਂ ਜਿਨ੍ਹਾਂ ਵਿੱਚ ਲਾਂਘਾ ਸਿੱਖ ਸ਼ਰਧਾਲੂਆਂ ਲਈ ਸਾਰਾ ਸਾਲ ਖੋਲ੍ਹਣ ਦੀ ਤਜ਼ਵੀਜ ਵੀ ਸ਼ਾਮਲ ਹੈ, ਦਾ ਵਿਰੋਧ ਕੀਤਾ ਹੈ। ਇਹ ਜਾਣਕਾਰੀ ਸਰਕਾਰੀ ਅਧਿਕਾਰੀਆਂ ਨੇ ਦਿੱਤੀ ਹੈ।  ਸਰਕਾਰੀ ਅਧਿਕਾਰੀਆਂ ਅਨੁਸਾਰ ਲਾਂਘਾ ਖੋਲ੍ਹਣ ਲਈ ਪਾਕਿਸਤਾਨ ਜਾਂ ਤਾਂ ਸ਼ਰਤਾਂ ਲਾ ਰਿਹਾ ਹੈ ਜਾਂ ਫਿਰ ਭਾਰਤ ਵੱਲੋਂ ਪੇਸ਼ ਕੀਤਆਂ ਜਾਂਦੀਆਂ ਤਜ਼ਵੀਜਾਂ ਦਾ ਵਿਰੋਧ ਕਰਦਾ ਹੈ। ਪਾਕਿਸਤਾਨ ਦੇ ਅਧਿਕਾਰੀ ਇਸ ਗੱਲ ਉੱਤੇ ਜ਼ੋਰ ਦੇ ਰਹੇ ਹਨ ਕਿ ਇੱਕ ਦਿਨ ਵਿੱਚ ਸਿਰਫ਼ 700 ਸ਼ਰਧਾਲੂਆਂ ਨੂੰ ਹੀ ਦਰਬਾਰ ਸਾਹਿਬ ਕਰਤਾਰਪੁਰ ਦੇ ਦਰਸ਼ਨ ਕਰਨ ਦੀ ਆਗਿਆ ਦਿੱਤੀ ਜਾ ਸਕਦੀ ਹੈ। ਜ਼ਿਕਰਯੋਗ ਹੈ ਕਿ ਕਰਤਾਰਪੁਰ ਵਿੱਚ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਉਮਰ ਦਾ ਆਖ਼ਰੀ ਸਮਾਂ ਬਤੀਤ ਕੀਤਾ ਸੀ ਅਤੇ ਉਨ੍ਹਾਂ ਪ੍ਰਤੀ ਹਰ ਧਰਮ ਦੇ ਲੋਕਾਂ ਦੀ ਅਥਾਹ ਸ਼ਰਧਾ ਹੈ। ਇਸ ਤੋਂ ਇਲਾਵਾ ਪਾਕਿਸਤਾਨ ਦੀ ਸ਼ਰਤ ਹੈ ਕਿ ਸ਼ਰਧਾਲੂ ਵਿਸ਼ੇਸ਼ ਪਰਮਿਟ ਲੈ ਕੇ ਆਉਣ ਅਤੇ ਵੀਜ਼ਾ ਫੀਸ ਵੀ ਅਦਾ ਕਰਨ ਜਦੋਂ ਕਿ ਭਾਰਤ ਚਾਹੁੰਦਾ ਹੈ ਕਿ ਇਹ ਯਾਤਰਾ ਵੀਜ਼ੇ ਤੋਂ ਬਿਨਾ ਅਤੇ ਬਿਨਾ ਫੀਸ ਦੇ ਹੀ ਹੋਣੀ ਚਾਹੀਦੀ ਹੈ। ਭਾਰਤ ਦੇ ਅਧਿਕਾਰੀਆਂ ਨੇ ਇਹ ਤਜ਼ਵੀਜ ਰੱਖੀ ਹੈ ਕਿ ਨਾ ਸਿਰਫ ਭਾਰਤੀ ਸ਼ਰਧਾਲੂਆਂ ਸਗੋਂ ਵਿਦੇਸ਼ ਤੋਂ ਆਉਣ ਵਾਲੇ ਭਾਰਤੀ ਕਾਰਡ ਵਾਲੇ ਸ਼ਰਧਾਲੂਆਂ ਨੂੰ ਵੀ ਯਾਤਰਾ ਕਰਨ ਦੀ ਆਗਿਆ ਦਿੱਤੀ ਜਾਵੇ। ਇਸ ਤੋਂ ਇਲਾਵਾ ਭਾਰਤ ਚਾਹੁੰਦਾ ਹੈ ਕਿ ਲਾਂਘਾ ਹਫ਼ਤੇ ਵਿੱਚ ਸੱਤ ਦਿਨ ਅਤੇ ਸਾਰਾ ਸਾਲ ਖੁੱਲ੍ਹਾ ਰਹਿਣਾ ਚਾਹੀਦਾ ਹੈ ਪਰ ਪਾਕਿਸਤਾਨ ਦਾ ਕਹਿਣਾ ਹੈ ਕਿ ਲਾਂਘਾ ਵਿਸ਼ੇਸ਼ ਤੈਅ ਦਿਨਾਂ ਉੱਤੇ ਹੀ ਖੁੱਲ੍ਹਣਾ ਚਾਹੀਦਾ ਹੈ। ਭਾਰਤ ਦੀ ਤਜ਼ਵੀਜ ਹੈ ਕਿ ਰੋਜ਼ਾਨਾ ਪੰਜ ਹਜ਼ਾਰ ਸ਼ਰਧਾਲੂਆਂ ਨੂੰ ਦਰਸ਼ਨ ਕਰਨ ਦੀ ਆਗਿਆ ਦਿੱਤੀ ਜਾਵੇ ਪਰ ਪਾਕਿਸਤਾਨ ਦਾ ਕਹਿਣਾ ਹੈ ਕਿ ਇਹ ਗਿਣਤੀ ਸੱਤ ਸੌ ਤੋਂ ਵੱਧ ਨਹੀਂ ਹੋਣੀ ਚਾਹੀਦੀ ਹੈ।ਇਸ ਤੋਂ ਇਲਾਵਾ ਵਿਸ਼ੇਸ਼ ਦਿਨਾਂ ਉੱਤੇ ਦਸ ਹਜ਼ਾਰ ਤੱਕ ਸ਼ਰਧਾਲੂ ਭੇਜਣ ਦੀ ਤਜ਼ਵੀਜ ਵੀ ਪਾਕਿਸਤਾਨ ਨੇ ਨਹੀਂ ਮੰਨੀ। ਭਾਰਤ ਨੇ ਤਜ਼ਵੀਜ ਦਿੱਤੀ ਸੀ ਕਿ ਦਰਸ਼ਨ ਕਰਨ ਜਾਣ ਲਈ ਸ਼ਰਧਾਲੂਆਂ ਨੂੰ ਵਿਅਕਤੀਗਤ ਅਤੇ ਜਥਿਆਂ ਦੋਵਾਂ ਰੂਪਾਂ ਵਿੱਚ ਹੀ ਆਗਿਆ ਦਿੱਤੀ ਜਾਵੇ ਪਰ ਪਾਕਿਸਤਾਨ ਦਾ ਕਹਿਣਾ ਹੈ ਕਿ ਵਿਅਕਤੀਗਤ ਤੌਰ ਉੱਤੇ ਆਗਿਆ ਨਹੀਂ ਦਿੱਤੀ ਜਾ ਸਕਦੀ ਅਤੇ ਜੱਥਾ ਵੀ ਘੱਟੋ ਘੱਟ 15 ਵਿਅਕਤੀਆਂ ਦਾ ਹੀ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਪਾਕਿਸਤਾਨ, ਭਾਰਤ ਦੀ ਰਾਵੀ ਦਰਿਆ ਉਤੇ ਪੁਲ ਉਸਾਰਨ ਦੀ ਤਜ਼ਵੀਜ ਨਾਲ ਵੀ ਸਹਿਮਤ ਨਹੀਂ ਹੈ ਅਤੇ ਨਾ ਹੀ ਭਾਰਤ ਦੇ ਵੱਲੋਂ ਸ਼ਰਧਾਲੂਆਂ ਦੀ ਪੈਦਲ ਜਾਣ ਦੀ ਤਜ਼ਵੀਜ ਬਾਰੇ ਉਸ ਵੱਲੋਂ ਕੋਈ ਹੁੰਗਾਰਾ ਭੇਜਿਆ ਗਿਆ ਹੈ। ਸਰਕਾਰੀ ਅਧਿਕਾਰੀਆਂ ਨੇ ਕਿਹਾ ਹੈ ਕਿ ਭਾਵੇਂ ਪਾਕਿਸਤਾਨ ਵੱਲੋਂ ਕਰਤਾਰਪੁਰ ਲਾਂਘੇ ਪ੍ਰਤੀ ਨਾਮਿਲਵਰਤਨ ਵਾਲੀ ਨੀਤੀ ਅਪਣਾਈ ਜਾ ਰਹੀ ਹੈ ਪਰ ਫਿਰ ਵੀ ਭਾਰਤ ਲਾਂਘੇ ਦੀ ਉਸਾਰੀ ਲਈ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਤੈਅਸ਼ੁਦਾ ਤਰੀਕ 12 ਨਵੰਬਰ 2019 ਤੋਂ ਪਹਿਲਾਂ ਲਾਂਘਾ ਤਿਆਰ ਕਰਨ ਲਈ ਵਚਨਬੱਧ ਹੈ। ਅਧਿਕਾਰੀਆਂ ਅਨੁਸਾਰ ਫੋਰਲੇਨ ਹਾਈਵੇ ਦਾ ਕਾਰਜ 30 ਸਤੰਬਰ 2019 ਤੱਕ ਮੁਕੰਮਲ ਕਰ ਲਿਆ ਜਾਵੇਗਾ।

ਯਾਤਰੂ ਕੰਪਲੈਕਸ ਦਾ ਕੰਮ ਸ਼ੁਰੂ

ਬਟਾਲਾ : ਡੇਰਾ ਬਾਬਾ ਨਾਨਕ ਸੈਕਟਰ ਵਿੱਚ ਕੌਮਾਂਤਰੀ ਸਰਹੱਦ ਕੋਲ ਯਾਤਰੂ ਕੰਪਲੈਕਸ ਦੀ ਉਸਾਰੀ ਦਾ ਕੰਮ ਭੂਮੀ ਪੂਜਨ ਦੇ ਨਾਲ ਸ਼ੁਰੂ ਹੋ ਗਿਆ। ਇਸ ਕੰਪਲੈਕਸ ਲਈ ਸਰਕਾਰ ਨੇ 50 ਏਕੜ ਜ਼ਮੀਨ ਗ੍ਰਹਿਣ ਕੀਤੀ ਹੋਈ ਹੈ। ਕੰਮ ਦੀ ਸੁਰੂਆਤ ਤੋਂ ਪਹਿਲਾਂ ਲੈਂਡ ਪੋਰਟ ਅਥਾਰਟੀ ਆਫ ਇੰਡੀਆ ਦੇ ਅਧਿਕਾਰੀਆਂ ਨੇ ਭੂਮੀ ਪੂਜਨ ਕੀਤਾ। ਇਸ ਮੌਕੇ ਚੇਅਰਮੈਨ ਅਨਿਲ ਬੰਬ, ਮੈਨੇਜਰ ਸੁਖਦੇਵ ਸਿੰਘ, ਜਨਰਲ ਮੈਨੇਜਰ ਦੀਪ, ਸੁਰਜੀਤ ਸਿੰਘ ਅਤੇ ਸੀਗਲ ਕੰਪਨੀ ਦੇ ਅਧਿਕਾਰੀ ਜਤਿੰਦਰ ਸਿੰਘ ਹਾਜ਼ਰ ਸਨ।

ਪਾਕਿਸਤਾਨ ਦਾ ਸਭ ਤੋਂ ਖੂਬਸੂਰਤ ਰੇਲਵੇ ਸਟੇਸ਼ਨ ਨਨਕਾਣਾ ਸਾਹਿਬ ‘ਚ ਬਣੇਗਾ

ਅੰਮ੍ਰਿਤਸਰ : ਪਾਕਿਸਤਾਨ ਵਿਚ ਭਾਰੀ ਉਤਸ਼ਾਹ ਨਾਲ ਮਨਾਏ ਜਾ ਰਹੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਜ਼ਿਲ੍ਹਾ ਸ੍ਰੀ ਨਨਕਾਣਾ ਸਾਹਿਬ ਦੇ ਰੇਲਵੇ ਸਟੇਸ਼ਨ ਨੂੰ ਦਿਲਖਿੱਚਵਾਂ ਰੂਪ ਦਿੱਤਾ ਜਾਵੇਗਾ ਅਤੇ ਗੁਰੂ ਨਾਨਕ ਦੇਵ ਜੀ ਦੀ ਜਨਮ ਭੂਮੀ ‘ਤੇ ਆਧੁਨਿਕ ਢੰਗ ਨਾਲ ਉਸਾਰਿਆ ਜਾ ਰਿਹਾ ਇਹ ਰੇਲਵੇ ਸਟੇਸ਼ਨ ਪਾਕਿਸਤਾਨ ਦਾ ਸਭ ਤੋਂ ਖ਼ੂਬਸੂਰਤ ਤੇ ਵਿਸ਼ਾਲ ਸਟੇਸ਼ਨ ਹੋਵੇਗਾ। 550ਵੇਂ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਸ੍ਰੀ ਨਨਕਾਣਾ ਸਾਹਿਬ ਵਿਚ ਕੀਤੀਆਂ ਜਾ ਰਹੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਪਹੁੰਚੇ ਧਾਰਮਿਕ ਸੈਰ-ਸਪਾਟਾ ਤੇ ਹੈਰੀਟੇਜ ਕਮੇਟੀ ਦੇ ਮੁਖੀ ਅਤੇ ਪੰਜਾਬ ਦੇ ਗਵਰਨਰઠਚੌਧਰੀ ਮੁਹੰਮਦ ਸਰਵਰ ਨੇ ਨਵੇਂ ਉਸਾਰੇ ਜਾ ਰਹੇ ਰੇਲਵੇ ਸਟੇਸ਼ਨ ਦਾ ਦੌਰਾ ਕਰਨ ਉਪਰੰਤ ਉਕਤ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਉਕਤ ਰੇਲਵੇ ਸਟੇਸ਼ਨ ‘ਤੇ ਯਾਤਰੂਆਂ ਦੀ ਅਸਥਾਈ ਰਿਹਾਇਸ਼ ਅਤੇ ਆਰਾਮ ਕਰਨ ਲਈ ਵੇਟਿੰਗ ਹਾਲ ਅਤੇ ਸਰਾਂ ਵੀ ਬਣਾਈ ਜਾ ਰਹੀ ਹੈ। ਗਵਰਨਰ ਨੇ ਰੇਲਵੇ ਸਟੇਸ਼ਨ ਤੋਂ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਤੱਕ ਉਸਾਰੀ ਜਾਣ ਵਾਲੀ ਸੁਰੰਗ ਦੇ ਚੱਲ ਰਹੇ ਨਿਰਮਾਣ ਕਾਰਜਾਂ ਦਾ ਵੀ ਦੌਰਾ ਕੀਤਾ। ਉਨ੍ਹਾਂ ਦੱਸਿਆ ਕਿ ਇਸ ਸੁਰੰਗ ਰਾਹੀਂ ਯਾਤਰੂ ਰੇਲਵੇ ਸਟੇਸ਼ਨ ਤੋਂ ਸਿੱਧੇ ਗੁਰਦੁਆਰਾ ਸਾਹਿਬ ਪਹੁੰਚ ਸਕਣਗੇ ਤੇ ਉਨ੍ਹਾਂ ਦੀ ਆਮਦ ਦੌਰਾਨ ਸ਼ਹਿਰ ਵਿਚ ਜਾਮ ਨਹੀਂ ਲੱਗੇਗਾ। ਸਿੱਖ ਕੌਂਸਲ ਆਫ਼ ਪਾਕਿਸਤਾਨ ਦੇ ਜਨਰਲ ਸਕੱਤਰ ਸੁਰਜੀਤ ਸਿੰਘ ਕੰਵਲ ਨੇ ਦੱਸਿਆ ਕਿ ਗਵਰਨਰ ਚੌਧਰੀ ਮੁਹੰਮਦ ਸਰਵਰ ਦਾ ਗੁਰਦੁਆਰਾ ਸ੍ਰੀ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਪਹੁੰਚਣ ‘ਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਤਾਰਾ ਸਿੰਘ ਤੇ ਐਮ. ਪੀ. ਏ.ਤੇ ਸੰਸਦੀ ਸਕੱਤਰ ਮਹਿੰਦਰਪਾਲ ਸਿੰਘ ਨੇ ਸਵਾਗਤ ਕੀਤਾ ਤੇ ਸਿਰੋਪਾਓ ਭੇਟ ਕੀਤਾ। ਇਸ ਮੌਕੇ ਪ੍ਰੋ: ਕਲਿਆਣ ਸਿੰਘ ਕਲਿਆਣ, ਭੁਪਿੰਦਰ ਸਿੰਘ ਲਵਲੀ, ਗਵਰਨਰ ਦੇ ਜਨ ਸੰਪਰਕ ਅਧਿਕਾਰੀ ਪਵਨ ਸਿੰਘ ਅਰੋੜਾ, ਗੋਪਾਲ ਸਿੰਘ ਚਾਵਲਾ ਆਦਿ ਵੀ ਹਾਜ਼ਰ ਸਨ।

 

Check Also

ਅਰਵਿੰਦ ਕੇਜਰੀਵਾਲ ਦੀ ਈਡੀ ਕਸਟਡੀ 1 ਅਪ੍ਰੈਲ ਤੱਕ ਵਧੀ

ਸ਼ਰਾਬ ਨੀਤੀ ਮਾਮਲੇ ’ਚ ਲੰਘੀ 21 ਮਾਰਚ ਨੂੰ ਕੀਤਾ ਗਿਆ ਸੀ ਗਿ੍ਰਫ਼ਤਾਰ ਨਵੀਂ ਦਿੱਲੀ/ਬਿਊਰੋ ਨਿਊਜ਼ …