
ਬਾਈਕ ਸਵਾਰ ਨੂੰ ਟੱਕਰ ਮਾਰਨ ਦੀ ਵੀਡੀਓ ਹੋਈ ਸੀ ਵਾਇਰਲ
ਗੁਰੂਗ੍ਰਾਮ ਪੁਲਿਸ ਨੇ ਦੋਸ਼ੀ ਬੈਂਸਲਾ ’ਤੇ ਲਾਈ ਕਤਲ ਦੀ ਕੋਸ਼ਿਸ਼ ਦੀ ਧਾਰਾ
ਅਮਰਜੀਤ ਸਿੰਘ
ਗੁਰੂਗ੍ਰਾਮ, 15 ਸਿਤੰਬਰ, 2026
‘ਹਿਟ-ਐਂਡ-ਰਨ’ ਮਾਮਲੇ ਵਿੱਚ ਗੁਰੂਗਰਾਮ ਪੁਲਿਸ ਦੀ ਇਸ ਘਟਨਾ ਨੂੰ ਹੱਲ ਕਰਨ ਲਈ ਕੀਤੀ ਤਤਕਾਲੀ ਕੋਸ਼ਿਸ਼ ਦੀ ਜਿੰਨੀ ਤਾਰੀਫ ਕੀਤੀ ਜਾਵੇ ਉੱਨੀ ਘੱਟ ਹੈ। ਇਹ ਮਾਮਲਾ ਐਤਵਾਰ ਸਵੇਰੇ ਗੁਰੂਗ੍ਰਾਮ ਦੇ ਗੋਲਫ ਕੋਰਸ ਰੋਡ ’ਤੇ ਵਾਪਰੀ ਇੱਕ ਘਟਨਾ ਦਾ ਹੈ, ਜਦੋਂ ਸਿਆ ਨਾਮ ਦੀ ਕੁੜੀ ਆਪਣੇ ਸਾਥੀ ਬਾਈਕਰਾਂ ਨਾਲ ਉਧਰੋਂ ਜਾ ਰਹੀ ਸੀ। ਸਿਆ ਉਦੋਂ ਜ਼ਖ਼ਮੀ ਹੋ ਗਈ ਜਦੋਂ ਇੱਕ ਕਾਰ ਚਲਾਕ ਨੇ ਉਸਦੀ ਬਾਈਕ ਨੂੰ ਟੱਕਰ ਮਾਰ ਦਿੱਤੀ ਸੀ। ਇਸ ਘਟਨਾ ਦੀ ਵੀਡੀਓ ਤਤਕਾਲ ਵਾਇਰਲ ਹੋ ਗਈ ਤੇ ਦੁਨੀਆ ਭਰ ਵਿੱਚ ਇਸਦੀ ਚਰਚਾ ਆਰੰਭ ਹੋ ਗਈ।
ਠੀਕ ਉਸੇ ਵੇਲੇ ਗੁਰੂਗ੍ਰਾਮ ਦੇ ਸੈਕਟਰ-56 ਪੁਲਿਸ ਸਟੇਸ਼ਨ ਵਿੱਚ ਤਾਇਨਾਤ ਪੁਲਿਸ ਕਰਮੀਆਂ ਨੇ ਉਸ ਵੀਡੀਓ ਨੂੰ ਪੁਲਿਸ ਦੇ ਸੋਸ਼ਲ ਮੀਡੀਆ ਮਾਨੀਟਰਿੰਗ ਸੈੱਲ ਤੇ ਵੇਖਿਆ। ਪੁਲਿਸ ਉਸੇ ਵੇਲੇ ਹਰਕਤ ਵਿੱਚ ਆਈ ਤੇ ਪੀੜਤਾ ਵੱਲੋਂ ਦਿੱਤੀ ਜਾਣਕਾਰੀ ਮੁਤਾਬਿਕ ਦੋਸ਼ੀ ਨੂੰ ਤਲਾਸ਼ ਕਰਨਾ ਸ਼ੁਰੂ ਕਰ ਦਿੱਤਾ। ਪੀੜਤ ਲੜਕੀ ਵੀਡੀਓ ਵਿੱਚ ਦੱਸ ਚੁੱਕੀ ਸੀ ਕਿ ਕਾਰ ਚਾਲਕ ਨੇ ਹਮਲਾਵਾਰ ਵਾਂਗ ਉਸਦਾ ਪਿੱਛਾ ਕੀਤਾ, ਹੱਥਾਂ ਨਾਲ ਧਮਕਾਉਣ ਵਾਲੇ ਇਸ਼ਾਰੇ ਕੀਤੇ ਅਤੇ ਮੌਕੇ ਤੋਂ ਭੱਜਣ ਤੋਂ ਪਹਿਲਾਂ ਜਾਣਬੁੱਝ ਕੇ ਉਸਦੇ ਦੋ-ਪਹੀਆ ਵਾਹਨ ਨੂੰ ਟੱਕਰ ਮਾਰੀ।
ਇਸ ਤੋਂ ਮਗਰੋਂ ਗੁਰੂਗ੍ਰਾਮ ਦੇ ਸੈਕਟਰ-56 ਥਾਣੇ ਵਿੱਚ ਐਫਆਈਆਰ ਦਰਜ ਕਰਨ ਤੋਂ ਬਾਅਦ ਪੁਲਿਸ ਨੇ ਦੋਸ਼ੀ ਦਾ ਖੁਰਾ ਨੱਪ ਲਿਆ ਤੇ ਜਾ ਪਹੁੰਚੀ ਰਾਜਸਥਾਨ ਦੇ ਸ਼ਹਿਰ ਦੌਸਾ। ਸੋਸ਼ਲ ਮੀਡੀਆ ਨਿਗਰਾਨੀ ਸੈੱਲ ਨੇ ਸਿਆ ਨੂੰ ਟੱਕਰ ਮਾਰਨ ਦੇ ਦੋਸ਼ੀ ਕਲਿਆਣ ਬੈਂਸਲਾ ਨੂੰ ਗਿ੍ਰਫ਼ਤਾਰ ਕਰ ਲਿਆ ਤੇ ਹੁਣ ਉਸਨੂੰ ਗੁਰੂਗ੍ਰਾਮ ਵਾਪਸ ਲਿਆਂਦਾ ਜਾ ਰਿਹਾ ਹੈ। ਇਸ ਦੌਰਾਨ, ਵੀਡੀਓ ਦੀ ਗਹਿਰਾਹਾਈ ਨਾਲ ਜਾਂਚ ਕਰਨ ਤੋਂ ਬਾਅਦ ਗੁਰੂਗ੍ਰਾਮ ਪੁਲਿਸ ਨੇ ਮਾਮਲੇ ਵਿੱਚ ਭਾਰਤੀਯ ਨਿਆਏ ਸੰਹਿਤਾ ਦੀ ਧਾਰਾ 109 ਵੀ ਸ਼ਾਮਲ ਕਰ ਲਈ ਹੈ।
ਇਸ ਧਾਰਾ ਮੁਤਾਬਕ ਦੋਸ਼ੀ ਨੂੰ ਦਸ ਸਾਲ ਦੀ ਕੈਦ-ਏ-ਬਾਮਾਸ਼ੱਕਤ ਵੀ ਦਿੱਤੀ ਜਾ ਸਕਦੀ ਹੈ। ਸੈਕਟਰ-56 ਦੇ ਸਟੇਸ਼ਨ ਹਾਊਸ ਅਫ਼ਸਰ ਮਨੋਜ ਕੁਮਾਰ ਦੀ ਅਗਵਾਈ ਵਾਲੀ ਟੀਮ ਨੇ ਦੱਖਣੀ ਦਿੱਲੀ ਦੇ ਕਾਲਕਾਜੀ ਸਥਿਤ ਪੀੜਤਾ ਦੇ ਘਰ ਜਾ ਕੇ ਉਸਦਾ ਬਿਆਨ ਦਰਜ ਕੀਤਾ ਅਤੇ ਪਹਿਲਾਂ ਦਰਜ ਕੀਤੀ ਗਈ ਐਫਆਈਆਰ ਵਿੱਚ ਨਵੀਆਂ ਸਖ਼ਤ ਧਾਰਾਵਾਂ ਸ਼ਾਮਲ ਕਰ ਲਈਆਂ।
ਪੁਲਿਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ, ਗੋਲਫ ਕੋਰਸ ਰੋਡ ’ਤੇ ਇੱਕ ਕਾਰ ਵੱਲੋਂ ਮਹਿਲਾ ਬਾਈਕ ਸਵਾਰ ਨੂੰ ਟੱਕਰ ਮਾਰਨ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ, ਗੁਰੂਗ੍ਰਾਮ ਪੁਲਿਸ ਨੇ ਖੁਦ ਨੋਟਿਸ ਲੈਂਦਿਆਂ ਸੈਕਟਰ-56 ਥਾਣੇ ਵਿੱਚ ਕੇਸ ਦਰਜ ਕੀਤਾ। ਇਸ ਬਾਰੇ ਇੱਕ ਚਿਤਾਵਨੀ ਜਾਰੀ ਕੀਤੀ ਗਈ ਸੀ।
ਸਿਆ ਨੇ ਜੋ ਜਾਣਕਾਰੀ ਪੁਲਿਸ ਨੂੰ ਦਿੱਤੀ ਉਹ ਬਹੁਤ ਹੈਰਾਨੀਜਨਕ ਹੈ। ਉਸਨੇ ਦੱਸਿਆ ਕਿ ਕਾਰ ਚਾਲਕ ਨੇ ਉਸਦਾ ਪਿੱਛਾ ਕੀਤਾ, ਵਾਰ-ਵਾਰ ਉਸਦੇ ਦੋ-ਪਹੀਆ ਵਾਹਨ ਦੇ ਨੇੜੇ ਆਇਆ ਅਤੇ ਉਸਨੂੰ ਰੋਕਣ ਦੀ ਕੋਸ਼ਿਸ਼ ਕਰਦਿਆਂ ਇਸ਼ਾਰੇ ਕੀਤੇ। ਸਿਆ ਨੇ ਕਿਹਾ, ‘‘ਕੱਲ੍ਹ ਮੈਂ ਜੋ ਵੀਡੀਓ ਪੋਸਟ ਕੀਤੀ ਸੀ, ਉਸ ਵਿੱਚ ਤੁਸੀਂ ਇੱਕ ਕਾਰ ਨੂੰ ਮੇਰਾ ਪਿੱਛਾ ਕਰਦੇ ਹੋਏ ਦੇਖ ਸਕਦੇ ਹੋ, ਉਸ ਸਮੇਂ, ਮੈਂ ਸੜਕ ’ਤੇ ਚੱਲ ਰਹੀ ਸੀ ਤੇ ਮੇਰਾ ਪਿੱਛਾ ਕਰ ਰਹੀ ਕਾਰ ਵੱਲ ਮੈਂ ਬਹੁਤਾ ਧਿਆਨ ਨਹੀਂ ਦਿੱਤਾ। ਕਾਰ ਵਾਲਾ ਬਹੁਤ ਨੇੜਿਓਂ ਤੇ ਤੇਜ਼ ਰਫ਼ਤਾਰ ਨਾਲ ਮੇਰੇ ਕੋਲੋਂ ਦੀ ਲੰਘਿਆ। ਮੈਂ ਘਬਰਾ ਗਈ ਅਤੇ ਸੋਚਿਆ ਕਿ ਕਾਰ ਮੇਰੇ ਇੰਨੇ ਨੇੜੇ ਕਿਉਂ ਆਈ ਸੀ। ਪਹਿਲਾਂ ਤਾਂ ਮੈਂ ਇਸਨੂੰ ਨਜ਼ਰਅੰਦਾਜ਼ ਕਰਨ ਦੀ ਕੋਸ਼ਿਸ਼ ਕੀਤੀ,” ਪੀੜਤ ਨੇ ਕਿਹਾ।
ਉਸਨੇ ਅੱਗੇ ਕਿਹਾ, ‘‘ਫਿਰ, ਕਾਰ ਦੀ ਰਫ਼ਤਾਰ ਘੱਟ ਗਈ ਅਤੇ ਉਹ ਮੇਰੇ ਪਿੱਛੇ ਹੋ ਗਈ। ਦੂਜੀ ਘਟਨਾ ਜੋ ਵੀਡੀਓ ਵਿੱਚ ਦਿਖਾਈ ਗਈ ਹੈ ਉਦੋਂ ਵਾਪਰੀ ਜਦੋਂ ਕਾਰ ਮੇਰੇ ਬਰਾਬਰ ਆ ਕੇ ਰੁਕੀ ਅਤੇ ਡਰਾਈਵਰ ਨੇ ਕੁੱਝ ਇਸ਼ਾਰੇ ਕੀਤੇ। ਉਸਨੇ ਕੁੱਝ ਕਿਹਾ ਵੀ, ਮੈਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਉਦੋਂ ਮੈਂ ਡਰ ਗਈ ਸੀ । ਉਸਦੇ ਚਿਹਰੇ ਤੋਂ ਸਾਫ਼ ਪਤਾ ਲੱਗ ਰਿਹਾ ਸੀ ਕਿ ਉਨ੍ਹਾਂ ਨੇ ਸ਼ਰਾਬ ਪੀਤੀ ਹੋਈ ਸੀ। ਉਸਦੇ ਨਾਲ ਇੱਕ ਹੋਰ ਵਿਅਕਤੀ ਸੀ ਜੋ ਇਸ਼ਾਰੇ ਕਰ ਰਿਹਾ ਸੀ, ਅਤੇ ਮੈਨੂੰ ਲੱਗਦਾ ਹੈ ਕਿ ਪਿੱਛੇ ਦੋ ਹੋਰ ਵਿਅਕਤੀ ਸਨ, ਪਰ ਕਾਰ ਦੀਆਂ ਖਿੜਕੀਆਂ ’ਤੇ ਕਾਲੀ ਫਿਲਮ ਲੱਗੀ ਹੋਈ ਸੀ, ਇਸ ਲਈ ਮੈਂ ਸਹੀ ਢੰਗ ਨਾਲ ਨਹੀਂ ਦੇਖ ਸਕੀ ਕਿ ਅੰਦਰ ਕੌਣ ਜਾਂ ਕਿੰਨੇ ਲੋਕ ਸਨ। ਉਹ ਲਗਾਤਾਰ ਇਸ਼ਾਰੇ ਕਰਦੇ ਰਹੇ ਅਤੇ ਬਿਲਕੁਲ ਮੇਰੇ ਨੇੜੇ ਆਉਂਦੇ ਰਹੇ।”
ਸਿਆ ਨੇ ਦੋਸ਼ ਲਾਇਆ ਕਿ ਜਦੋਂ ਉਸਨੇ ਦੂਰੀ ਬਣਾ ਕੇ ਰੱਖਣ ਅਤੇ ਵਾਹਨ ਦੀ ਕਿਸੇ ਵੀ ਲਾਪਰਵਾਹੀ ਵਾਲੀ ਹਰਕਤ ਤੋਂ ਬਚਣ ਦੀ ਕੋਸ਼ਿਸ਼ ਕੀਤੀ, ਤਾਂ ਕਾਰ ਚਾਲਕ ਨੇ ਆਪਣੀ ਲੇਨ ਬਦਲੀ ਅਤੇ ਉਸਦੀ ਬਾਈਕ ਨੂੰ ਟੱਕਰ ਮਾਰ ਦਿੱਤੀ। ਉਸਨੇ ਕਿਹਾ, ‘‘ਇਹ ਸੱਚਮੁੱਚ ਹੈਰਾਨ ਕਰਨ ਵਾਲਾ ਸੀ; ਮੈਂ ਤੀਜੀ ਲੇਨ ਵਿੱਚ ਸ਼ਾਂਤੀ ਨਾਲ ਜਾ ਰਹੀ ਸੀ ਅਤੇ ਟ੍ਰੈਫਿਕ ਕਾਰਨ ਗਤੀ ਘੱਟ ਕੀਤੀ ਹੋਈ ਸੀ, ਜਦੋਂ ਉਸਨੇ ਮੈਨੂੰ ਟੱਕਰ ਮਾਰੀ।
‘‘ਮੈਂ ਡਿੱਗ ਪਈ। ਮੈਂ ਬੁਰੀ ਤਰ੍ਹਾਂ ਘਬਰਾ ਗਈ ਸੀ ਅਤੇ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੇਰੇ ਨਾਲ ਕੀ ਹੋਇਆ ਹੈ। ਜਦੋਂ ਮੇਰੇ ਸਾਥੀ ਰਾਈਡਰ ਨੇ ਉਸਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਹ ਨਹੀਂ ਰੁਕਿਆ; ਇਸ ਦੀ ਬਜਾਏ, ਉਸਨੇ ਲਾਲ ਬੱਤੀ ਦੀ ਉਲੰਘਣਾ ਕੀਤੀ, ਖੱਬੇ ਪਾਸੇ ਮੁੜਿਆ ਅਤੇ ਮੌਕੇ ਤੋਂ ਫਰਾਰ ਹੋ ਗਿਆ।’’ ਸਿਆ ਦੀਆਂ ਇਹਨਾਂ ਗੱਲਾਂ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਦੋਸ਼ੀ ਇਹ ਸਭ ਕੁੱਝ ਜਾਣਬੁੱਝ ਕੇ ਕਰ ਰਿਹਾ ਸੀ। ਹੁਣ ਉਹ ਫੜਿਆ ਜਾ ਚੁਕਾ ਹੈ ਤੇ ਸਿਆ ਨੇ ਮੰਗ ਕੀਤੀ ਹੈ ਕਿ ਉਸਨੂੰ ਸਖਤ ਸਜ਼ਾ ਦਿੱਤੀ ਜਾਵੇ।

